ਯੂਕਰੇਨ ਦੇ ਪ੍ਰਮਾਣੂ ਪਲਾਂਟ 'ਤੇ ਫਿਰ ਹਮਲਾ, ਜ਼ੋਰਦਾਰ ਧਮਾਕੇ
ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੀ ਇੱਕ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਹ ਉਹੀ ਪ੍ਰਮਾਣੂ ਪਲਾਂਟ ਹੈ ਜਿਸ ਨੂੰ ਰੂਸੀ ਫੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਰੂਸ ਅਤੇ ਯੂਕਰੇਨ ਵਿਚਕਾਰ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਤਾਜ਼ਾ ਜਾਣਕਾਰੀ ਅਨੁਸਾਰ, ਯੂਕਰੇਨ ਦੇ ਜ਼ਾਪੋਰਿਜ਼ੀਆ ਪ੍ਰਮਾਣੂ ਪਲਾਂਟ 'ਤੇ ਹਮਲਾ ਹੋਣ ਦੀ ਖ਼ਬਰ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦੀ ਇੱਕ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਹ ਉਹੀ ਪ੍ਰਮਾਣੂ ਪਲਾਂਟ ਹੈ ਜਿਸ ਨੂੰ ਰੂਸੀ ਫੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਧਮਾਕਿਆਂ ਦੀ ਆਵਾਜ਼ ਅਤੇ ਧੂੰਆਂ
IAEA ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗ੍ਰੋਸੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਲਾਂਟ ਦੇ ਨੇੜੇ ਧਮਾਕਿਆਂ ਦੀ ਆਵਾਜ਼ ਸੁਣੀ ਅਤੇ ਇੱਕ ਥਾਂ ਤੋਂ ਧੂੰਆਂ ਉੱਠਦਾ ਦੇਖਿਆ। ਉਨ੍ਹਾਂ ਕਿਹਾ ਕਿ ਇਹ ਹਮਲਾ ਪਲਾਂਟ ਦੇ ਬਹੁਤ ਨੇੜੇ ਹੋਇਆ ਹੈ, ਜਿਸ ਨਾਲ ਪ੍ਰਮਾਣੂ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਗਿਆ ਹੈ।
ਸਵੇਰੇ ਹੋਇਆ ਹਮਲਾ
IAEA ਟੀਮ ਨੂੰ ਦੱਸਿਆ ਗਿਆ ਸੀ ਕਿ ਪ੍ਰਮਾਣੂ ਪਲਾਂਟ 'ਤੇ ਗੋਲਾਬਾਰੀ ਅਤੇ ਡਰੋਨ ਹਮਲੇ ਸਵੇਰੇ 9 ਵਜੇ ਦੇ ਕਰੀਬ ਸ਼ੁਰੂ ਹੋਏ। ਏਜੰਸੀ ਦੀ ਟੀਮ ਨੇ ਵੀ ਇਸੇ ਸਮੇਂ ਫੌਜੀ ਗਤੀਵਿਧੀਆਂ ਦੀਆਂ ਆਵਾਜ਼ਾਂ ਸੁਣੀਆਂ। ਦੁਪਹਿਰ ਨੂੰ ਉਸੇ ਦਿਸ਼ਾ ਤੋਂ ਧੂੰਆਂ ਵੀ ਦੇਖਿਆ ਗਿਆ। ਇਸ ਘਟਨਾ ਨੇ ਪ੍ਰਮਾਣੂ ਲੀਕ ਹੋਣ ਦੇ ਖ਼ਤਰੇ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਪ੍ਰਮਾਣੂ ਪਲਾਂਟ 'ਤੇ ਹਮਲਾ ਖ਼ਤਰਨਾਕ
IAEA ਦੇ ਡਾਇਰੈਕਟਰ ਜਨਰਲ ਨੇ ਅਜਿਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਕਿਸੇ ਵੀ ਥਾਂ 'ਤੇ ਹਮਲਾ ਪ੍ਰਮਾਣੂ ਸੁਰੱਖਿਆ ਲਈ ਖ਼ਤਰਾ ਬਣਦਾ ਹੈ। ਉਨ੍ਹਾਂ ਨੇ ਸਾਰੇ ਧਿਰਾਂ ਨੂੰ ਅਜਿਹੇ ਪਲਾਂਟਾਂ 'ਤੇ ਜਾਂ ਉਨ੍ਹਾਂ ਦੇ ਨੇੜੇ ਹਮਲੇ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ, ਤਾਂ ਜੋ ਕਿਸੇ ਪ੍ਰਮਾਣੂ ਹਾਦਸੇ ਨੂੰ ਰੋਕਿਆ ਜਾ ਸਕੇ।
ਪਹਿਲਾਂ ਵੀ ਹੋ ਚੁੱਕਾ ਹੈ ਹਮਲਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਪਲਾਂਟ 'ਤੇ ਹਮਲਾ ਹੋਇਆ ਹੋਵੇ। ਪਿਛਲੇ ਸਾਲ ਵੀ ਡਰੋਨ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਸੰਜਮ ਵਰਤਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਯੂਕਰੇਨ ਨੇ ਉਸ ਸਮੇਂ ਵੀ ਇਸ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਪਰ ਰੂਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਇਹ ਪੂਰਾ ਪ੍ਰਮਾਣੂ ਪਲਾਂਟ ਇਸ ਵੇਲੇ ਰੂਸ ਦੇ ਕੰਟਰੋਲ ਹੇਠ ਹੈ।