ਦੋ ਮੌਸਮੀ ਪ੍ਰਣਾਲੀਆਂ ਦਾ ਟਕਰਾਅ: ਭਾਰੀ ਮੀਂਹ ਦਾ ਰੈੱਡ ਅਲਰਟ
ਪੱਛਮੀ ਗੜਬੜੀ ਆਮ ਤੌਰ 'ਤੇ ਸਰਦੀਆਂ ਵਿੱਚ ਸਰਗਰਮ ਹੁੰਦੀ ਹੈ, ਪਰ ਇਸ ਦਾ ਮੌਨਸੂਨ ਪ੍ਰਣਾਲੀ ਨਾਲ ਟਕਰਾਅ ਇੱਕ ਗੰਭੀਰ ਸਥਿਤੀ ਪੈਦਾ ਕਰ ਰਿਹਾ ਹੈ।
ਨਵੀਂ ਦਿੱਲੀ: ਉੱਤਰੀ ਭਾਰਤ ਵਿੱਚ ਪਹਿਲਾਂ ਹੀ ਹੜ੍ਹਾਂ ਦਾ ਕਹਿਰ ਜਾਰੀ ਹੈ, ਅਤੇ ਹੁਣ ਭਾਰਤੀ ਮੌਸਮ ਵਿਭਾਗ (IMD) ਨੇ ਇੱਕ ਹੋਰ ਗੰਭੀਰ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਮੌਨਸੂਨ ਟੱਰਫ਼ ਅਤੇ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਦੇ ਟਕਰਾਉਣ ਨਾਲ ਪਹਾੜੀ ਰਾਜਾਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋ ਸਕਦਾ ਹੈ।
ਪਹਾੜੀ ਖੇਤਰਾਂ ਲਈ ਗੰਭੀਰ ਚੇਤਾਵਨੀ
ਮੌਸਮ ਵਿਭਾਗ ਦੇ ਡਾਇਰੈਕਟਰ ਮੌਤੂੰਜੈ ਮਹਾਪਾਤਰਾ ਨੇ ਦੱਸਿਆ ਕਿ 1 ਸਤੰਬਰ ਤੋਂ ਉੱਤਰਾਖੰਡ ਅਤੇ 2 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨ ਪਹਾੜੀ ਇਲਾਕਿਆਂ ਲਈ ਬਹੁਤ ਮਹੱਤਵਪੂਰਨ ਹਨ। ਪੱਛਮੀ ਗੜਬੜੀ ਆਮ ਤੌਰ 'ਤੇ ਸਰਦੀਆਂ ਵਿੱਚ ਸਰਗਰਮ ਹੁੰਦੀ ਹੈ, ਪਰ ਇਸ ਦਾ ਮੌਨਸੂਨ ਪ੍ਰਣਾਲੀ ਨਾਲ ਟਕਰਾਅ ਇੱਕ ਗੰਭੀਰ ਸਥਿਤੀ ਪੈਦਾ ਕਰ ਰਿਹਾ ਹੈ।
ਮਹਾਪਾਤਰਾ ਅਨੁਸਾਰ, ਅਗਸਤ ਮਹੀਨੇ ਵਿੱਚ ਇਨ੍ਹਾਂ ਰਾਜਾਂ ਵਿੱਚ ਹੋਈ ਭਾਰੀ ਬਾਰਿਸ਼ ਦਾ ਕਾਰਨ ਵੀ ਇਹੀ ਸੀ, ਜਿਸ ਕਾਰਨ ਉੱਤਰਾਖੰਡ ਦੇ ਧਾਰਲੀ, ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਅਤੇ ਹਿਮਾਚਲ ਦੇ ਮੰਡੀ ਵਿੱਚ ਤਬਾਹੀ ਹੋਈ ਸੀ।
ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ
ਦੇਹਰਾਦੂਨ ਦੇ ਸੀਨੀਅਰ ਮੌਸਮ ਵਿਗਿਆਨੀ ਰੋਹਿਤ ਥਪਲਿਆਲ ਨੇ ਦੱਸਿਆ ਕਿ ਦੋਵਾਂ ਮੌਸਮੀ ਪ੍ਰਣਾਲੀਆਂ ਦੇ ਟਕਰਾਅ ਕਾਰਨ ਅਗਲੇ 48 ਘੰਟੇ ਉੱਤਰਾਖੰਡ ਲਈ ਬਹੁਤ ਸੰਵੇਦਨਸ਼ੀਲ ਹਨ। ਇਸ ਕਾਰਨ ਦੇਹਰਾਦੂਨ ਸਮੇਤ ਟਿਹਰੀ, ਪੌੜੀ, ਹਰਿਦੁਆਰ, ਚੰਪਾਵਤ, ਨੈਨੀਤਾਲ, ਬਾਗੇਸ਼ਵਰ ਅਤੇ ਊਧਮ ਸਿੰਘ ਨਗਰ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਸਮੇਂ, ਮਾਨਸੂਨ ਟੱਰਫ਼ ਆਪਣੀ ਆਮ ਗਤੀ 'ਤੇ ਹੈ, ਜਦੋਂ ਕਿ ਪੱਛਮੀ ਗੜਬੜੀ ਉੱਤਰੀ ਪਾਕਿਸਤਾਨ ਅਤੇ ਪੰਜਾਬ ਉੱਤੇ ਮੌਜੂਦ ਹੈ। ਇਸ ਨਾਲ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਹਿਮਾਲਿਆ ਵੱਲ ਵੱਧ ਰਹੀ ਹੈ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਸਤੰਬਰ ਵਿੱਚ ਵੀ ਮੀਂਹ ਜਾਰੀ ਰਹਿਣ ਦੀ ਉਮੀਦ ਹੈ।