ਅਮਰੀਕੀ ਜਿਊਰੀ ਵੱਲੋਂ ਗੁਜਰਾਤੀ ਪਰਿਵਾਰ ਦੀਆਂ ਮਨਫ਼ੀ ਤਾਪਮਾਨ ਵਿਚ ਹੋਈਆਂ ਮੌਤਾਂ ਦੇ ਮਾਮਲੇ ਵਿਚ ਇਕ ਭਾਰਤੀ ਤੇ ਇਕ ਅਮਰੀਕੀ ਦੋਸ਼ੀ ਕਰਾਰ

Update: 2024-11-27 02:01 GMT

-ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਦਾਖਲ ਕਰਵਾਉਣ ਦਾ ਮਾਮਲਾ-

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਕ ਜਿਊਰੀ ਨੇ ਮਨੁੱਖੀ ਤਸਕਰੀ ਨਾਲ ਸਬੰਧਤ ਇਕ ਮਾਮਲੇ, ਜਿਸ ਵਿੱਚ ਭਾਰਤ ਦੇ ਇਕ ਗੁਜਰਾਤੀ ਪਰਿਵਾਰ ਦੇ 2 ਬੱਚਿਆਂ ਸਮੇਤ 4 ਜੀਆਂ ਦੀ ਮਨਫ਼ੀ ਤਾਪਮਾਨ ਵਿਚ ਬਰਫ਼ੀਲੇ ਖੇਤਰ ਵਿੱਚ ਫਸਣ ਕਾਰਨ ਮੌਤ ਹੋ ਗਈ ਸੀ,ਵਿਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ। ਸਰਕਾਰੀ ਵਕੀਲ ਅਨੁਸਾਰ ਭਾਰਤੀ ਹਰਸ਼ਕੁਮਾਰ ਰਮਨਲਾਲ ਪਟੇਲ (29) ਜਿਸ ਨੂੰ ''ਡਰਟੀ ਹੈਰੀ'' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਫਲੋਰਿਡਾ ਵਾਸੀ ਅਮਰੀਕੀ ਨਾਗਰਕ ਸਟੀਵ ਸ਼ੈਂਡ (50) ਪ੍ਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਕਰਵਾਉਣ ਵਾਲੇ ਉਸ ਗੈਰ ਕਾਨੂੰਨੀ ਆਪਰੇਸ਼ਨ ਦਾ ਹਿੱਸਾ ਸਨ ਜਿਸ ਕਾਰਨ ਭਾਰਤੀ ਪਰਿਵਾਰ ਦੀ ਮੌਤ ਹੋਈ ਤੇ ਇਨਾਂ ਕਾਰਨ ਅਮਰੀਕਾ ਵਿਚ ਗੈਰ ਕਾਨੂੰਨੀ ਭਾਰਤੀਆਂ ਦੀ ਗਿਣਤੀ ਵਧੀ ਹੈ।

