ਟਰਾਂਟੋ 23 ਦਸੰਬਰ (ਤੀਰਥ ਸਿੰਘ ਦਿਉਲ):-ਬੀਤੇ ਦਿਨੀਂ ਕੈਨੇਡਾ ਦੇ ਉਨਟਾਰੀਓ ਸੂਬੇ ਦੀ ਕਬੱਡੀ ਫੈਡਰੇਸ਼ਨ ਆਫ ਉਨਟਾਰੀਓ ਦੇ 2025 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਰਬ ਸੰਮਤੀ ਨਾਲ ਪੰਜਾਬੀ ਭਾਈਚਾਰੇ ਵਿਚ ਜਾਣੇ ਪਹਿਚਾਣੇ ਕਬੱਡੀ ਦੇ ਉਘੇ ਖਿਡਾਰੀ ਤੇ ਪ੍ਰਮੋਟਰ ਬੰਤ ਸਿੰਘ ਨਿੱਝਰ ਨੂੰ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਉਘੇ ਬਿਜਨੈਸਮੈਨ ਪੰਜ ਆਬ ਟੀ. ਵੀ ਜੱਸੀ ਸਰਾਏ ਨੂੰ ਪ੍ਰਧਾਨ, ਜਰਨੈਲ ਮੰਡ ਨੂੰ ਉਪ ਪ੍ਰਧਾਨ, ਤੀਰਥ ਸਿੰਘ ਦਿਉਲ ਸਕੱਤਰ, ਮਨਜੀਤ ਸਿੰਘ ਘੋਤਰਾ ਖਜ਼ਾਨਚੀ, ਮਲਕੀਤ ਸਿੰਘ ਦਿਉਲ ਡਾਇਰੈਕਟਰ ਤੇ ਹਰਜੀਤ ਸਿੰਘ ਸੰਘੇੜਾ ਡਾਇਰੈਕਟਰ ਚੁਣੇ ਗਏ।
ਉਨਟਾਰੀਓ ਦੀ ਕਬੱਡੀ ਦੀ ਸਿਰਮੌਰ ਸੰਸਥਾ ਫੈਡਰੇਸ਼ਨ ਆਫ ਉਨਟਾਰੀਓ ਸਿਰਮੌਰ ਸੰਸਥਾ ਹੈ ਜਿਸ ਦੇ ਬਹੁਤ ਸਾਰੇ ਕਬੱਡੀ ਕਲੱਬ ਮੈਂਬਰ ਹਨ।ਇਸ ਵਾਰ 2025 ਲਈ ਚੁਣੇ ਗਏ ਸਾਰੇ ਅਹੁਦੇਦਾਰ ਕਬੱਡੀ ਖੇਤਰ ਨਾਲ ਜੁੜੇ ਹੋਏ ਹਨ ਅਤੇ ਕਈ ਕਬੱਡੀ ਖਿਡਾਰੀ ਦੇ ਤੌਰ ਤੇ ਨਾਮਣਾ ਖੱਟ ਚੁੱਕੇ ਹਨ। ਕੈਨੇਡਾ ਵਿਚ ਹੀ ਨਹੀਂ ਸਗੋਂ ਅਮਰੀਕਾ ਤੇ ਹੋਰ ਕਈ ਦੇਸ਼ਾਂ ਵਿਚ ਵੀ ਫੈਡਰੇਸ਼ਨ ਵਲੋਂ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਜਾਂਦੇ ਹਨ।ਕਾਰਜਕਾਰਨੀ ਦੇ 2025 ਲਈ ਚੁਣੇ ਕਈ ਮੈਂਬਰ ਤਾਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਮਾਂ ਜਾਈ ਖੇਡ ਕਬੱਡੀ ਨਾਲ ਜੁੜੇ ਹੋਏ ਹਨ।
ਕਬੱਡੀ ਫੈਡਰੇਸ਼ਨ ਉਨਟਾਰੀਓ ਵਲੋਂ ਸੂਬੇ ਦੀਆਂ ਵੱਖ-ਵੱਖ ਕਬੱਡੀ ਕਲੱਬਾਂ ਦੇ ਟੂਰਨਾਮੈਂਟਾਂ ਦੀ ਸਰਪ੍ਰਸਤੀ ਕੀਤੀ ਜਾਂਦੀ ਹੈ ਤੇ ਹਰ ਸਾਲ ਜਿਸ ਕਲੱਬ ਦੇ ਹਿੱਸੇ ਵਰਲਡ ਕਬੱਡੀ ਕੱਪ ਆਉਂਦਾ ਹੈ ਉਹ ਫੈਡਰੇਸ਼ਨ ਦੀ ਨਿਗਰਾਨੀ ਹੇਠ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ।ਭਾਰਤ, ਪਾਕਿਸਤਾਨ ਤੇ ਹਰ ਦੇਸ਼ਾਂ ਤੋਂ ਕਬੱਡੀ ਖਿਡਾਰੀਆਂ ਨੂੰ ਟੂਰਨਾਮੈਂਟਾਂ ਵਿਚ ਸ਼ਾਮਿਲ ਹੋਣ ਲਈ ਵੀਜ਼ੇ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ।ਫੈਡਰੇਸ਼ਨ ਵਲੋਂ ਕੈਨੇਡਾ ਦੇ ਜੰਮਪਲ ਬੱਚਿਆਂ ਨੂੰ ਕਬੱਡੀ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ।ਵੱਖ-ਵੱਖ ਦੇਸ਼ਾਂ ਦੀਆਂ ਫੈਡਰੇਸ਼ਨਾਂ ਨਾਲ ਸੰਪਰਕ ਕਰਕੇ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ। 2025 ‘ਚ ਉਨਟਾਰੀਓ ‘ਚ ਹੋਣ ਵਾਲੇ ਟੂਰਨਾਮੈਂਟਾਂ ਤੋਂ ਇਲਾਵਾਂ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਪ੍ਰੋਗਰਾਮ ਅਗਲੀ ਮੀਟਿੰਗ ਵਿਚ ਉਲੀਕੇ ਜਾਣਗੇ।ਨਵੇਂ ਚੁਣੇ ਅਹੁਦੇਦਾਰਾਂ ਨੇ ਹਮਦਰਦ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2025 ‘ਚ ਕਬੱਡੀ ਨੂੰ ਇੰਟਰਨੈਸ਼ਨਲ ਪੱਧਰ ਤੇ ਉਪਰ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ।ਕਬੱਡੀ ਪ੍ਰੇਮੀਆਂ ਤੇ ਖਿਡਾਰੀਆਂ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਤੁਹਾਡੇ ਤੇ ਬਹੁਤ ਵੱਡੀਆਂ ਆਸਾਂ ਹਨ’। ਨਵੇਂ ਚੁਣੇ ਚੇਅਰਮੈਨ ਬੰਤ ਸਿੰਘ ਨਿੱਝਰ ਨੇ ਹਮਦਰਦ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਤੇ ਸਾਥੀਆਂ ਨੂੰ ਜਿੰਮੇਵਾਰੀ ਸੋਂਪੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।