ਯਮੁਨਾ ਐਕਸਪ੍ਰੈਸ ਵੇਅ 'ਤੇ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, 5 ਮੌਤਾਂ
ਅਲੀਗੜ੍ਹ : ਯੂਪੀ ਦੇ ਅਲੀਗੜ੍ਹ ਵਿੱਚ ਬੁੱਧਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਯਮੁਨਾ ਐਕਸਪ੍ਰੈਸ ਵੇਅ 'ਤੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਟਰੱਕ ਨਾਲ ਟਕਰਾਉਣ ਤੋਂ ਬਾਅਦ ਬੱਸ ਦੇ ਪਰਖੱਚੇ ਉੱਡ ਗਏ। ਮਰਨ ਵਾਲਿਆਂ ਵਿੱਚ ਇੱਕ ਪੰਜ ਮਹੀਨੇ ਦਾ ਬੱਚਾ, ਇੱਕ ਔਰਤ ਅਤੇ 3 ਪੁਰਸ਼ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਬੱਸ ਦਿੱਲੀ ਤੋਂ ਆਜ਼ਮਗੜ੍ਹ ਲਈ ਰਵਾਨਾ ਹੋਈ ਸੀ। ਹਾਦਸੇ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਬੱਸ ਦੇ ਅੰਦਰ ਹੀ ਫਸ ਗਈਆਂ। ਇਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਬੱਸ ਵਿਚ ਸਵਾਰ ਲੋਕ ਖਿੜਕੀਆਂ ਤੋੜ ਕੇ ਬਾਹਰ ਆ ਗਏ। ਪੁਲਸ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਜੇਵਰ ਦੇ ਕੈਲਾਸ਼ ਹਸਪਤਾਲ ਪਹੁੰਚਾਇਆ। ਹਾਦਸੇ 'ਚ ਮਾਰੇ ਗਏ ਪੰਜ ਲੋਕਾਂ 'ਚੋਂ ਤਿੰਨ ਦੀ ਪਛਾਣ ਹੋ ਗਈ ਹੈ, ਜਦਕਿ ਦੋ ਦੀ ਪਛਾਣ ਹੋਣੀ ਬਾਕੀ ਹੈ।
ਤਪਲ ਥਾਣੇ ਦੇ ਇੰਸਪੈਕਟਰ ਸ਼ਿਸ਼ੂਪਾਲ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਯਮੁਨਾ ਐਕਸਪ੍ਰੈਸ ਵੇਅ 'ਤੇ ਤਪਲ ਨੇੜੇ ਰਾਤ ਕਰੀਬ 1 ਵਜੇ ਵਾਪਰਿਆ। ਬੱਸ ਦਿੱਲੀ ਤੋਂ ਆਜ਼ਮਗੜ੍ਹ ਜਾ ਰਹੀ ਸੀ, ਜਦਕਿ ਟਰੱਕ ਦਿੱਲੀ ਤੋਂ ਆਗਰਾ ਜਾ ਰਿਹਾ ਸੀ। ਇਸ ਦੌਰਾਨ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਇਹ ਬੇਕਾਬੂ ਹੋ ਕੇ ਬੀਅਰ ਦੀਆਂ ਖਾਲੀ ਬੋਤਲਾਂ ਨਾਲ ਭਰੇ ਟਰੱਕ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਕੰਡਕਟਰ ਵਾਲੇ ਪਾਸੇ ਤੋਂ ਪੂਰੀ ਤਰ੍ਹਾਂ ਨੁਕਸਾਨੀ ਗਈ।