Breaking : ਨਾਭਾ ਜੇਲ੍ਹ ਤੋਂ ਰਿਹਾਅ ਹੋਏ Bikram Majithia, ਮੁੱਛਾਂ ਨੂੰ ਵੱਟ ਦੇ ਕੇ ਦਿੱਤੀ ਦਸਤਕ
ਅਕਾਲੀ ਦਲ ਦੇ ਕਈ ਦਿੱਗਜ ਆਗੂਆਂ ਨੇ ਉਨ੍ਹਾਂ ਨੂੰ ਜੀ-ਆਇਆਂ ਕਿਹਾ ਅਤੇ ਇਸ ਦਿਨ ਨੂੰ ਪਾਰਟੀ ਲਈ ਇੱਕ ਨਵੀਂ ਊਰਜਾ ਭਰਨ ਵਾਲਾ ਦਿਨ ਦੱਸਿਆ।
ਅਕਾਲੀ ਵਰਕਰਾਂ ਨੇ ਮਨਾਇਆ ਜਸ਼ਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ 'ਮਾਝੇ ਦੇ ਜਰਨੈਲ' ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਅੱਜ ਦੁਪਹਿਰ ਕਰੀਬ 2:30 ਵਜੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਜਿਵੇਂ ਹੀ ਉਹ ਜੇਲ੍ਹ ਦੇ ਮੁੱਖ ਗੇਟ ਤੋਂ ਬਾਹਰ ਨਿਕਲੇ, ਉਨ੍ਹਾਂ ਨੇ ਆਪਣੇ ਜਾਣੇ-ਪਛਾਣੇ ਰਵਾਇਤੀ ਅੰਦਾਜ਼ ਵਿੱਚ ਮੁੱਛਾਂ ਨੂੰ ਵੱਟ ਦਿੱਤਾ। ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਅਕਾਲੀ ਵਰਕਰਾਂ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਮਰਥਕਾਂ ਨੇ ਢੋਲ-ਧਮੱਕਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਸਿੱਧੇ ਹਮਲੇ ਕੀਤੇ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਸੱਚ ਦੀ ਜਿੱਤ ਹੋਈ ਹੈ ਅਤੇ ਉਨ੍ਹਾਂ ਵਿਰੁੱਧ ਕੀਤੀ ਗਈ ਸਾਰੀ ਕਾਰਵਾਈ ਸਿਰਫ਼ ਸਿਆਸੀ ਬਦਲਾਖੋਰੀ ਅਤੇ ਸਾਜ਼ਿਸ਼ ਦਾ ਨਤੀਜਾ ਸੀ। ਮਜੀਠੀਆ ਨੇ ਐਲਾਨ ਕੀਤਾ ਕਿ ਉਨ੍ਹਾਂ ਨਾਲ ਹੋਈ ਇਸ ਧੱਕੇਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੁਣ ਹੋ ਚੁੱਕੀ ਹੈ। ਅਕਾਲੀ ਦਲ ਦੇ ਕਈ ਦਿੱਗਜ ਆਗੂਆਂ ਨੇ ਉਨ੍ਹਾਂ ਨੂੰ ਜੀ-ਆਇਆਂ ਕਿਹਾ ਅਤੇ ਇਸ ਦਿਨ ਨੂੰ ਪਾਰਟੀ ਲਈ ਇੱਕ ਨਵੀਂ ਊਰਜਾ ਭਰਨ ਵਾਲਾ ਦਿਨ ਦੱਸਿਆ।
ਪਿਛਲੇ ਲੰਬੇ ਸਮੇਂ ਤੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਰਹਿਣ ਤੋਂ ਬਾਅਦ ਮਜੀਠੀਆ ਦੀ ਇਹ ਰਿਹਾਈ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਪੈਦਾ ਕਰਨ ਵਾਲੀ ਮੰਨੀ ਜਾ ਰਹੀ ਹੈ। ਅਕਾਲੀ ਦਲ ਜੋ ਕਿ ਪਿਛਲੇ ਕੁਝ ਸਮੇਂ ਤੋਂ ਸੂਬੇ ਵਿੱਚ ਆਪਣੀ ਗੁਆਚੀ ਜ਼ਮੀਨ ਤਲਾਸ਼ ਰਿਹਾ ਹੈ, ਮਜੀਠੀਆ ਦੀ ਵਾਪਸੀ ਨਾਲ ਪਾਰਟੀ ਵਿੱਚ ਨਵੀਂ ਰੂਹ ਫੂਕੀ ਗਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਜੀਠੀਆ ਦੇ ਬਾਹਰ ਆਉਣ ਨਾਲ ਆਉਣ ਵਾਲੇ ਦਿਨਾਂ ਵਿੱਚ ਸੱਤਾਧਾਰੀ ਪਾਰਟੀ ਅਤੇ ਅਕਾਲੀ ਦਲ ਵਿਚਕਾਰ ਸ਼ਬਦੀ ਜੰਗ ਹੋਰ ਤੇਜ਼ ਹੋਵੇਗੀ ਅਤੇ ਵਿਰੋਧੀ ਖੇਮਿਆਂ ਵਿੱਚ ਵੀ ਹਲਚਲ ਵਧੇਗੀ।