ਕੈਨੇਡਾ: ਸ਼ਹੀਦੀ ਨਗਰ ਕੀਰਤਨ ਮੌਕੇ ਬਰੈਂਪਟਨ ਕੇਸਰੀ ਰੰਗ 'ਚ ਰੰਗਿਆ ਗਿਆ
ਨਗਰ ਕੀਰਤਨ 'ਚ ਪਹੁੰਚੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਕੀਤੀ ਸੇਵਾ, ਸੰਗਤਾਂ ਨੇ ਪ੍ਰਬੰਧਾਂ ਨੂੰ ਲੈ ਕੇ ਨਗਰ ਕੀਰਤਨ ਦੇ ਪ੍ਰਬੰਧਕਾਂ ਦੀ ਕੀਤੀ ਤਰੀਫ਼
(ਗੁਰਜੀਤ ਕੌਰ) ਬਰੈਂਪਟਨ 'ਚ 8 ਜੂਨ, ਦਿਨ ਐਤਵਾਰ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਗਿਆ। ਠੀਕ 12 ਵਜੇ ਨਗਰ ਕੀਰਤਨ ਦੀ ਰਵਾਨਗੀ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ ਤੋਂ ਹੋਈ ਅਤੇ ਸਮਾਪਤੀ 7 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਹੋਈ। ਦੱਸਦਈਏ ਕਿ ਸਵੇਰੇ ਭੋਗ ਪੈਣ ਉੇਪਰੰਤ 12 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ। ਇਹ ਨਗਰ ਕੀਰਤਨ ਸ਼ਾਮ ਨੂੰ ਕਰੀਬ 7 ਵਜੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਪਹੁੰਚਿਆ, ਜਿੱਥੇ ਕਿ ਜੈਕਾਰਿਆ ਦੀ ਗੂੰਜ 'ਚ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ ਅਤੇ ਅਰਦਾਸ ਉਪਰੰਤ ਸਮਾਪਤੀ ਹੋਈ।
ਦੱਸਦਈਏ ਕਿ ਇਸ ਸਾਲ ਨਗਰ ਕੀਰਤਨ 'ਚ ਸੰਗਤਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਕੇਸਰੀ ਪੱਗਾਂ ਸਜਾ ਕੇ ਕੇਸਰੀ ਦੁਪੱਟੇ ਲੈ ਕੇ ਸੰਗਤਾਂ ਨਗਰ ਕੀਰਤਨ 'ਚ ਹੁੰਮ-ਹੁੰਮਾ ਕੇ ਪਹੁੰਚੀਆਂ। ਸਿੱਖ ਭਾਈਚਾਰੇ ਦੇ ਨਾਲ-ਨਾਲ ਹੋਰ ਭਾਈਚਾਰਿਆਂ ਦੇ ਲੋਕ ਵੀ ਨਗਰ ਕੀਰਤਨ 'ਚ ਸ਼ਾਮਲ ਹੋਏ। ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਨੂੰ ਲੈ ਕੇ ਸਾਰੇ ਪ੍ਰਬੰਧ ਕੀਤੇ ਗਏ ਸਨ ਅਤੇ ਸੰਗਤਾਂ ਵੀ ਪ੍ਰਬੰਧਾਂ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਈਆਂ। ਵਾਤਾਵਰਣ ਦੀ ਸਫਾਈ ਨੂੰ ਲੈ ਕੇ ਵੀ ਖਾਸ ਧਿਆਨ ਰੱਖਿਆ ਗਿਆ ਅਤੇ ਪੁਲਿਸ ਵੱਲੋਂ ਨਗਰ ਕੀਰਤਨ ਲਈ ਟ੍ਰੈਫਿਕ ਸਬੰਧੀ ਵਿਸ਼ੇਸ਼ ਪ੍ਰਬੰਧ ਸਨ। ਇਸ ਸਾਲ ਨਗਰ ਕੀਰਤਨ 'ਤੇ ਪਾਲਕੀ ਸਾਹਿਬ ਵੀ ਬਹੁਤ ਅਨੌਖੇ ਤਰੀਕੇ ਨਾਲ ਤਿਆਰ ਕੀਤੀ ਗਈ ਸੀ।
ਸੰਗਤਾਂ ਨੇ ਨਗਰ ਕੀਰਤਨ 'ਚ ਸ਼ਾਮਲ ਹੋ ਕੇ ਪਾਲਕੀ ਸਾਹਿਬ ਨੂੰ ਨਤਮਸਤਕ ਕੀਤਾ ਅਤੇ ਰਸਮੱਈ ਕੀਰਤਨ ਦਾ ਆਨੰਦ ਮਾਣਿਆ। ਨਗਰ ਕੀਰਤਨ 'ਚ ਸਿੱਖ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ। ਦੱਸਦਈਏ ਕਿ ਇਸ ਸਾਲ ਨਗਰ ਕੀਰਤਨ 'ਚ ਨੌਜਵਾਨ ਪੀੜੀ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸੰਗਤਾਂ ਲਈ ਵੱਖੋ-ਵੱਖਰੇ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ ਜਿਨ੍ਹਾਂ 'ਚ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਸੇਵਾ ਕੀਤੀ ਗਈ। ਸੰਗਤਾਂ ਦੀ ਸੁਰੱਖਿਆ ਲਈ ਵਲੰਟੀਅਰ ਦੀ ਪੂਰੀ ਟੀਮ ਵੀ ਤਿਆਰ ਸੀ। ਸੰਗਤਾਂ ਵੱਲੋਂ ਵੀ ਅਨੁਸ਼ਾਸਨ ਦੀ ਪਾਲਣਾ ਕੀਤੀ ਗਈ ਅਤੇ ਨਗਰ ਕੀਰਤਨ 'ਚ ਹਾਜ਼ਰੀ ਲਗਵਾਈ ਗਈ। ਅਖੀਰ 'ਚ ਦੋਹਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਨਗਰ ਕੀਰਤਨ 'ਚ ਪਹੁੰਚੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।