'ਮਹਾਨ ਕੋਸ਼' ਨਸ਼ਟ ਕਰਨ ਦੇ ਮਾਮਲੇ 'ਚ FIR ਦਰਜ
ਪੁਲਸ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC) ਡਾ. ਜਗਦੀਪ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਰੁੱਟੀਆਂ ਯੁਕਤ 'ਮਹਾਨ ਕੋਸ਼' ਦੀਆਂ ਕਾਪੀਆਂ ਨਸ਼ਟ ਕਰਨ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਵਿੱਚ ਪਟਿਆਲਾ ਪੁਲਸ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC) ਡਾ. ਜਗਦੀਪ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਕੌਣ-ਕੌਣ ਨਾਮਜ਼ਦ?
ਪੁਲਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ 'ਤੇ ਡਾ. ਜਗਦੀਪ ਸਿੰਘ (ਵੀਸੀ), ਡਾ. ਜਸਵਿੰਦਰ ਸਿੰਘ ਬਰਾੜ (ਡੀਨ ਅਕਾਦਮਿਕ ਮਾਮਲੇ), ਡਾ. ਦਵਿੰਦਰ ਸਿੰਘ (ਰਜਿਸਟਰਾਰ), ਡਾ. ਹਰਜਿੰਦਰਪਾਲ ਸਿੰਘ ਕਾਲੜਾ (ਇੰਚਾਰਜ, ਪਬਲੀਕੇਸ਼ਨ ਬਿਊਰੋ) ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਤਹਿਤ ਪਰਚਾ ਦਰਜ ਕੀਤਾ ਹੈ।
ਮਾਮਲਾ ਕਿਉਂ ਦਰਜ ਹੋਇਆ?
ਇਸ ਸੰਬੰਧੀ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਵਿਖੇ ਦਰਜ ਹੋਈ ਐੱਫ.ਆਈ.ਆਰ. ਨੰਬਰ 139, ਮਿਤੀ 28 ਅਗਸਤ, 2025 ਅਨੁਸਾਰ ਮਨਵਿੰਦਰ ਸਿੰਘ, ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਬਿਆਨ ਦਿੱਤਾ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਵੀਸੀ ਦੀ ਨਾਮਜ਼ਦ ਕਮੇਟੀ ਨੇ ਇੱਕ ਸਾਜ਼ਿਸ਼ ਤਹਿਤ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ 'ਗੁਰਸ਼ਬਦ ਰਤਨਾਕਰ ਮਹਾਨ ਕੋਸ਼' ਦੀਆਂ ਪੋਥੀਆਂ ਨੂੰ ਬਿਨਾਂ ਮਰਿਆਦਾ ਅਤੇ ਸਤਿਕਾਰ ਦੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਕੈਂਪਸ ਅੰਦਰ ਬਾਗਬਾਨੀ ਵਿਭਾਗ ਵਿੱਚ ਟੋਏ ਪੁੱਟ ਕੇ, ਉਨ੍ਹਾਂ ਵਿੱਚ ਪਾਣੀ ਭਰ ਕੇ ਅਤੇ ਪੈਰਾਂ ਵਿੱਚ ਲਿਤਾੜ ਕੇ ਇਨ੍ਹਾਂ ਪੋਥੀਆਂ ਦੀ ਬੇਅਦਬੀ ਕੀਤੀ ਗਈ। ਵਿਦਿਆਰਥੀਆਂ ਦੇ ਪਹੁੰਚਣ 'ਤੇ ਹੀ ਇਸ ਕਾਰਵਾਈ ਨੂੰ ਰੋਕਿਆ ਗਿਆ। ਉਨ੍ਹਾਂ ਨੇ ਇਸ ਕਾਰਵਾਈ ਲਈ ਉਪਰੋਕਤ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਧਾਰਾ 298 ਅਤੇ ਹੋਰ ਵੀਸੀ
ਪੁਲਸ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਧਾਰਾ 298 ਤਹਿਤ ਕੇਸ ਦਰਜ ਕੀਤਾ ਹੈ। ਇਹ ਧਾਰਾ ਕਿਸੇ ਵੀ ਧਰਮ ਦੇ ਅਪਮਾਨ ਦੇ ਇਰਾਦੇ ਨਾਲ ਪਵਿੱਤਰ ਵਸਤੂ ਜਾਂ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣ ਜਾਂ ਅਪਵਿੱਤਰ ਕਰਨ ਨਾਲ ਸੰਬੰਧਤ ਹੈ। ਇਸ ਤਹਿਤ ਦੋਸ਼ੀ ਪਾਏ ਜਾਣ 'ਤੇ ਦੋ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਡਾ. ਜਗਦੀਪ ਸਿੰਘ, ਵੀਸੀ ਦੇ ਅਹੁਦੇ 'ਤੇ ਰਹਿੰਦਿਆਂ ਪੁਲਸ ਕੇਸ ਵਿੱਚ ਨਾਮਜ਼ਦ ਹੋਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਦੂਜੇ ਵੀਸੀ ਬਣ ਗਏ ਹਨ। ਇਸ ਤੋਂ ਪਹਿਲਾਂ 2002 ਵਿੱਚ ਤਤਕਾਲੀ ਵੀਸੀ ਡਾ. ਜਸਬੀਰ ਸਿੰਘ ਆਹਲੂਵਾਲੀਆ ਖਿਲਾਫ਼ ਇੱਕ ਵਿਦਿਆਰਥਣ ਦੀ ਸ਼ਿਕਾਇਤ 'ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਇਲਾਵਾ, ਡਾ. ਜੋਗਿੰਦਰ ਸਿੰਘ ਪੁਆਰ 'ਤੇ ਵੀ ਵੀਸੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ।