ਨੌਕਰ ਬਣ ਕੇ ਸਾਈਬਰ ਅਪਰਾਧੀ ਨੇ ਕੰਪਨੀ ਕੀਤੀ ਹੈਕ, ਮੰਗੀ ਫਿਰੌਤੀ
ਉੱਤਰੀ ਕੋਰੀਆ : ਕੰਪਨੀ ਨੇ ਗਲਤੀ ਨਾਲ ਉੱਤਰੀ ਕੋਰੀਆ ਦੇ ਇੱਕ ਸਾਈਬਰ ਅਪਰਾਧੀ ਨੂੰ ਨੌਕਰੀ 'ਤੇ ਰੱਖਿਆ ਸੀ। ਨਤੀਜਾ ਇਹ ਹੋਇਆ ਕਿ ਉਹ ਕੰਪਨੀ ਹੀ ਹੈਕ ਹੋ ਗਈ। ਇਕ ਰਿਪੋਰਟ ਮੁਤਾਬਕ ਅਧਿਕਾਰੀ ਅਤੇ ਸਾਈਬਰ ਸੁਰੱਖਿਆ ਮਾਹਿਰ ਸਾਲ 2022 ਤੋਂ ਉੱਤਰੀ ਕੋਰੀਆ ਦੇ ਸੀਕ੍ਰੇਟ ਸਟਾਫ 'ਚ ਵਾਧੇ ਨੂੰ ਲੈ ਕੇ ਚਿਤਾਵਨੀ ਜਾਰੀ ਕਰ ਰਹੇ ਹਨ।
ਰਿਪੋਰਟ ਅਨੁਸਾਰ, ਕੰਪਨੀ ਨੂੰ ਗਲਤੀ ਨਾਲ ਉੱਤਰੀ ਕੋਰੀਆ ਦੇ ਇੱਕ ਸਾਈਬਰ ਅਪਰਾਧੀ ਨੂੰ ਰਿਮੋਟ ਆਈਟੀ ਵਰਕਰ ਵਜੋਂ ਨਿਯੁਕਤ ਕਰਨ ਤੋਂ ਬਾਅਦ ਹੈਕ ਕੀਤਾ ਗਿਆ ਸੀ। ਫਿਲਹਾਲ ਕੰਪਨੀ ਦਾ ਨਾਂ ਜਨਤਕ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਝੂਠੀ ਸੂਚਨਾ ਦੇ ਕੇ ਨੌਕਰੀ ਹਾਸਲ ਕੀਤੀ ਸੀ। ਕੰਪਨੀ ਦੇ ਕੰਪਿਊਟਰ ਨੈਟਵਰਕ ਤੱਕ ਪਹੁੰਚ ਪ੍ਰਾਪਤ ਕਰਨ ਤੋਂ ਬਾਅਦ, ਹੈਕਰ ਨੇ ਸੰਵੇਦਨਸ਼ੀਲ ਡੇਟਾ ਡਾਊਨਲੋਡ ਕੀਤਾ ਅਤੇ ਫਿਰੌਤੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਹੁਣ ਜਾਗਰੂਕਤਾ ਵਧਾਉਣ ਲਈ ਕੰਪਨੀ ਨੇ ਸਾਈਬਰ ਸੁਰੱਖਿਆ ਕੰਪਨੀ ਸਿਕਿਓਰਵਰਕਸ ਨੂੰ ਇਸ ਹੈਕ ਦੀ ਰਿਪੋਰਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਕਿਓਰਵਰਕਸ ਨੇ ਕਿਹਾ ਕਿ ਆਈਟੀ ਕਰਮਚਾਰੀ ਨੂੰ ਗਰਮੀਆਂ ਵਿੱਚ ਇੱਕ ਠੇਕੇਦਾਰ ਦੇ ਤੌਰ 'ਤੇ ਰੱਖਿਆ ਗਿਆ ਸੀ। ਉਸਨੇ ਕੰਪਨੀ ਦੇ ਰਿਮੋਟ ਵਰਕਿੰਗ ਟੂਲ ਦੀ ਵਰਤੋਂ ਕੀਤੀ ਅਤੇ ਕਾਰਪੋਰੇਟ ਨੈਟਵਰਕ ਵਿੱਚ ਲੌਗਇਨ ਕੀਤਾ।
ਇਸ ਤੋਂ ਬਾਅਦ ਉਸ ਨੇ ਗੁਪਤ ਤਰੀਕੇ ਨਾਲ ਕੰਪਨੀ ਤੋਂ ਵੱਧ ਤੋਂ ਵੱਧ ਡਾਟਾ ਡਾਊਨਲੋਡ ਕਰ ਲਿਆ। ਖਾਸ ਗੱਲ ਇਹ ਹੈ ਕਿ ਉਸ ਨੇ ਕੰਪਨੀ 'ਚ ਚਾਰ ਮਹੀਨੇ ਕੰਮ ਕੀਤਾ ਅਤੇ ਤਨਖਾਹ ਵੀ ਲਈ। ਰਿਪੋਰਟ ਮੁਤਾਬਕ ਜਦੋਂ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਕੱਢਿਆ ਤਾਂ ਫਿਰੌਤੀ ਦੀ ਈ-ਮੇਲ ਆਈ। ਇਸ ਈ-ਮੇਲ ਵਿੱਚ ਕੁਝ ਚੋਰੀ ਕੀਤਾ ਡੇਟਾ ਵੀ ਸ਼ਾਮਲ ਸੀ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੰਪਨੀ ਨੇ ਹੈਕਰ ਨੂੰ ਫਿਰੌਤੀ ਦੀ ਰਕਮ ਅਦਾ ਕੀਤੀ ਹੈ ਜਾਂ ਨਹੀਂ।
ਰਿਪੋਰਟ ਮੁਤਾਬਕ ਸਤੰਬਰ 'ਚ ਸਾਈਬਰ ਸੁਰੱਖਿਆ ਕੰਪਨੀ ਮੈਂਡਿਅੰਟ ਨੇ ਕਿਹਾ ਕਿ ਫਾਰਚੂਨ 100 ਦੀਆਂ ਦਰਜਨਾਂ ਕੰਪਨੀਆਂ ਨੇ ਗਲਤੀ ਨਾਲ ਉੱਤਰੀ ਕੋਰੀਆ ਦੇ ਲੋਕਾਂ ਨੂੰ ਨੌਕਰੀ 'ਤੇ ਰੱਖ ਲਿਆ ਸੀ। ਅਜਿਹਾ ਹੀ ਇੱਕ ਮਾਮਲਾ ਜੁਲਾਈ ਵਿੱਚ ਵੀ ਸਾਹਮਣੇ ਆਇਆ ਸੀ, ਜਿੱਥੇ ਉੱਤਰੀ ਕੋਰੀਆ ਦਾ ਇੱਕ ਕਰਮਚਾਰੀ ਹੈਕ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਸੀ।