ਅਮਰੀਕਾ ਦੇ ਲੋਇਸਵਿਲੇ ਸ਼ਹਿਰ ਵਿਚ ਇਕ ਫੈਕਟਰੀ ਵਿਚ ਹੋਏ ਜਬਰਦਸਤ ਧਮਾਕੇ ਵਿੱਚ 11 ਵਰਕਰ ਜ਼ਖਮੀ
ਅਮਰੀਕਾ ਦੇ ਲੋਇਸਵਿਲੇ ਸ਼ਹਿਰ ਵਿਚ ਇਕ ਫੈਕਟਰੀ ਵਿਚ ਹੋਏ ਜਬਰਦਸਤ ਧਮਾਕੇ ਵਿੱਚ 11 ਵਰਕਰ ਜ਼ਖਮੀ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਕੈਂਟੁਕੀ ਰਾਜ ਦੇ ਸ਼ਹਿਰ ਲੋਇਸਵਿਲੇ ਵਿਖੇ ਇਕ ਰੰਗ ਬਣਾਉਣ ਵਾਲੀ ਫੈਕਟਰੀ ਵਿਚ ਹੋਏ ਜਬਰਦਸਤ ਧਮਾਕੇ ਵਿੱਚ 11 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਲੋਇਸਵਿਲੇ ਦੇ ਮੇਅਰ ਕਰੈਗ ਗਰੀਨਬਰਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜ਼ਖਮੀ ਹੋਏ ਸਾਰੇ ਵਿਅਕਤੀ ਪਲਾਂਟ ਵਿਚ ਕੰਮ ਕਰਦੇ ਹਨ। ਉਨਾਂ ਕਿਹਾ ਹੈ ਕਿ ਫੈਕਟਰੀ ਵਿਚ ਧਮਾਕਾ ਉਸ ਸਮੇ ਹੋਇਆ ਜਦੋਂ ਵਰਕਰ ਆਮ ਵਾਂਗ ਕੰਮ ਕਰ ਰਹੇ ਸਨ। ਲੋਇਸਵਿਲੇ ਦੇ ਅੱਗ ਬੁਝਾਉਣ ਵਾਲੇ ਵਿਭਾਗ ਨੇ ਕਿਹਾ ਹੈ ਕਿ ਧਮਾਕਾ 3 ਵਜੇ ਬਾਅਦ ਦੁਪਹਿਰ ਖਤਰਨਾਕ ਸਮਗਰੀ ਕਾਰਨ ਹੋਇਆ ਜਿਸ ਦੀ ਆਵਾਜ਼ ਸਮੁੱਚੇ ਸ਼ਹਿਰ ਵਿਚ ਸੁਣੀ ਗਈ। ਅਧਿਕਾਰੀਆਂ ਨੇ ਇਕ ਮੀਲ ਦੇ ਘੇਰੇ ਵਿਚ ਰਹਿੰਦੇ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਖਤਰਨਾਕ ਜ਼ਹਿਰੀਲੀਆਂ ਹਵਾਵਾਂ ਤੋਂ ਬਚ ਕੇ ਰਹਿਣ। ਫਾਇਰ ਵਿਭਾਗ ਦੇ ਮੁੱਖੀ ਬਰੀਅਨ ਓ ਨੀਲ ਨੇ ਕਿਹਾ ਹੈ ਕਿ ਫੈਕਟਰੀ ਨਾਲ ਲੱਗਦੇ ਕੁਝ ਘਰ ਖਾਲੀ ਵੀ ਕਰਵਾਏ ਗਏ ਹਨ ਕਿਉਂਕਿ ਧਮਾਕੇ ਕਾਰਨ ਘਰਾਂ ਦੇ ਸ਼ੀਸ਼ੇ ਟੁੱਟ ਗਏ ਹਨ ਜਿਸ ਕਾਰਨ ਉਨਾਂ ਵਿਚ ਰਹਿੰਦੇ ਲੋਕਾਂ ਲਈ ਜ਼ਹਿਰੀਲੀ ਹਵਾ ਖਤਰਨਾਕ ਸਾਬਤ ਹੋ ਸਕਦੀ ਹੈ। ਧਮਾਕੇ ਕਾਰਨ ਫੈਕਟਰੀ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਹੈ ਤੇ ਇਮਾਰਤ ਦਾ ਕਾਫੀ ਹਿੱਸਾ ਤਬਾਹ ਹੋ ਗਿਆ ਹੈ। ਧਮਾਕੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਖੇਤਰ ਵਿਚ ਹਵਾ ਦੀ ਗੁਣਵਤਾ ਦਾ ਪਤਾ ਲਾਉਣ ਲਈ ਡਰੋਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।