ਕੀ ਅਮਰੀਕਾ ਯੁੱਧ ਖ਼ਤਮ ਕਰੇਗਾ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਵਿੱਚ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਨਵੀਂ ਸ਼ਾਂਤੀ ਯੋਜਨਾ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਗਾਜ਼ਾ ਵਿੱਚ ਦੋ ਸਾਲਾਂ ਤੋਂ ਚੱਲ ਰਹੇ ਸੰਘਰਸ਼ ਨੂੰ ਖਤਮ ਕੀਤਾ ਜਾਵੇ ਅਤੇ ਇਲਾਕੇ ਦੇ ਮੁੜ ਵਸੇਬੇ 'ਤੇ ਧਿਆਨ ਦਿੱਤਾ ਜਾਵੇ। ਇਸ ਯੋਜਨਾ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸਹਿਮਤੀ ਦਿੱਤੀ ਹੈ। ਜੇਕਰ ਹਮਾਸ ਵੀ ਇਸ ਯੋਜਨਾ ਨੂੰ ਸਵੀਕਾਰ ਕਰਦਾ ਹੈ, ਤਾਂ ਜੰਗ ਤੁਰੰਤ ਖ਼ਤਮ ਹੋ ਜਾਵੇਗੀ।
ਸ਼ਾਂਤੀ ਯੋਜਨਾ ਨੂੰ ਮਿਲੀ 8 ਦੇਸ਼ਾਂ ਦੀ ਹਮਾਇਤ
ਟਰੰਪ ਦੀ ਇਸ ਸ਼ਾਂਤੀ ਯੋਜਨਾ ਨੂੰ 8 ਅਰਬ ਅਤੇ ਮੁਸਲਿਮ ਦੇਸ਼ਾਂ ਦਾ ਸਮਰਥਨ ਮਿਲਿਆ ਹੈ, ਜਿਨ੍ਹਾਂ ਵਿੱਚ ਕਤਰ, ਜਾਰਡਨ, ਸੰਯੁਕਤ ਅਰਬ ਅਮੀਰਾਤ, ਇੰਡੋਨੇਸ਼ੀਆ, ਪਾਕਿਸਤਾਨ, ਤੁਰਕੀ, ਸਾਊਦੀ ਅਰਬ ਅਤੇ ਮਿਸਰ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਟਰੰਪ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਯੋਜਨਾ ਗਾਜ਼ਾ ਵਿੱਚ ਜੰਗਬੰਦੀ, ਮੁੜ ਨਿਰਮਾਣ ਅਤੇ ਫਲਸਤੀਨੀ ਨਾਗਰਿਕਾਂ ਦੇ ਵਿਸਥਾਪਨ ਨੂੰ ਰੋਕਣ ਵਿੱਚ ਮਦਦ ਕਰੇਗੀ, ਜਿਸ ਨਾਲ ਇਲਾਕੇ ਵਿੱਚ ਸਥਾਈ ਸ਼ਾਂਤੀ ਆਵੇਗੀ।
ਜੇ ਹਮਾਸ ਮੰਨ ਜਾਂਦਾ ਹੈ ਤਾਂ ਕੀ ਹੋਵੇਗਾ?
ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਜੇ ਹਮਾਸ ਇਹ ਸ਼ਾਂਤੀ ਪ੍ਰਸਤਾਵ ਸਵੀਕਾਰ ਕਰ ਲੈਂਦਾ ਹੈ, ਤਾਂ ਜੰਗ ਤੁਰੰਤ ਖਤਮ ਹੋ ਜਾਵੇਗੀ। ਇਜ਼ਰਾਇਲੀ ਫ਼ੌਜਾਂ ਗਾਜ਼ਾ ਤੋਂ ਪਿੱਛੇ ਹਟ ਜਾਣਗੀਆਂ ਅਤੇ ਸਾਰੇ ਫੌਜੀ ਕਾਰਵਾਈਆਂ ਬੰਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੂੰ ਉਮੀਦ ਹੈ ਕਿ ਹਮਾਸ ਸਕਾਰਾਤਮਕ ਜਵਾਬ ਦੇਵੇਗਾ। ਅਰਬ ਅਤੇ ਮੁਸਲਿਮ ਦੇਸ਼ ਵੀ ਇਸ ਪ੍ਰਕਿਰਿਆ ਵਿੱਚ ਸਹਿਯੋਗ ਕਰਨਗੇ।
ਜੇ ਹਮਾਸ ਇਨਕਾਰ ਕਰਦਾ ਹੈ ਤਾਂ ਕੀ ਹੋਵੇਗਾ?
ਦੂਜੇ ਪਾਸੇ, ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਹਮਾਸ ਸ਼ਾਂਤੀ ਯੋਜਨਾ ਨੂੰ ਰੱਦ ਕਰਦਾ ਹੈ, ਤਾਂ ਅਮਰੀਕਾ ਹਮਾਸ ਨੂੰ ਖਤਮ ਕਰਨ ਦੇ ਇਜ਼ਰਾਇਲੀ ਯਤਨਾਂ ਦਾ ਪੂਰਾ ਸਮਰਥਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਹਾਲਤ ਵਿੱਚ ਇਜ਼ਰਾਇਲੀ ਫ਼ੌਜ ਆਪਣੇ ਵਾਅਦੇ ਅਨੁਸਾਰ ਹਮਾਸ ਦਾ ਸਫ਼ਾਇਆ ਕਰੇਗੀ, ਅਤੇ ਅਮਰੀਕੀ ਫ਼ੌਜ ਵੀ ਇਸ ਕਾਰਵਾਈ ਵਿੱਚ ਇਜ਼ਰਾਇਲ ਨਾਲ ਮਿਲ ਕੇ ਕੰਮ ਕਰੇਗੀ।