ਭਾਰਤ ਵਿੱਚ ਸੰਘਣੀ ਧੁੰਦ ਤੇ ਸਮੌਗ ਦਾ ਕਹਿਰ, ਵਿਜ਼ੀਬਿਲਟੀ ਲਗਭਗ ਜ਼ੀਰੋ
ਭਾਰਤ ਵਿੱਚ ਇਨ੍ਹਾਂ ਦਿਨੀਂ ਘਣੀ ਧੁੰਦ ਅਤੇ ਪ੍ਰਦੂਸ਼ਣ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਇਸ ਸਬੰਧੀ ਸ਼ਹਿਰ ਵਾਸੀ ਇੰਜੀਨੀਅਰ ਪਵਨ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਮੌਸਮ ਵਿਭਾਗ (ਆਈਐਮਡੀ) ਵੱਲੋਂ ਪੂਰੇ ਉੱਤਰ ਭਾਰਤ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।
ਚੰਡੀਗੜ੍ਹ : ਭਾਰਤ ਵਿੱਚ ਇਨ੍ਹਾਂ ਦਿਨੀਂ ਘਣੀ ਧੁੰਦ ਅਤੇ ਪ੍ਰਦੂਸ਼ਣ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਇਸ ਸਬੰਧੀ ਸ਼ਹਿਰ ਵਾਸੀ ਇੰਜੀਨੀਅਰ ਪਵਨ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤੀ ਮੌਸਮ ਵਿਭਾਗ (ਆਈਐਮਡੀ) ਵੱਲੋਂ ਪੂਰੇ ਉੱਤਰ ਭਾਰਤ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਠੰਢ ਦੇ ਨਾਲ-ਨਾਲ ਵਧਦੇ ਪ੍ਰਦੂਸ਼ਣ ਕਾਰਨ ਸਮੌਗ ਦੀ ਮੋਟੀ ਪਰਤ ਛਾ ਗਈ ਹੈ, ਜਿਸ ਨਾਲ ਵਿਜ਼ੀਬਿਲਟੀ ਲਗਭਗ ਸ਼ੂਨ੍ਹ ਹੋ ਚੁੱਕੀ ਹੈ। ਇਸ ਦਾ ਸਿੱਧਾ ਅਸਰ ਨੈਸ਼ਨਲ ਹਾਈਵੇਜ਼, ਸਟੇਟ ਹਾਈਵੇਜ਼ ਅਤੇ ਸ਼ਹਿਰੀ ਸੜਕਾਂ ‘ਤੇ ਪੈ ਰਿਹਾ ਹੈ, ਜਿੱਥੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੰਜੀਨੀਅਰ ਪਵਨ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਸੰਸਦ ਵਿੱਚ ਇਹ ਮੁੱਦਾ ਉਠਾ ਚੁੱਕੇ ਹਨ ਕਿ ਸਰਦੀਆਂ ਦੌਰਾਨ ਸੜਕੀ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਜਾਂਦੀ ਹੈ। ਭਾਰਤ ਕੋਲ ਲਗਭਗ 6.4 ਮਿਲੀਅਨ ਕਿਲੋਮੀਟਰ ਦਾ ਵਿਸ਼ਾਲ ਰੋਡ ਨੈਟਵਰਕ ਹੈ ਅਤੇ ਅਮਰੀਕਾ ਤੋਂ ਬਾਅਦ ਇਹ ਦੂਜਾ ਸਭ ਤੋਂ ਵੱਡਾ ਰੋਡ ਨੈਟਵਰਕ ਰੱਖਣ ਵਾਲਾ ਦੇਸ਼ ਹੈ। ਅਜਿਹੇ ਵਿੱਚ ਜਦੋਂ ਘਣੀ ਧੁੰਦ ਅਤੇ ਸਮੌਗ ਛਾ ਜਾਂਦਾ ਹੈ, ਤਾਂ ਸੜਕੀ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਹਰ ਰੋਜ਼ ਔਸਤਨ ਸੈਂਕੜੇ ਮੌਤਾਂ ਸੜਕੀ ਹਾਦਸਿਆਂ ਕਾਰਨ ਹੋ ਰਹੀਆਂ ਹਨ।
