ਕੈਨੇਡਾ: ਮਾਰਕ ਕਾਰਨੀ ਦੀ ਸਰਕਾਰ ਫਾਲ ਵਿੱਚ ਪੇਸ਼ ਕਰੇਗੀ ਬਜਟ

Update: 2025-05-19 20:48 GMT

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਤਵਾਰ ਸਵੇਰੇ ਰੋਮ ਤੋਂ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਲਿਬਰਲ ਸਰਕਾਰ ਇਸ ਫ਼ੌਲ ਵਿੱਚ ਬਜਟ ਪੇਸ਼ ਕਰੇਗੀ। ਉਨ੍ਹਾਂ ਨੇ ਇਸ ਫ਼ੈਸਲੇ ਨੂੰ ਸਹੀ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਕਾਹਲੀ ਵਿਚ ਬਜਟ ਪੇਸ਼ ਕਰਨ ਵਿੱਚ "ਜ਼ਿਆਦਾ ਲਾਭ ਨਹੀਂ" ਹੈ। ਨਵੇਂ ਪੋਪ ਲਿਓ ਯੀੜ ਦੇ ਉਦਘਾਟਨੀ ਸਮਾਰੋਹ ਲਈ ਰੋਮ ਪਹੁੰਚੇ ਮਾਰਕ ਕਾਰਨੀ ਨੇ ਕਿਹਾ, ਸਾਡੇ ਕੋਲ ਫ਼ੌਲ ਵਿੱਚ ਇੱਕ ਬਹੁਤ ਜ਼ਿਆਦਾ ਵਿਆਪਕ, ਪ੍ਰਭਾਵਸ਼ਾਲੀ, ਮਹੱਤਵਾਕਾਂਖੀ ਅਤੇ ਸੂਝਵਾਨ ਬਜਟ ਹੋਵੇਗਾ। ਪਿਛਲੇ ਹਫਤੇ ਵਿੱਤ ਮੰਤਰੀ ਫ਼੍ਰੈਂਸੁਆ-ਫਿਲਿਪ ਸ਼ੈਂਪੇਨ ਨੇ ਕਿਹਾ ਸੀ ਕਿ ਲਿਬਰਲਜ਼ ਇਸ ਸਪਰਿੰਗ ਵਿੱਚ ਬਜਟ ਪੇਸ਼ ਨਹੀਂ ਕਰਨਗੇ ਅਤੇ ਇਸ ਦੀ ਬਜਾਏ ਇੱਕ ਮਹੱਤਵਪੂਰਨ ਫ਼ੌਲ ਇਕਨੌਮਿਕ ਸਟੇਟਮੈਂਟ ਪੇਸ਼ ਕਰਨਗੇ, ਜੋ ਕਿ ਇੱਕ ਮਿੰਨੀ-ਬਜਟ ਵਾਂਗ ਹੁੰਦੀ ਹੈ। ਇਸ ਤੋਂ ਬਾਅਦ ਲਿਬਰਲਾਂ ਨੂੰ ਆਪਣੇ ਵਿਰੋਧੀਆਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਰਨੀ ਨੇ ਆਪਣੀ ਸਰਕਾਰ ਦਾ ਬਜਟ ਪੇਸ਼ ਕਰਨ ਲਈ ਫ਼ੌਲ ਤੱਕ ਇੰਤਜ਼ਾਰ ਕਰਨ ਦਾ ਬਚਾਅ ਕੀਤਾ ਅਤੇ ਦਲੀਲ ਦਿੱਤੀ ਕਿ ਇੱਕ ਬਹੁਤ ਹੀ ਘੱਟ ਸਮੇਂ-ਜਦੋਂ ਨਵੀਂ ਕੈਬਨਿਟ ਅਤੇ ਨਵੇਂ ਵਿੱਤ ਮੰਤਰੀ ਨੂੰ 3 ਹਫ਼ਤੇ ਹੀ ਹੋਏ ਹਨ - ਦੇ ਨਾਲ ਬਜਟ ਨੂੰ ਜਲਦਬਾਜ਼ੀ ਵਿੱਚ ਪਾਸ ਕਰਨ ਦੀ ਕੋਸ਼ਿਸ਼ ਕਰਨ ਦਾ ਕੋਈ ਬਹੁਤਾ ਲਾਭ ਨਹੀਂ ਹੈ।

ਹਾਊਸ ਔਫ਼ ਕੌਮਨਜ਼ ਦੀ ਕਾਰਵਾਈ 26 ਮਈ ਨੂੰ ਮੁੜ ਸ਼ੁਰੂ ਹੋਣੀ ਹੈ ਅਤੇ 20 ਜੂਨ ਤੱਕ ਚੱਲਣੀ ਹੈ, ਜਿਸਦਾ ਮਤਲਬ ਹੈ ਕਿ ਜੇਕਰ ਫ਼ੈਡਰਲ ਸਰਕਾਰ ਇਸੇ ਸੈਸ਼ਨ ਵਿਚ ਬਜਟ ਪਾਸ ਕਰਨਾ ਚਾਹੁੰਦੀ ਹੈ ਤਾਂ ਉਸ ਕੋਲ ਇੱਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਹੁੰਦਾ। ਮੱਧ ਸਤੰਬਰ ਵਿਚ ਐਮਪੀਜ਼ ਦੁਬਾਰਾ ਸਦਨ ਵਿਚ ਵਾਪਸੀ ਕਰਨਗੇ। ਆਮ ਤੌਰ 'ਤੇ ਇੱਕ ਫ਼ੈਡਰਲ ਬਜਟ ਤਿਆਰ ਕਰਨ ਵਿੱਚ ਮਹੀਨੇ ਲੱਗ ਜਾਂਦੇ ਹਨ - ਇੱਕ ਦਸਤਾਵੇਜ਼ ਜੋ ਵਿਆਪਕ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਜਾਂਦਾ ਹੈ - ਭਾਵੇਂ ਕਾਰਨੀ ਦੇ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਹੀ ਉਸ ‘ਤੇ ਕੁਝ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਫਿਰ ਵੀ, ਫ਼ੈਡਰਲ ਸਰਕਾਰ ਨੂੰ ਬਜਟ ਪੇਸ਼ ਕੀਤੇ ਲਗਭਗ 400 ਦਿਨ ਹੋ ਗਏ ਹਨ ਜੋ ਕਿ ਇੱਕ ਬਹੁਤ ਜ਼ਿਆਦਾ ਲੰਮਾ ਸਮਾਂ ਹੈ। ਇਸ ਤੋਂ ਇਲਾਵਾ ਮਾਰਕ ਕਾਰਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੈਨੇਡੀਅਨਜ਼ ਲਈ ਘਰਾਂ ਦੀਆਂ ਕੀਮਤਾਂ ਵਧੇਰੇ ਕਿਫਾਇਤੀ ਹੋਣ, ਅਤੇ ਫ਼ੈਡਰਲ ਸਰਕਾਰ ਅਜਿਹਾ ਨਵੇਂ ਘਰਾਂ 'ਤੇ ਜੀਐਸਟੀ ਘਟਾ ਕੇ, ਮਿਉਂਸਿਪੈਲਟੀਆਂ ਨੂੰ ਵਿਕਾਸ ਚਾਰਜਾਂ ਵਿੱਚ ਕਟੌਤੀ ਕਰਨ ਰਾਹੀਂ ਅਤੇ ਕੈਨੇਡਾ ਵਿੱਚ ਇੱਕ ਵਧੇਰੇ ਕੁਸ਼ਲ ਹਾਊਸਿੰਗ ਨਿਰਮਾਣ ਉਦਯੋਗ ਵਿਕਸਤ ਕਰਕੇ ਕਰਨਾ ਚਾਹੁੰਦੀ ਹੈ। ਇਨ੍ਹਾਂ ਉਪਾਵਾਂ ਨਾਲ ਅਗਲੇ ਪੰਜ ਸਾਲਾਂ ਵਿੱਚ ਬਣੇ ਘਰਾਂ ਦੀ ਲਾਗਤ ਘੱਟ ਜਾਵੇਗੀ ਅਤੇ ਇਹ ਬੱਚਤ ਖਰੀਦਦਾਰਾਂ ਨੂੰ ਦਿੱਤੀ ਜਾਵੇਗੀ।

Tags:    

Similar News