ਇਨਾਂ ਦੋਨਾਂ ਨੂੰ ਅਮਰੀਕਾ ਵਿਚ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸੀਆਂ ਨੂੰ ਲਿਆਉਣ ਲਈ ਸਾਜਿਸ਼ ਰਚਣ ਸਮੇਤ ਮਨੁੱਖੀ ਤਸਕਰੀ ਨਾਲ ਸਬੰਧਤ 4 ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਿਨੀਸੋਟਾ ਯੂ ਐਸ ਅਟਾਰਨੀ ਐਂਡੀ ਲੂਗਰ ਨੇ ਕਿਹਾ ਹੈ ਕਿ ਇਸ ਮਾਮਲੇ ਨੇ ਮਨੁੱਖੀ ਤਸਕਰੀ ਨਾਲ ਜੁੜੀ ਕਲਪਨਾ ਤੋਂ ਪਰੇ ਬੇਰਹਿਮੀ ਤੇ ਅਪਰਾਧੀ ਸੰਗਠਨ ਦਾ ਪਰਦਾਫਾਸ਼ ਕੀਤਾ ਹੈ ਜਿਨਾਂ ਨੇ ਮੁਨਾਫ਼ਾ ਕਮਾਉਣ ਲਈ ਮਨੁੱਖਤਾ ਦਾ ਘਾਣ ਕੀਤਾ ਹੈ। ਲੂਗਰ ਨੇ ਕਿਹਾ ਹੈ ਕਿ ''ਕੁਝ ਹਜਾਰ ਡਾਲਰਾਂ ਖਾਤਰ ਇਨਾਂ ਤਸਕਰਾਂ ਨੇ ਇਕ ਪਰਿਵਾਰ ਦੇ 4 ਜੀਆਂ ਨੂੰ ਅਸਧਾਰਨ ਬਿਪਤਾ ਵਿਚ ਧੱਕ ਦਿੱਤਾ ਜਿਸ ਕਾਰਨ ਅਮਰੀਕਾ ਕੈਨੇਡਾ ਸਰਹੱਦ ਨੇੜੇ ਉਨਾਂ ਦੀ ਦੁੱਖਦਾਈ ਮੌਤ ਹੋ ਗਈ। ਇਸ ਮਾਮਲੇ ਵਿਚ ਬਚਾਅ ਪੱਖ ਦੇ ਵਕੀਲ ਆਪਸ ਵਿਚ ਹੀ ਉਲਝ ਗਏ ਹਨ। ਸ਼ੈਂਡ ਦੇ ਵਕੀਲਾਂ ਨੇ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਉਸ ਨੂੰ ਪਟੇਲ ਦੁਆਰਾ ਬਣਾਈ ਯੋਜਨਾ ਵਿੱਚ ਅਣਜਾਣੇ ਵਿਚ ਫਸਾਇਆ ਗਿਆ ਹੈ। ਦੂਸਰੇ ਪਾਸੇ ਪਟੇਲ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨਾਂ ਦਾ ਮੁਵੱਕਿਲ ਗਲਤ ਪਹਿਚਾਣ ਦਾ ਸ਼ਿਕਾਰ ਹੋਇਆ ਹੈ। ਉਨਾਂ ਕਿਹਾ ਕਿ ਪਟੇਲ ਦਾ ਕਥਿੱਤ ਛੋਟਾ ਨਾਂ ''ਡਰਟੀ ਹੈਰੀ'' ਸ਼ੈਂਡ ਦੇ ਫੋਨ ਵਿਚੋਂ ਮਿਲਿਆ ਸੀ ਜੋ ਕਿ ਵੱਖਰਾ ਵਿਅਕਤੀ ਹੈ, ਉਹ ਪਟੇਲ ਨਹੀਂ ਹੈ। ਸਰਕਾਰੀ ਧਿਰ ਅਨੁਸਾਰ ਪਟੇਲ ਦੀ ਯੋਜਨਾ ਅਨੁਸਾਰ ਸ਼ੈਂਡ ਜੋ ਕਿ ਇਕ ਡਰਾਈਵਰ ਹੈ, ਨੇ 11 ਭਾਰਤੀ ਪ੍ਰਵਾਸੀਆਂ ਨੂੰ ਸਰਹੱਦ ਤੋਂ ਮਿਨੀਸੋਟਾ ਵਾਲੇ ਪਾਸੇ ਲਿਆਉਣਾ ਸੀ ਜਿਨਾਂ ਵਿਚੋਂ ਬਚੇ 7 ਹੀ ਪੈਦਲ ਸਰਹੱਦ ਤੱਕ ਪਹੁੰਚ ਸਕੇ ਜਦ ਕਿ ਗੁਜਰਾਤੀ ਪਰਿਵਾਰ ਨੂੰ ਉਸੇ ਦਿਨ ਸਵੇਰ ਵੇਲੇ ਕੈਨੇਡਾ ਦੇ ਅਧਿਕਾਰੀਆਂ ਨੇ ਮ੍ਰਿਤਕ ਹਾਲਤ ਵਿਚ ਪਾਇਆ ਸੀ। ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਯੂ ਐਸ ਅਟਾਰਨੀ ਦੇ ਦਫਤਰ ਨੇ ਕਿਹਾ ਸੀ ਕਿ ਬਹੁਤ ਹੀ ਗੰਭੀਰ ਦੋਸ਼ਾਂ ਵਾਲੇ ਇਸ ਮਾਮਲੇ ਵਿਚ 20 ਸਾਲ ਤੱਕ ਸਜ਼ਾ ਹੋ ਸਕਦੀ ਹੈ। ਲੂਗਰ ਨੇ ਹੋਰ ਕਿਹਾ ਹੈ ਕਿ ਸਰਕਾਰੀ ਵਕੀਲਾਂ ਦੁਆਰਾ ਸਜ਼ਾ ਦੀ ਸਿਫਾਰਿਸ਼ ਕਰਨ ਤੋਂ ਪਹਿਲਾਂ ਮਾਮਲੇ ਨਾਲ ਜੁੜੇ ਵੱਖ ਵੱਖ ਤੱਥਾਂ ਨੂੰ ਧਿਆਨ ਵਿਚ ਰਖਿਆ ਜਾਵੇਗਾ।

Tags:    

Similar News