Amritsar ਦੇ ਲਾਰਸ ਰੋਡ ’ਤੇ ਦਿਨ ਦਿਹਾੜੇ ਲੁੱਟ, ਇਲਾਕੇ ’ਚ ਦਹਿਸ਼ਤ ਦਾ ਮਾਹੌਲ, ਪਿਸਤੌਲ ਕੱਢ ਕੇ ਲੋਕਾਂ ਨੂੰ ਧਮਕਾਇਆ
ਅੰਮ੍ਰਿਤਸਰ ਦੇ ਲਾਰਸ ਰੋਡ ਇਲਾਕੇ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
ਅੰਮ੍ਰਿਤਸਰ : ਅੰਮ੍ਰਿਤਸਰ ਦੇ ਲਾਰਸ ਰੋਡ ਇਲਾਕੇ ਵਿੱਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਭੀੜਭਾੜ ਵਾਲੇ ਇਲਾਕੇ ਵਿੱਚ ਦੋ ਬਾਈਕ ਸਵਾਰ ਲੁਟੇਰਿਆਂ ਵੱਲੋਂ ਇੱਕ ਔਰਤ ਤੋਂ ਪਰਸ ਲੁੱਟ ਕੇ ਫ਼ਰਾਰ ਹੋ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਹ ਸਾਰੀ ਵਾਰਦਾਤ ਕੁਝ ਮਿੰਟਾਂ ਵਿੱਚ ਹੀ ਵਾਪਰੀ, ਜਿਸ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਜਾਣਕਾਰੀ ਮੁਤਾਬਕ, ਪੀੜਤ ਔਰਤ ਆਪਣੇ ਬੱਚੇ ਦੇ ਨਾਲ ਖਾਣ-ਪੀਣ ਲਈ ਇੱਕ ਸਵੀਟ ਸ਼ਾਪ ਵੱਲ ਜਾ ਰਹੀ ਸੀ। ਇਸ ਦੌਰਾਨ ਪਿੱਛੋਂ ਆਈ ਦੋ ਬਾਈਕ ਸਵਾਰ ਲੁਟੇਰਿਆਂ ਨੇ ਅਚਾਨਕ ਝਟਕਾ ਮਾਰ ਕੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਸੰਤੁਲਨ ਖੋ ਬੈਠਣ ਕਾਰਨ ਔਰਤ ਜ਼ਮੀਨ ’ਤੇ ਡਿੱਗ ਪਈ। ਲੁਟੇਰੇ ਪਰਸ ਲੈ ਕੇ ਭੱਜਣ ਲੱਗੇ ਤਾਂ ਮੌਕੇ ’ਤੇ ਮੌਜੂਦ ਕੁਝ ਰਾਹਗੀਰਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ।
ਪਰ ਜਦੋਂ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਲੋਕਾਂ ਨੂੰ ਧਮਕਾਇਆ। ਹਥਿਆਰ ਦੇਖ ਕੇ ਸਾਰੇ ਲੋਕ ਪਿੱਛੇ ਹਟ ਗਏ ਅਤੇ ਲੁਟੇਰੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੀ ਬਾਈਕ ਲਾਲ ਰੰਗ ਦੀ ਸੀ, ਪਰ ਨੰਬਰ ਨੋਟ ਨਹੀਂ ਕੀਤਾ ਜਾ ਸਕਿਆ।
ਪੀੜਤ ਪਰਿਵਾਰ ਦਿੱਲੀ ਤੋਂ ਅੰਮ੍ਰਿਤਸਰ ਆਇਆ ਹੋਇਆ ਸੀ ਅਤੇ ਪਰਸ ਵਿੱਚ ਨਕਦੀ, ਜ਼ਰੂਰੀ ਦਸਤਾਵੇਜ਼ ਅਤੇ ਮੋਬਾਈਲ ਫ਼ੋਨ ਮੌਜੂਦ ਸਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਲੋਕਾਂ ਨੇ ਸ਼ਹਿਰ ਦੀ ਸੁਰੱਖਿਆ ’ਤੇ ਨਾਰਾਜ਼ਗੀ ਜਤਾਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੋਬਾਈਲ ਫ਼ੋਨ ਦੀ ਲੋਕੇਸ਼ਨ ਟ੍ਰੈਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।