ਕੰਮ ਤੋਂ ਪਰਤੇ ਪਿਤਾ ਨੇ ਲਾਸ਼ਾਂ ਦੇਖ ਕੇ ਕੀਤੀ ਖੁਦਕੁਸ਼ੀ
ਬੈਂਗਲੁਰੂ : ਬੈਂਗਲੁਰੂ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 29 ਸਾਲਾ ਵਿਆਹੁਤਾ ਔਰਤ ਨੇ ਆਪਣੀਆਂ ਦੋ ਬੇਟੀਆਂ ਦੀ ਹੱਤਿਆ ਕਰਨ ਤੋਂ ਬਾਅਦ ਫਾਹਾ ਲਗਾ ਲਿਆ। ਸ਼ਾਮ ਨੂੰ ਜਦੋਂ ਪਤੀ ਘਰ ਪਰਤਿਆ ਤਾਂ ਸਾਰਿਆਂ ਦੀਆਂ ਲਾਸ਼ਾਂ ਦੇਖ ਕੇ ਉਸ ਨੇ ਵੀ ਖੁਦਕੁਸ਼ੀ ਕਰ ਲਈ। ਇਹ ਘਟਨਾ ਉੱਤਰੀ ਬੈਂਗਲੁਰੂ ਸਥਿਤ ਘਰ 'ਚ ਐਤਵਾਰ ਦੁਪਹਿਰ ਨੂੰ ਵਾਪਰੀ।
ਮਰਨ ਵਾਲਿਆਂ 'ਚ ਅਵਿਨਾਸ਼, ਉਸ ਦੀ ਪਤਨੀ ਮਮਤਾ, ਬੇਟੀਆਂ ਅਨੰਨਿਆ ਅਤੇ ਅਧੀਰਾ ਸ਼ਾਮਲ ਹਨ। ਇੱਕ ਧੀ ਦੋ ਸਾਲ ਦੀ ਤੇ ਦੂਜੀ ਚਾਰ ਸਾਲ ਦੀ ਸੀ। ਇਹ ਪਰਿਵਾਰ ਮੂਲ ਰੂਪ ਵਿੱਚ ਕਲਬੁਰਗੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਬੈਂਗਲੁਰੂ ਵਿੱਚ ਰਹਿ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਔਰਤ ਨੇ ਪਰਿਵਾਰਕ ਝਗੜੇ ਕਾਰਨ ਅਜਿਹਾ ਕਦਮ ਚੁੱਕਿਆ ਹੋ ਸਕਦਾ ਹੈ। ਬਾਅਦ ਵਿਚ ਅਵਿਨਾਸ਼ ਆਪਣੀ ਪਤਨੀ ਅਤੇ ਬੱਚਿਆਂ ਦੀ ਮੌਤ ਤੋਂ ਇੰਨਾ ਦੁਖੀ ਹੋ ਗਿਆ ਕਿ ਉਸ ਨੇ ਵੀ ਖੁਦਕੁਸ਼ੀ ਕਰ ਲਈ।
ਘਟਨਾ ਸੋਮਵਾਰ ਸਵੇਰੇ 9.30 ਵਜੇ ਦੀ ਹੈ। ਜਦੋਂ ਅਵਿਨਾਸ਼ ਦਾ ਛੋਟਾ ਭਰਾ ਉਦੈਕੁਮਾਰ ਘਰ ਪਹੁੰਚਿਆ ਤਾਂ ਉਸ ਦੀ ਲਾਸ਼ ਛੱਤ ਨਾਲ ਲਟਕਦੀ ਮਿਲੀ। ਬਾਕੀ ਸਾਰਿਆਂ ਦੀਆਂ ਲਾਸ਼ਾਂ ਮੰਜੇ 'ਤੇ ਪਈਆਂ ਸਨ। ਉਦੈ ਇੱਕ ਸਕੂਲ ਵਿੱਚ ਸਰੀਰਕ ਸਿੱਖਿਆ ਟ੍ਰੇਨਰ ਹੈ ਅਤੇ ਅਵਿਨਾਸ਼ ਦੇ ਨਾਲ ਰਹਿੰਦਾ ਸੀ। ਉਹ ਆਪਣੇ ਪਿੰਡ ਕਲਬੁਰਗੀ ਗਿਆ ਸੀ ਅਤੇ ਸੋਮਵਾਰ ਨੂੰ ਵਾਪਸ ਆਇਆ ਸੀ। ਪੁਲਸ ਨੇ ਮਮਤਾ ਦੇ ਖਿਲਾਫ ਕਤਲ ਅਤੇ ਅਵਿਨਾਸ਼ ਖਿਲਾਫ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਬੇਂਗਲੁਰੂ ਦੇ ਡੀਐਸਪੀ ਸੀਕੇ ਬਾਬਾ ਨੇ ਕਿਹਾ ਕਿ ਬੱਚਿਆਂ ਦੀ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਉਸ ਨੇ ਦੱਸਿਆ ਕਿ ਅਵਿਨਾਸ਼ ਸਵੇਰ ਤੋਂ ਰਾਤ ਤੱਕ ਕੰਮ 'ਤੇ ਲੱਗਾ ਰਹਿੰਦਾ ਸੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਅਵਿਨਾਸ਼ ਦੇ ਚਚੇਰੇ ਭਰਾ ਦੱਤੂ ਰਾਠੌਰ ਦਾ ਦਾਅਵਾ ਹੈ ਕਿ ਕੋਈ ਪਰਿਵਾਰਕ ਝਗੜਾ ਨਹੀਂ ਸੀ। ਦੱਤੂ ਨੇ ਦੱਸਿਆ ਕਿ ਅੱਠ ਦਿਨ ਪਹਿਲਾਂ ਅਵਿਨਾਸ਼ ਨੇ ਮੇਰੇ ਚਾਚਾ ਨੂੰ ਫੋਨ ਕਰਕੇ ਕ੍ਰੈਡਿਟ ਕਾਰਡ ਦਾ ਬਿੱਲ ਭਰਨ ਲਈ ਮਦਦ ਮੰਗੀ ਸੀ। ਉਸ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਕੋਈ ਉਸ 'ਤੇ ਬਿੱਲ ਦੇਣ ਲਈ ਦਬਾਅ ਪਾ ਰਿਹਾ ਸੀ।