ਟੋਰਾਂਟੋ 'ਚ ਗੁਰੂ ਘਰ ਵਿਖੇ 40 ਮੁਕਤਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਸਮਾਗਮ ਦੀ ਸਮਾਪਤੀ 'ਤੇ ਸੰਗਤਾਂ ਨੇ ਭਰੀ ਹਾਜ਼ਰੀ
ਲੋਹੜੇ ਦੀ ਠੰਡ ਹੋਣ ਦੇ ਬਾਵਜੂਦ ਵੀ ਹੁੰਮ-ਹੁੰਮਾ ਕੇ ਪੁੱਜੀਆਂ ਸੰਗਤਾਂ,ਕੈਨੇਡਾ ਦੇ ਜੰਮਪਲ ਬੱਚਿਆਂ ਨੇ ਵੀ ਵੱਡੀ ਗਿਣਤੀ 'ਚ ਕੀਤੀ ਸ਼ਮੂਲੀਅਤ
ਟੋਰਾਂਟੋ ਸਥਿਤ ਸਿੱਖ ਸਪਿਰਚੂਅਲ ਸੈਂਟਰ ਵਿੱਚ 40 ਮੁਕਤਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਨਾਮ ਸਿਮਰਨ ਸਮਾਗਮ 22 ਫਰਵਰੀ ਐਤਵਾਰ ਨੂੰ ਆਤਮਿਕ ਮਾਹੌਲ ਵਿੱਚ ਸੰਪੰਨ ਹੋਏ। ਇਹ ਧਾਰਮਿਕ ਲੜੀ 14 ਜਨਵਰੀ ਤੋਂ ਸ਼ੁਰੂ ਹੋਈ ਸੀ, ਜਿਸ ਦੌਰਾਨ ਹਰ ਰੋਜ਼ ਸ਼ਾਮ 7 ਤੋਂ 8 ਵਜੇ ਤੱਕ ਸੰਗਤ ਇਕੱਠੀ ਹੋ ਕੇ ਵਾਹਿਗੁਰੂ ਨਾਮ ਦਾ ਸਿਮਰਨ ਕਰਦੀ ਰਹੀ ਅਤੇ ਅੰਮ੍ਰਿਤ ਵੇਲੇ ਸਵੇਰੇ 5 ਤੋਂ 6:15 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਰਹੇ। ਇਹ ਪਵਿੱਤਰ ਸਮਾਗਮ ਉਨ੍ਹਾਂ 40 ਬਹਾਦਰ ਸੂਰਮਿਆਂ ਦੀ ਯਾਦ ਵਿੱਚ ਕਰਵਾਏ ਗਏ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿੱਚ ਅਟੱਲ ਮਾਣ ਹਾਸਲ ਕੀਤਾ। ਸਮਾਗਮਾਂ ਦੌਰਾਨ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਸਮੇਤ ਹਰ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ, ਜਿਸ ਨਾਲ ਧਾਰਮਿਕ ਜੋਸ਼ ਅਤੇ ਇਕਤਾ ਦਾ ਸੁੰਦਰ ਦਰਸ਼ਨ ਹੋਇਆ। ਕਈ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪਹੁੰਚੇ ਤਾਂ ਜੋ ਨਵੀਂ ਪੀੜ੍ਹੀ ਨੂੰ ਸਿੱਖ ਵਿਰਾਸਤ, ਸ਼ਹਾਦਤ ਦੀ ਮਹੱਤਤਾ ਅਤੇ ਨਾਮ ਸਿਮਰਨ ਦੀ ਆਤਮਿਕ ਤਾਕਤ ਬਾਰੇ ਜਾਣਕਾਰੀ ਮਿਲ ਸਕੇ। ਇਸ ਮੌਕੇ ਤੇ ਭਾਈ ਪਰਮਿੰਦਰ ਸਿੰਘ ਨੇ ਹਮਦਰਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਨਾ, ਗੁਰਬਾਣੀ ਨਾਲ ਰੋਜ਼ਾਨਾ ਦਾ ਨਾਤਾ ਮਜ਼ਬੂਤ ਕਰਨਾ ਅਤੇ ਸਮਾਜ ਵਿੱਚ ਆਤਮਿਕਤਾ ਦੀ ਭਾਵਨਾ ਨੂੰ ਹੋਰ ਪ੍ਰਫੁੱਲਤ ਕਰਨਾ ਹੈ।