ਇਸ ਸਾਲ ਹੋਵੇਗੀ ਕੜਾਕੇ ਦੀ ਠੰਡ, IMD ਦੀ ਭਵਿੱਖਬਾਣੀ
ਨਵੀਂ ਦਿੱਲੀ: ਮਾਨਸੂਨ ਪੂਰੇ ਦੇਸ਼ ਨੂੰ ਅਲਵਿਦਾ ਆਖਣ ਵਾਲਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਅਕਤੂਬਰ ਤੱਕ ਮਾਨਸੂਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਆਈਐਮਡੀ ਦੇ ਅਨੁਸਾਰ, ਇਸ ਸਾਲ ਦੇਸ਼ ਵਿੱਚ ਆਮ ਨਾਲੋਂ 8% ਵੱਧ ਮੀਂਹ ਪਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਇਸ ਸਾਲ ਕੜਾਕੇ ਦੀ ਠੰਢ ਪੈ ਸਕਦੀ ਹੈ। ਆਈਐਮਡੀ ਦਾ ਕਹਿਣਾ ਹੈ ਕਿ ਉੱਤਰੀ ਭਾਰਤ, ਖਾਸ ਕਰਕੇ ਦਿੱਲੀ-ਐਨਸੀਆਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਇਸ ਵਾਰ ਕੜਾਕੇ ਦੀ ਠੰਢ ਪੈਣ ਦੀ ਸੰਭਾਵਨਾ ਹੈ। ਇਸ ਸਾਲ ਪਹਿਲਾਂ ਕੜਾਕੇ ਦੀ ਗਰਮੀ, ਫਿਰ ਜ਼ਿਆਦਾ ਮੀਂਹ ਅਤੇ ਹੁਣ ਸਰਦੀ ਨੂੰ ਲੈ ਕੇ ਅਜਿਹੇ ਦਾਅਵੇ ਸਾਹਮਣੇ ਆ ਰਹੇ ਹਨ।
ਅਕਤੂਬਰ-ਨਵੰਬਰ ਦੌਰਾਨ ਲਾ ਨੀਨਾ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਨੁਸਾਰ, ਅਕਤੂਬਰ-ਨਵੰਬਰ ਵਿੱਚ ਲਾ ਨੀਨਾ ਦੇ ਹਾਲਾਤ ਬਣਨ ਦੀ 71% ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਠੰਡ ਕਿੰਨੀ ਹੋਵੇਗੀ ਇਸ ਦਾ ਸਹੀ ਅੰਦਾਜ਼ਾ ਨਵੰਬਰ 'ਚ ਹੀ ਮਿਲ ਸਕੇਗਾ। ਜੇਕਰ ਲਾ ਨੀਨਾ ਇਸ ਮਹੀਨੇ ਸਰਗਰਮ ਰਹਿੰਦਾ ਹੈ, ਤਾਂ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ ਸਖ਼ਤ ਠੰਢ ਪੈ ਸਕਦੀ ਹੈ। ਲਾ ਨੀਨਾ ਆਮ ਤੌਰ 'ਤੇ ਤਾਪਮਾਨ ਵਿੱਚ ਗਿਰਾਵਟ ਦਾ ਕਾਰਨ ਬਣਦੀ ਹੈ। ਇਸ ਕਾਰਨ ਸਰਦੀਆਂ ਵਿੱਚ ਵੀ ਮੀਂਹ ਜ਼ਿਆਦਾ ਪੈਂਦਾ ਹੈ।