ਮੂਰਤੀ ਵਿਸਰਜਨ ਦੌਰਾਨ ਹੋਏ 2 ਵੱਡੇ ਹਾਦਸੇ, ਇੱਕੋ ਦਿਨ ਵਿੱਚ 13 ਲੋਕਾਂ ਦੀ ਪਾਣੀ ’ਚ ਡੁੱਬਣ ਨਾਲ ਹੋਈ ਮੌਤ

ਮੱਧ ਪ੍ਰਦੇਸ਼ ਲਈ ਦੁਸਹਿਰੇ ਦਾ ਤਿਉਹਾਰ ਕਾਲੇ ਦਿਨ ਵਾਂਗ ਸਾਬਤ ਹੋਇਆ ਇਸ ਦੌਰਾਨ ਜਦੋਂ ਦੁਰਗਾ ਮੂਰਤੀ ਵਿਸਰਜਨ ਵੇਲੇ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਦਨਾਕ ਹਾਦਸੇ ਵਾਪਰੇ। ਦੱਸ ਦੇਈਏ ਕਿ ਇਨ੍ਹਾਂ ਹਾਦਸਿਆਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ।

Update: 2025-10-03 08:00 GMT

ਭੋਪਾਲ (ਗੁਰਪਿਆਰ ਥਿੰਦ) : ਮੱਧ ਪ੍ਰਦੇਸ਼ ਲਈ ਦੁਸਹਿਰੇ ਦਾ ਤਿਉਹਾਰ ਕਾਲੇ ਦਿਨ ਵਾਂਗ ਸਾਬਤ ਹੋਇਆ ਇਹ ਹਾਦਸ਼ਾ ਉਸ ਵੇਲੇ ਵਾਪਰਿਆ ਜਦੋਂ ਦੁਰਗਾ ਮੂਰਤੀ ਵਿਸਰਜਨ ਕੀਤਾ ਜਾ ਰਿਹਾ ਸੀ। ਮੂਰਤੀ ਵਿਸਰਜਨ ਦੌਰਾਨ ਦੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਦਨਾਕ ਹਾਦਸੇ ਵਾਪਰੇ। ਦੱਸ ਦੇਈਏ ਕਿ ਇਨ੍ਹਾਂ ਹਾਦਸਿਆਂ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਉਜੈਨ ਵਿੱਚ ਹੋਇਆ, ਜਿੱਥੇ ਚੰਬਲ ਨਦੀ ਵਿੱਚ ਟਰੈਕਟਰ-ਟਰਾਲੀ ਡਿੱਗਣ ਨਾਲ 2 ਸ਼ਰਧਾਲੂਆਂ ਦੀ ਜਾਨ ਚਲੀ ਗਈ। ਇਸ ਤੋਂ ਕੁਝ ਹੀ ਦੇਰ ਬਾਅਦ, ਖੰਡਵਾ ਜ਼ਿਲ੍ਹੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ, ਜਿੱਥੇ ਛੱਪੜ ਵਿੱਚ ਟਰੈਕਟਰ-ਟਰਾਲੀ ਪਲਟਣ ਨਾਲ 11 ਲੋਕਾਂ ਦੀ ਡੁੱਬ ਕੇ ਮੌਤ ਹੋ ਗਈ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਇਨ੍ਹਾਂ ਘਟਨਾਵਾਂ ਨੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ ਹੈ।


ਖੰਡਵਾ ਜ਼ਿਲ੍ਹੇ ਦੇ ਪੰਧਾਨਾ ਥਾਣਾ ਖੇਤਰ ਦੇ ਜਾਮਲੀ ਪਿੰਡ ਵਿੱਚ ਵ਼ੱਡਾ ਹਾਦਸਾ ਵਾਪਰਿਆ, ਰਾਜਗੜ੍ਹ ਪਿੰਡ ਦੇ ਨੌਜਵਾਨਾਂ ਦਾ ਇੱਕ ਸਮੂਹ ਦੇਵੀ ਦੁਰਗਾ ਦੀਆਂ ਮੂਰਤੀਆਂ ਦਾ ਵਿਸਰਜਨ ਕਰਨ ਲਈ ਟਰੈਕਟਰ-ਟਰਾਲੀ ਰਾਹੀਂ ਜਾਮਲੀ ਪਿੰਡ ਦੇ ਇੱਕ ਛੱਪੜ 'ਤੇ ਪਹੁੰਚਿਆ ਸੀ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਨੂੰ ਰਿਵਰਸ ਕਰਦੇ ਸਮੇਂ ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸ਼ਰਧਾਲੂਆਂ ਸਮੇਤ ਛੱਪੜ ਵਿੱਚ ਪਲਟ ਗਈ।

ਟਰਾਲੀ ਵਿੱਚ ਕਰੀਬ 20-25 ਲੋਕ ਸਵਾਰ ਸਨ। ਹਾਦਸੇ ਤੋਂ ਤੁਰੰਤ ਬਾਅਦ ਚੀਕ-ਚਿਹਾੜਾ ਮੱਚ ਗਿਆ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਜ ਆਪਦਾ ਮੋਚਨ ਬਲ (SDRF) ਦੀਆਂ ਟੀਮਾਂ ਮੌਕੇ ਉੱਤੇ ਪਹੁੰਚੀਆਂ ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ। ਐਸਪੀ ਮਨੋਜ ਕੁਮਾਰ ਰਾਏ ਨੇ ਦੱਸਿਆ ਕਿ ਹਾਦਸੇ ਵਿੱਚ 14 ਲੋਕ ਡੁੱਬੇ ਸਨ, ਜਿਨ੍ਹਾਂ ਵਿੱਚੋਂ 11 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਕੁਝ ਲੋਕ ਤੈਰ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ।

ਇਸ ਤੋਂ ਪਹਿਲਾਂ ਉਜੈਨ ਨੇੜੇ ਇੰਗੋਰੀਆ ਥਾਣਾ ਖੇਤਰ ਵਿੱਚ ਵੀ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ, ਜਦੋਂ ਮੂਰਤੀ ਵਿਸਰਜਨ ਲਈ ਜਾ ਰਹੀ ਇੱਕ ਟਰੈਕਟਰ-ਟਰਾਲੀ ਚੰਬਲ ਨਦੀ ਵਿੱਚ ਡਿੱਗ ਗਈ, ਜਿਸ ਵਿੱਚ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਹਾਦਸੇ ਨੂੰ ਲੈ ਕਿ ਮੁੱਖ ਮੰਤਰੀ ਨੇ ਮੁਆਵਜ਼ੇ ਦਾ ਇਲਾਨ ਕੀਤਾ ਹੈ।

ਇਨ੍ਹਾਂ ਦਰਦਨਾਕ ਹਾਦਸਿਆਂ 'ਤੇ ਮੁੱਖ ਮੰਤਰੀ ਮੋਹਨ ਯਾਦਵ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ 'ਐਕਸ' 'ਤੇ ਪੋਸਟ ਕਰਕੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਅਤੇ ਜ਼ਖਮੀਆਂ ਦਾ ਢੁੱਕਵਾਂ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।


ਦੋਵਾਂ ਘਟਨਾਵਾਂ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਤਿਉਹਾਰ ਦੇ ਦਿਨ ਕਈ ਪਰਿਵਾਰਾਂ ਵਿੱਚ ਮਾਤਮ ਛਾ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਹਨ ਅਤੇ ਮੁਆਵਜ਼ੇ ਵੀ ਮਹੁੱਈਆ ਕਰਾਵਇਆ ਜਾਵੇਗਾ।

Tags:    

Similar News