ਆਈਐਮਡੀ ਅਨੁਸਾਰ ਇਹ ਸਥਿਤੀ ਘੱਟੋ-ਘੱਟ 21 ਦਸੰਬਰ ਤੱਕ ਬਣੀ ਰਹਿ ਸਕਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਘਰੋਂ ਨਿਕਲਣ ਤੋਂ ਪਹਿਲਾਂ ਵਾਹਨ ਦੀ ਪੂਰੀ ਜਾਂਚ ਕਰ ਲੈਣ। ਲੋ ਬੀਮ ਲਾਈਟ, ਵਾਈਪਰ, ਬ੍ਰੇਕ, ਇੰਡੀਕੇਟਰ ਅਤੇ ਗੱਡੀ ਦੀ ਸਾਫ਼-ਸਫ਼ਾਈ ‘ਤੇ ਖਾਸ ਧਿਆਨ ਦਿੱਤਾ ਜਾਵੇ। ਜੇ ਲੋੜ ਨਾ ਹੋਵੇ ਤਾਂ ਯਾਤਰਾ ਤੋਂ ਬਚਿਆ ਜਾਵੇ ਅਤੇ ਜੇ ਨਿਕਲਣਾ ਜ਼ਰੂਰੀ ਹੋਵੇ ਤਾਂ ਗਤੀ ਕੰਟਰੋਲ ਵਿੱਚ ਰੱਖੀ ਜਾਵੇ ਅਤੇ ਸੁਰੱਖਿਅਤ ਦੂਰੀ ਬਣਾਈ ਰੱਖੀ ਜਾਵੇ।
ਇੰਜੀਨੀਅਰ ਪਵਨ ਸ਼ਰਮਾ ਨੇ ਇਹ ਵੀ ਕਿਹਾ ਕਿ ਸਿਰਫ਼ ਆਮ ਨਾਗਰਿਕਾਂ ਦੀ ਹੀ ਨਹੀਂ, ਸਗੋਂ ਸੰਬੰਧਤ ਵਿਭਾਗਾਂ ਅਤੇ ਸੰਸਥਾਵਾਂ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਸਟ੍ਰੀਟ ਲਾਈਟਾਂ ਠੀਕ ਤਰ੍ਹਾਂ ਚਾਲੂ ਰਹਿਣ, ਸੜਕਾਂ ‘ਤੇ ਰਿਫਲੈਕਟਰ ਅਤੇ ਸਪਸ਼ਟ ਮਾਰਕਿੰਗ ਹੋਵੇ, ਸਾਈਨ ਬੋਰਡ ਅਤੇ ਰੇਡੀਅਮ ਸਮੱਗਰੀ ਦਾ ਸਹੀ ਇਸਤੇਮਾਲ ਕੀਤਾ ਜਾਵੇ। ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ, ਪੀਡਬਲਯੂਡੀ ਅਤੇ ਹੋਰ ਇਨਫ੍ਰਾਸਟਰਕਚਰ ਵਿਭਾਗਾਂ ਨੂੰ ਇਸ ਸਮੇਂ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।
ਇਸ ਮੌਕੇ ਜੋਗਿੰਦਰ ਪਾਲ ਢੀੰਗਰਾ ਨੇ ਦੱਸਿਆ ਕਿ ਸਵੇਰ ਦੀ ਧੁੰਦ ਦੇ ਬਾਵਜੂਦ ਕਈ ਲੋਕ ਕੰਪਨੀ ਬਾਗ ਵਿੱਚ ਮੋਰਨਿੰਗ ਵਾਕ ਅਤੇ ਐਕਸਰਸਾਈਜ਼ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਇਹ ਮੌਸਮ ਠੀਕ ਹੈ, ਪਰ ਦਿਲ ਜਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਾਲ ਜੂਝ ਰਹੇ ਸੀਨੀਅਰ ਸਿਟੀਜ਼ਨ ਡਾਕਟਰ ਦੀ ਸਲਾਹ ਜ਼ਰੂਰ ਮੰਨਣ। ਨਾਲ ਹੀ ਉਨ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਲਈ ਧੁੰਦ ਵਿੱਚ ਵਾਹਨ ਬਹੁਤ ਹੌਲੀ ਗਤੀ ਨਾਲ ਅਤੇ ਪੂਰੀ ਜ਼ਿੰਮੇਵਾਰੀ ਨਾਲ ਚਲਾਏ ਜਾਣ, ਤਾਂ ਜੋ ਕਿਸੇ ਵੀ ਅਣਹੋਣੀ ਤੋਂ ਬਚਿਆ ਜਾ ਸਕੇ।