ਕਾਂਗਰਸੀ ਆਗੂ ਦਾ ਦਿਨ-ਦਿਹਾੜੇ ਕਤਲ, ਘਰ 'ਚ ਵੜ ਕੇ ਗੋਲੀ ਮਾਰ ਦਿੱਤੀ
ਉਜੈਨ : ਮੱਧ ਪ੍ਰਦੇਸ਼ ਦੇ ਉਜੈਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਾਬਕਾ ਕਾਂਗਰਸੀ ਆਗੂ ਹਾਜੀ ਗੁੱਡੂ ਕਲੀਮ ਦੀ ਸਵੇਰੇ 5 ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪੁੱਤਰਾਂ 'ਤੇ ਕਤਲ ਦਾ ਦੋਸ਼ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਮ੍ਰਿਤਕ ਆਗੂ ਦੇ ਪਰਿਵਾਰਕ ਮੈਂਬਰਾਂ ਨੇ ਗੁੱਡੂ ਦੀ ਪਤਨੀ ਅਤੇ ਪੁੱਤਰਾਂ 'ਤੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਕਤਲ ਦਾ ਮੁੱਖ ਕਾਰਨ ਜਾਇਦਾਦ ਵਿਵਾਦ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਗੁੱਡੂ ਦੀ ਪਤਨੀ ਅਤੇ ਦੋ ਪੁੱਤਰਾਂ ਨੂੰ ਹਿਰਾਸਤ 'ਚ ਲੈ ਲਿਆ।
ਦੱਸ ਦੇਈਏ ਕਿ ਗੁੱਡੂ 'ਤੇ 4 ਅਕਤੂਬਰ ਨੂੰ ਸਵੇਰ ਦੀ ਸੈਰ ਦੌਰਾਨ ਜਾਨਲੇਵਾ ਹਮਲਾ ਵੀ ਹੋਇਆ ਸੀ। ਇਸ ਦੌਰਾਨ ਬਦਮਾਸ਼ਾਂ ਨੇ ਤਿੰਨ ਵਾਰ ਫਾਇਰਿੰਗ ਵੀ ਕੀਤੀ। ਹਾਲਾਂਕਿ ਉਸ ਨੇ ਜਾਨ ਬਚਾਉਣ ਲਈ ਨਾਲੇ ਵਿੱਚ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਉਹ ਇੰਨਾ ਡਰ ਗਿਆ ਕਿ ਘਰ ਤੋਂ ਬਾਹਰ ਵੀ ਨਹੀਂ ਨਿਕਲਿਆ। ਉਸ ਨੇ ਇਸ ਸਬੰਧੀ 7 ਅਕਤੂਬਰ ਨੂੰ ਥਾਣਾ ਸਦਰ ਵਿਖੇ ਕੇਸ ਦਰਜ ਕਰਵਾਇਆ ਸੀ।