ਮਹਾਰਾਸ਼ਟਰ 'ਚ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਜਾਨਲੇਵਾ ਹਮਲਾ
ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ 2024 ਦੀ ਵੋਟਿੰਗ ਤੋਂ ਪਹਿਲਾਂ ਵੱਡੀ ਖਬਰ ਆਈ ਹੈ। ਇੱਥੇ NCP ਸ਼ਰਦ ਪਾਵਰ ਧੜੇ ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ 'ਤੇ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਨਾਗਪੁਰ ਦੇ ਕਟੋਲ 'ਚ ਦੇਸ਼ਮੁਖ ਦੀ ਕਾਰ 'ਤੇ ਕੁਝ ਲੋਕਾਂ ਨੇ ਪਥਰਾਅ ਕੀਤਾ। ਇਸ ਹਮਲੇ 'ਚ ਅਨਿਲ ਦੇਸ਼ਮੁਖ ਜ਼ਖਮੀ ਹੋ ਗਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪੁਲਿਸ ਅਨੁਸਾਰ ਫਿਲਹਾਲ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਕਾਰ ਨੁਕਸਾਨੀ ਗਈ ਹੈ, ਫਿਲਹਾਲ ਦੇਸ਼ਮੁਖ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਨਿਲ ਦੇਸ਼ਮੁਖ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਉਹ ਸਿਰ 'ਤੇ ਰੁਮਾਲ ਬੰਨ੍ਹ ਕੇ ਖੂਨ ਨਾਲ ਲੱਥਪੱਥ ਕਾਰ 'ਚ ਬੈਠਾ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਕਾਰ ਦੇ ਬੋਨਟ 'ਤੇ ਇਕ ਵੱਡਾ ਪੱਥਰ ਵੀ ਪਿਆ ਦੇਖਿਆ ਗਿਆ।
ਸੜਕ ਦੇ ਵਿਚਕਾਰ ਰਸਤਾ ਰੋਕ ਦਿੱਤਾ
ਐਨਸੀਪੀ ਸ਼ਰਦ ਪਵਾਰ ਦੇ ਵਰਕਰਾਂ ਨੇ ਦੱਸਿਆ ਕਿ ਸਾਬਕਾ ਮੰਤਰੀ ਦੀ ਕਾਰ ਨਾਗਪੁਰ ਦੇ ਕਟੋਲ ਤੋਂ ਲੰਘ ਰਹੀ ਸੀ ਕਿ ਅਚਾਨਕ ਕੁਝ ਅਣਪਛਾਤੇ ਬਦਮਾਸ਼ਾਂ ਦੀ ਭੀੜ ਸੜਕ ਦੇ ਵਿਚਕਾਰ ਆ ਗਈ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ। ਗੁੱਸੇ 'ਚ ਆਈ ਭੀੜ ਨੇ ਦੇਸ਼ਮੁਖ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਕਾਰ 'ਤੇ ਪਥਰਾਅ ਕੀਤਾ। ਇਸ ਤੋਂ ਪਹਿਲਾਂ ਕਿ ਕਾਰ ਚਾਲਕ ਕੁਝ ਸਮਝਦਾ, ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ।