ਡੀਆਈਜੀ ਹਰਚਰਨ ਭੁੱਲਰ ਦੇ ਘਰ ਉੱਤੇ ਸੀਬੀਆਈ ਦੀ ਰੇਡ ਹੋਈ ਖ਼ਤਮ, ਕਰੋੜਾਂ ਦੀ ਨਕਦੀ ਤੇ ਕਿੱਲੋਆਂ ਚੋਂ ਸੋਨਾ ਕੀਤਾ ਜ਼ਬਤ

ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ, ਕੇਂਦਰੀ ਜਾਂਚ ਬਿਊਰੋ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇੱਕ ਵਿਚੋਲੇ ਕ੍ਰਿਸ਼ਨੂੰ ਨੂੰ ਵੀ ਫੜਿਆ ਗਿਆ ਹੈ।

Update: 2025-10-17 06:49 GMT

ਚੰਡੀਗੜ੍ਹ/ਮੋਹਾਲੀ ( ਗੁਰਪਿਆਰ ਸਿੰਘ) : ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਵੱਡੀ ਕਾਰਵਾਈ ਕਰਦਿਆਂ, ਕੇਂਦਰੀ ਜਾਂਚ ਬਿਊਰੋ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇੱਕ ਵਿਚੋਲੇ ਕ੍ਰਿਸ਼ਨੂੰ ਨੂੰ ਵੀ ਫੜਿਆ ਗਿਆ ਹੈ। ਵੀਰਵਾਰ ਨੂੰ ਦਿਨ ਭਰ ਚੱਲੀ ਇਸ ਕਾਰਵਾਈ ਤੋਂ ਬਾਅਦ ਅੱਜ, ਸ਼ੁੱਕਰਵਾਰ ਨੂੰ ਡੀਆਈਜੀ ਭੁੱਲਰ ਅਤੇ ਵਿਚੋਲੇ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਏਜੰਸੀ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ।



ਇਸਦੇ ਨਾਲ ਹੀ ਰਿਸ਼ਵਤਖੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਈ ਹੈ। ਸੀਬੀਆਈ ਵੱਲੋਂ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ਉੱਤੇ ਵੀਰਵਾਰ ਨੂੰ ਸ਼ੁਰੂ ਕੀਤੀ ਗਈ ਛਾਪੇਮਾਰੀ ਅੱਜ ਖ਼ਤਮ ਹੋ ਗਈ ਹੈ। ਦਿਨ-ਰਾਤ ਚੱਲੀ ਇਸ ਕਾਰਵਾਈ ਤੋਂ ਬਾਅਦ, ਗ੍ਰਿਫ਼ਤਾਰ ਡੀਆਈਜੀ ਭੁੱਲਰ ਅਤੇ ਇੱਕ ਵਿਚੋਲੇ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਏਜੰਸੀ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ।


ਸੀਬੀਆਈ ਨੇ ਕਿਵੇਂ ਵਿਛਾਇਆ ਸੀ ਜਾਲ?


ਸੀਬੀਆਈ ਨੇ ਇਹ ਕਾਰਵਾਈ ਫਤਿਹਗੜ੍ਹ ਸਾਹਿਬ ਦੇ ਇੱਕ ਸਕਰੈਪ ਡੀਲਰ ਦੀ ਸ਼ਿਕਾਇਤ ਉੱਤੇ ਕੀਤੀ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਡੀਆਈਜੀ ਭੁੱਲਰ ਪੁਰਾਣੇ ਮਾਮਲੇ ਵਿੱਚ ਰਾਹਤ ਦੇਣ ਲਈ 8 ਲੱਖ ਰੁਪਏ ਦੀ ਰਿਸ਼ਵਤ ਅਤੇ ਮਹੀਨੇ ਦੀ ਬੰਨ੍ਹੀ ਮੰਗ ਰਹੇ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਅਤੇ ਵੀਰਵਾਰ ਨੂੰ ਪਹਿਲਾਂ ਵਿਚੋਲੇ ਨੂੰ ਰਿਸ਼ਵਤ ਲੈਂਦਿਆਂ ਫੜਿਆ ਅਤੇ ਫਿਰ ਡੀਆਈਜੀ ਭੁੱਲਰ ਨੂੰ ਉਨ੍ਹਾਂ ਦੇ ਮੋਹਾਲੀ ਸਥਿਤ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ।


ਛਾਪੇਮਾਰੀ ਦੌਰਾਨ ਜਦੋਂ ਸੀਬੀਆਈ ਨੇ ਉਹਨਾਂ ਦੇ ਘਰ ਸੈਕਟਰ 40 ਸਥਿਤ ਵਿੱਚ ਰੇਡ ਮਾਰੀ ਤਾਂ ਕਰੋੜਾਂ ਦੀ ਬੇਹਿਸਾਵਬ ਜਾਇਦਾਦ ਦਾ ਜ਼ਖੀਰਾ ਬਰਾਮਦ ਹੋਇਆ। ਘਰ ਤੋਂ 3 ਬੈਗ ਅਤੇ 2 ਅਟੈਚੀ ਵਿੱਚ ਭਰੇ ਕਰੀਬ 7 ਕਰੋੜ ਰੁਪਏ ਨਕਦ ਮਿਲੇ ਜਿਨ੍ਹਾਂ ਨੂੰ ਗਿਣਨ ਲਈ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ



ਕਰੋੜਾਂ ਦੀ ਨਗਦੀ ਤੋਂ ਬਾਅਦ ਉਹਨਾਂ ਨੂੰ 1.5 ਕਿਲੋਂ ਸੋਨੇ ਦੇ ਗਹਿਣੇ ਵੀ ਬਰਾਮਦ ਹੋਏ। ਅਤੇ ਲਗਜ਼ਰੀ ਗੱਡੀਆਂ ਅਤੇ ਘੜੀਆਂ ਵੀ ਬਰਮਾਦ ਕੀਤੀਆਂ ਗਈਆਂ। ਸੂਤਰਾਂ ਅਨੁਸਾਰ 22 ਮਹਿੰਗੀਆਂ ਘੜੀਆਂ ਅਤੇ ਇੱਕ ਬੈਂਕ ਲਾਕਰ ਦੀ ਚਾਬੀ ਮਿਲੀ ਅਤੇ BMW ਅਤੇ Mercedes ਵਰਗੀਆਂ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਵੀ ਮਿਲੀਆਂ ਹਨ।

ਇਸ ਤੋਂ ਬਾਅਦ ਹਥਿਆਰ ਅਤੇ ਸ਼ਰਾਬ ਵੀ ਬਰਾਮਦ ਹੋਈ ਹੈ। ਜਿਸ ਦੇ ਵਿੱਚ 40 ਬੋਤਲਾਂ ਵਿਦੇਸ਼ੀ ਸ਼ਰਾਬ ਇੱਕ ਡਬਲ ਬੈਰਲ ਬੰਦੂਕ ਅਤੇ ਇੱਕ ਰਿਵਾਲਵਰ ਅਤੇ ਪਿਸਤੌਲ ਵੀ ਜ਼ਬਤ ਕੀਤਾ ਗਿਆ ਹੈ।


ਜਾਇਦਾਦ ਦੇ ਕਾਗਜ਼ਾਤ ਵੀ ਸੀਬੀਆਈ ਹੱਥ ਲੱਗੇ ਹਨ ਜਿਸ ਵਿੱਚ 15 ਜਾਇਦਾਦਾਂ ਨਾਲ ਜੁੜੇ ਕਾਗਜ਼ਾਤ ਹਨ। ਇਸ ਵੱਡੀ ਕਾਰਵਾਈ ਨੇ ਪੰਜਾਬ ਪੁਲਿਸ ਮਹਿਕਮੇ ਵਿੱਚ ਹੜਕੰਪ ਮਚਾ ਦਿੱਤਾ ਹੈ। ਹੁਣ ਸੀਬੀਆਈ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਇਹ ਦੇਖਣ ਵਾਲਾ ਹੋਵੇਗਾ ਕਿ ਇਸ ਹਾਈ ਪ੍ਰੋਫਾਇਲ ਮਾਮਲੇ ਵਿੱਚ ਹੋਰ ਕੀ ਖ਼ੁਲਾਸੇ ਹੁੰਦੇ ਹਨ।

Tags:    

Similar News