ਗੁਜਰਾਤ : ਗੁਜਰਾਤ ਦੇ ਭਰੂਚ ਵਿੱਚ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਮਰਨ ਵਾਲਿਆਂ ਵਿੱਚ 2 ਬੱਚੇ ਅਤੇ 2 ਔਰਤਾਂ ਵੀ ਸ਼ਾਮਲ ਹਨ। ਸੜਕ 'ਤੇ ਖੜ੍ਹੇ ਟਰੱਕ ਨਾਲ ਈਕੋ ਕਾਰ ਦੀ ਟੱਕਰ ਹੋ ਗਈ। ਟੱਕਰ ਹੁੰਦੇ ਹੀ ਕਾਰ ਦੇ ਪਰਖੱਚੇ ਉੱਡ ਗਏ। ਕਾਰ ਵਿਚ ਸਵਾਰ ਲੋਕ ਉਥੇ ਹੀ ਫਸ ਗਏ।
ਬਚਾਅ ਕਾਰਜ ਸ਼ੁਰੂ ਹੋਣ ਤੱਕ ਜ਼ਖਮੀਆਂ ਦੀ ਮੌਤ ਹੋ ਚੁੱਕੀ ਸੀ। 4 ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ। ਕਾਰ ਨੂੰ ਕੱਟ ਕੇ ਲਾਸ਼ਾਂ ਕੱਢਣੀਆਂ ਪਈਆਂ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਸੋਮਵਾਰ ਦੇਰ ਰਾਤ ਭਰੂਚ ਦੇ ਜੰਬੂਸਰ-ਅਮੋਦ ਰੋਡ 'ਤੇ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਏ ਈਕੋ ਕਾਰ ਵਿੱਚ ਸਵਾਰ ਸਾਰੇ ਲੋਕ ਜੰਬੂਸਰ ਦੇ ਪਿੰਡ ਵੇੜਚ ਅਤੇ ਪੰਚਕੜਾ ਦੇ ਵਸਨੀਕ ਸਨ। ਮ੍ਰਿਤਕ ਅਤੇ ਜ਼ਖਮੀ ਸ਼ੁਕਲਾਤੀਰਥ 'ਚ ਚੱਲ ਰਹੇ ਮੇਲੇ ਦਾ ਦੌਰਾ ਕਰਕੇ ਵਾਪਸ ਪਰਤ ਰਹੇ ਸਨ ਕਿ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਏ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਸਪਨਾਬੇਨ ਜੈਦੇਵ ਗੋਹਿਲ, ਜੈਦੇਵ ਗੋਵਿੰਦਭਾਈ ਗੋਹਿਲ, ਕੀਰਤਿਕਾਬੇਨ ਅਰਜੁਨਸਿੰਘ ਗੋਹਿਲ, ਹੰਸਾਬੇਨ ਅਰਵਿੰਦ ਜਾਦਵ, ਸੰਧਿਆਬੇਨ ਅਰਵਿੰਦ ਜਾਦਵ, ਵਿਵੇਕ ਗਣਪਤ ਪਰਮਾਰ ਵਜੋਂ ਹੋਈ ਹੈ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਤਾਂ ਜੋ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।