ਕੈਨੇਡਾ 'ਚ ਬਲਾਤਕਾਰ ਦੇ ਦੋਸ਼ 'ਚ ਪੰਜਾਬ ਦਾ ਨੌਜਵਾਨ ਗ੍ਰਿਫਤਾਰ

ਫੜੇ ਗਏ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ (22) ਵਾਸੀ ਬਰੈਂਪਟਨ ਵਜੋਂ ਹੋਈ ਹੈ। ਇਹ ਨੌਜਵਾਨ ਦਸੰਬਰ 2022 'ਚ ਸਟੱਡੀ ਵੀਜ਼ੇ 'ਤੇ ਪੰਜਾਬ ਤੋਂ ਕੈਨੇਡਾ ਪਹੁੰਚਿਆ ਸੀ।

By :  Gill
Update: 2024-11-28 05:29 GMT

ਬਰੈਂਪਟਨ : ਕੈਨੇਡਾ ਦੀ ਪੀਲ ਪੁਲਿਸ ਨੇ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੀਆਂ ਵਾਰਦਾਤਾਂ ਇਸੇ ਮਹੀਨੇ ਹੋਈਆਂ ਅਤੇ ਉਹ ਲਗਾਤਾਰ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਮੁਲਜ਼ਮ ਪਹਿਲਾਂ ਔਰਤਾਂ ਨੂੰ ਰਾਈਡਸ਼ੇਅਰ ਆਪ੍ਰੇਟਰ ਦੱਸ ਕੇ ਵਰਗਲਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਅਲੱਗ-ਥਲੱਗ ਥਾਵਾਂ 'ਤੇ ਲੈ ਜਾਂਦਾ ਸੀ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਦਾ ਸੀ।

ਫੜੇ ਗਏ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ (22) ਵਾਸੀ ਬਰੈਂਪਟਨ ਵਜੋਂ ਹੋਈ ਹੈ। ਇਹ ਨੌਜਵਾਨ ਦਸੰਬਰ 2022 'ਚ ਸਟੱਡੀ ਵੀਜ਼ੇ 'ਤੇ ਪੰਜਾਬ ਤੋਂ ਕੈਨੇਡਾ ਪਹੁੰਚਿਆ ਸੀ। ਮੁਲਜ਼ਮਾਂ ਨੇ ਬਰੈਂਪਟਨ ਵਿੱਚ ਬੱਸ ਹੜਤਾਲ ਦਾ ਫਾਇਦਾ ਉਠਾਇਆ ਅਤੇ ਰਾਈਡਸ਼ੇਅਰ ਅਪਰੇਟਰ ਦੇ ਰੂਪ ਵਿੱਚ ਔਰਤਾਂ ਨੂੰ ਲਿਫਟਾਂ ਦਿੱਤੀਆਂ। ਇਸੇ ਮਹੀਨੇ ਤਿੰਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ, ਦੋ ਖੇਤਰਾਂ ਪੀਲ ਅਤੇ ਯੈਕ ਦੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ।

ਸਥਾਨਕ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ 3 ਕੇਸ ਦਰਜ ਕਰ ਲਏ ਹਨ। ਜਿਸ ਵਿੱਚ ਜਿਨਸੀ ਸ਼ੋਸ਼ਣ, ਹਥਿਆਰਾਂ ਨਾਲ ਜਿਨਸੀ ਸ਼ੋਸ਼ਣ, ਗਲਾ ਘੁੱਟ ਕੇ ਜਿਨਸੀ ਸ਼ੋਸ਼ਣ, ਲੁੱਟਮਾਰ ਅਤੇ ਧਮਕੀਆਂ ਦੇਣ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਦੋਸ਼ੀ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਉਕਤ ਦੋਸ਼ੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ |

ਤਿੰਨਾਂ ਪੀੜਤ ਔਰਤਾਂ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਂ-ਸਮੇਂ 'ਤੇ ਪੰਜਾਬੀ 'ਚ ਗੱਲ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ੍ਹ ਪੀਲ ਪੁਲਿਸ ਨੂੰ ਸਫ਼ਲਤਾ ਮਿਲੀ ਅਤੇ ਜਨਤਕ ਤੌਰ 'ਤੇ ਐਲਾਨ ਕੀਤਾ ਕਿ ਜੇਕਰ ਨੌਜਵਾਨ ਵੱਲੋਂ ਕਿਸੇ ਹੋਰ ਔਰਤ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਜਾਣਕਾਰੀ ਸਾਂਝੀ ਕੀਤੀ ਜਾਵੇ।

ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਕਿਹਾ ਕਿ ਇਹ ਗ੍ਰਿਫਤਾਰੀ ਸਾਡੀ ਟੀਮ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਦਾ ਨਤੀਜਾ ਹੈ। ਅਸੀਂ ਜਿਨਸੀ ਹਿੰਸਾ ਅਤੇ ਲਿੰਗ ਆਧਾਰਿਤ ਅਪਰਾਧਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ।

Tags:    

Similar News