ਹਰਿਆਣਾ 'ਚ 'ਆਪ'-ਕਾਂਗਰਸ ਗਠਜੋੜ ਮੁਸ਼ਕਿਲ, 'ਆਪ' 50 ਸੀਟਾਂ 'ਤੇ ਲੜ ਸਕਦੀ ਹੈ ਚੋਣ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ-ਆਮ ਆਦਮੀ ਪਾਰਟੀ ਦੇ ਗਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ ਪਰ ਹੁਣ ਅਜਿਹਾ ਹੋਣਾ ਬਹੁਤ ਮੁਸ਼ਕਲ ਜਾਪਦਾ ਹੈ
ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ-ਆਮ ਆਦਮੀ ਪਾਰਟੀ ਦੇ ਗਠਜੋੜ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ ਪਰ ਹੁਣ ਅਜਿਹਾ ਹੋਣਾ ਬਹੁਤ ਮੁਸ਼ਕਲ ਜਾਪਦਾ ਹੈ। ਇੰਡੀਅਨ ਐਕਸਪ੍ਰੈਸ ਨੂੰ ਆਮ ਆਦਮੀ ਪਾਰਟੀ ਦੇ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਸਿਰੇ ਨਹੀਂ ਚੜ੍ਹ ਰਹੀ ਹੈ ਅਤੇ ਗਠਜੋੜ ਬਹੁਤ ਮੁਸ਼ਕਲ ਨਜ਼ਰ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਕੱਲਿਆਂ ਹੀ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ ਅਤੇ 50 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਸਕਦੀ ਹੈ। ਲੋਕ ਸਭਾ ਚੋਣਾਂ ਦੌਰਾਨ ਹਰਿਆਣਾ 'ਚ 'ਆਪ' ਅਤੇ ਕਾਂਗਰਸ ਦਾ ਗਠਜੋੜ ਹੋ ਗਿਆ ਸੀ।
'ਆਪ'-ਕਾਂਗਰਸ ਗਠਜੋੜ 'ਚ ਮੁਸ਼ਕਿਲ ਕਿਉਂ?
ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ 'ਆਪ' ਨੇ 10 ਸੀਟਾਂ ਮੰਗੀਆਂ ਸਨ, ਜਦਕਿ ਕਾਂਗਰਸ ਨੇ ਸਿਰਫ਼ ਸੱਤ ਸੀਟਾਂ ਦੀ ਪੇਸ਼ਕਸ਼ ਕੀਤੀ ਸੀ। ਕੁਝ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਮੀਟਿੰਗ ਦੌਰਾਨ 'ਆਪ' ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਵਿੱਚ ਦਿਲਚਸਪੀ ਦਿਖਾਈ ਸੀ।
ਕਾਂਗਰਸ ਅਤੇ 'ਆਪ' ਆਗੂਆਂ ਵਿਚਾਲੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਕਾਂਗਰਸ ਦੇ ਹਰਿਆਣਾ ਇੰਚਾਰਜ ਦੀਪਕ ਬਾਰੀਆ ਨੇ ‘ਆਪ’ ਆਗੂ ਰਾਘਵ ਚੱਡਾ ਨਾਲ ਮੁਲਾਕਾਤ ਕਰਕੇ ਕਿਹਾ ਸੀ ਕਿ ਗੱਲਬਾਤ ਚੱਲ ਰਹੀ ਹੈ ਅਤੇ ਕੋਈ ਚੰਗਾ ਫੈਸਲਾ ਲਿਆ ਜਾਵੇਗਾ।
ਗਠਜੋੜ ਵੀ ਅਰਵਿੰਦ ਕੇਜਰੀਵਾਲ ਦੀ ਰਿਹਾਈ 'ਤੇ ਨਿਰਭਰ ਕਰੇਗਾ
ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿਚਾਲੇ ਕੋਈ ਵੀ ਗਠਜੋੜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਨਿਰਭਰ ਕਰੇਗਾ। ਯਾਨੀ ਜੇਕਰ ਸੀਐਮ ਕੇਜਰੀਵਾਲ ਜੇਲ ਤੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦੀ ਰਾਏ ਲੈ ਕੇ ਗਠਜੋੜ ਦੇ ਸਵਾਲ 'ਤੇ ਕੁਝ ਤੈਅ ਹੋ ਸਕਦਾ ਹੈ। ਹਾਲਾਂਕਿ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਹਰਿਆਣਾ ਕਾਂਗਰਸ ਦੇ ਕਈ ਆਗੂ ਆਮ ਆਦਮੀ ਪਾਰਟੀ ਨਾਲ ਗਠਜੋੜ ਨਹੀਂ ਚਾਹੁੰਦੇ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ 'ਆਜਤਕ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਕੱਲੇ ਚੋਣ ਲੜਨ ਦੇ ਸਮਰੱਥ ਹਾਂ ਪਰ ਕੇਂਦਰੀ ਨੇਤਾ ਕੀ ਫੈਸਲਾ ਲੈਂਦੇ ਹਨ, ਇਸ 'ਤੇ ਬਹੁਤ ਕੁਝ ਨਿਰਭਰ ਕਰੇਗਾ।