ਬਰੈਂਪਟਨ ਦੇ ਰਹਿਣ ਵਾਲੇ ਪ੍ਰਭਜੋਤ ਧਨੋਆ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਪਹਿਲਾਂ ਪਿਓ ਤੇ ਇੱਕ ਹਫਤੇ ਬਾਅਦ ਹੀ ਮਾਂ ਨੇ ਸੰਸਾਰ ਨੂੰ ਕਿਹਾ ਅਲਵਿਦਾ;
ਬਰੈਂਪਟਨ 'ਚ ਇੱਕ ਫਾਰਮਾਸਿਸਟ ਅਤੇ ਉੱਘੇ ਸਮਾਜ ਸੇਵਕ ਸਰਦਾਰ ਪ੍ਰਭਜੋਤ ਸਿੰਘ ਧਨੋਆ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਦਰਅਸਲ ਲੰਘੀ 27 ਜਨਵਰੀ ਨੂੰ ਪ੍ਰਭਜੋਤ ਧਨੋਆ ਦੇ ਪਿਤਾ ਜੀ ਸਰਦਾਰ ਸਵਰਨ ਸਿੰਘ ਧਨੋਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਜਨਮ 5 ਮਈ 1932 ਨੂੰ ਹੋਇਆ ਸੀ। 97 ਸਾਲ ਦੀ ਉਮਰ 'ਚ ਉਹ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਪ੍ਰਭਜੋਤ ਸਿੰਘ ਧਨੋਆ ਹਾਲੇ ਇਸ ਦੁੱਖ ਦੀ ਘੜੀ 'ਚੋਂ ਬਾਹਰ ਨਹੀਂ ਆਏ ਸਨ ਕਿ ਇੱਕ ਹਫਤੇ ਬਾਅਦ ਹੀ ਉਨ੍ਹਾਂ ਦੀ ਮਾਤਾ ਜੀ ਗੁਰਬਚਨ ਕੌਰ ਧਨੋਆ ਵੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਮਾਤਾ ਜੀ ਦਾ ਜਨਮ 16 ਨਵੰਬਰ 1931 'ਚ ਹੋਇਆ ਸੀ। ਧਨੋਆ ਪਰਿਵਾਰ ਉੱਪਰ ਇਸ ਸਮੇਂ ਦੁੱਖਾਂ ਦੀ ਘੜੀ ਛਾਈ ਹੋਈ ਹੈ।
ਦੱਸਦਈਏ ਕਿ ਧਨੋਆ ਪਰਿਵਾਰ ਬਰੈਂਪਟਨ 'ਚ ਰਹਿੰਦਾ ਹੈ। ਪਿਛੋਕੜ ਦੀ ਗੱਲ ਕਰੀਏ ਤਾਂ ਪ੍ਰਭਜੋਤ ਸਿੰਘ ਧਨੋਆ ਦੇ ਮਾਤਾ-ਪਿਤਾ ਹੁਸ਼ਿਆਰਪੁਰ ਨਾਲ ਸਬੰਧਿਤ ਸਨ ਅਤੇ ਚੰਡੀਗੜ੍ਹ ਦੇ ਰਹਿੰਦੇ ਸਨ ਅਤੇ ਹੁਣ ਕੈਨੇਡਾ 'ਚ ਦੋਵੇਂ ਆਪਣੇ ਪਿੱਛੇ ਆਪਣੇ ਇਕਲੌਤੇ ਪੁੱਤਰ ਅਤੇ ਨੂੰਹ, ਆਪਣੀ ਬੇਟੀ, ਦੋ ਪੋਤੀਆਂ ਤੇ ਇੱਕ ਪੋਤੇ ਅਤੇ ਦੋਹਤੇ-ਦੋਹਤੀਆਂ ਨੂੰ ਇਕੱਲੇ ਛੱਡ ਗਏ ਹਨ। ਪਿਤਾ ਸਵਰਨ ਸਿੰਘ ਧਨੋਆ ਦਾ ਭੋਗ ਅਤੇ ਅੰਤਿਮ ਅਰਦਾਸ 29 ਜਨਵਰੀ ਨੂੰ ਅਤੇ ਮਾਤਾ ਜੀ ਗੁਰਬਚਨ ਕੌਰ ਧਨੋਆ ਦਾ ਭੋਗ ਅਤੇ ਅੰਤਿਮ ਅਰਦਾਸ 4 ਫਰਵਰੀ ਨੂੰ ਓਨਟਾਰੀਓ ਖਾਲਸਾ ਦਰਬਾਰ ਦੇ ਹਾਲ 3 ਅਤੇ 4 'ਚ ਪਾਇਆ ਗਿਆ।ਧਨੋਆ ਪਰਿਵਾਰ ਨੂੰ ਜਾਨਣ ਵਾਲੇ ਅਤੇ ਉਨ੍ਹਾਂ ਦੇ ਕਰੀਬੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅਦਾਰਾ ਹਮਦਰਦ ਅਤੇ ਭੁੱਲਰ ਪਰਿਵਾਰ ਵੀ ਇਸ ਦੁੱਖ ਦੀ ਘੜੀ 'ਚ ਧਨੋਆ ਪਰਿਵਾਰ ਦੇ ਨਾਲ ਹੈ। ਪਰਮਾਤਮਾ ਇਸ ਦੁੱਖ ਦੀ ਘੜੀ 'ਚ ਪਰਿਵਾਰਕ ਮੈਂਬਰਾਂ, ਖਾਸ ਕਰਕੇ ਪ੍ਰਭਜੋਤ ਸਿੰਘ ਧਨੋਆ ਨੂੰ ਹਿੰਮਤ ਦਾ ਬਲ ਬਖਸ਼ਣ। ਦੁੱਖ ਸਾਂਝਾ ਕਰਨ ਲਈ ਪ੍ਰਭਜੋਤ ਸਿੰਘ ਧਨੋਆ ਨਾਲ 905-781-3456 'ਤੇ ਸੰਪਰਕ ਕੀਤਾ ਜਾ ਸਕਦਾ ਹੈ।