ਥਾਣਿਆਂ ਉੱਤੇ ਧਮਾਕੇ, ਪੰਜਾਬ ਪੁਲਿਸ ਤੇ ਐਨ ਐੱਸ ਆਈ ਲਈ ਚੈਲੰਜ

Update: 2024-12-23 01:34 GMT

ਚੰਡੀਗੜ੍ਹ-ਪੰਜਾਬ ’ਚ ਇੱਕ ਮਹੀਨੇ ਅੰਦਰ ਹੋਏ ਅੱਠ ਧਮਾਕਿਆਂ ’ਚ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀਆਂ ਤੇ ਉਸ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਦਾ ਹੱਥ ਹੋਣ ਦੇ ਸਬੂਤ ਮਿਲੇ ਹਨ। ਇਨ੍ਹਾਂ ’ਚੋਂ ਪੰਜ ਧਮਾਕਿਆਂ ਦੇ ਮਾਮਲੇ ਸੁਲਝਾ ਲਏ ਗਏ ਹਨ ਜਦਕਿ ਦੋ ਧਮਾਕਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਅੱਠਵੇਂ ਮਾਮਲੇ ਦੇ ਮਸ਼ਕੂਕਾਂ ਦੀ ਪਛਾਣ ਕਰ ਲਈ ਗਈ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ, ‘ਇਹ ਆਈਐੱਸਆਈ ਦੀ ਨਵੀਂ ਕੋਸ਼ਿਸ਼ ਹੈ ਜੋ ਭੋਲੇ-ਭਾਲੇ ਨੌਜਵਾਨਾਂ ਨੂੰ ਪੈਸੇ, ਨਸ਼ਾ ਤੇ ਵਿਦੇਸ਼ ’ਚ ਸੁਰੱਖਿਅਤ ਪਨਾਹ ਦਾ ਲਾਲਚ ਦੇ ਕੇ ਵਰਤ ਰਹੀ ਹੈ। ਅਸੀਂ 11 ਹੋਰ ਮਡਿਊਲ ਤਬਾਹ ਕਰ ਦਿੱਤੇ ਹਨ ਅਤੇ ਧਮਾਕਿਆਂ ਦੀਆਂ ਅੱਠ ’ਚੋਂ ਪੰਜ ਘਟਨਾਵਾਂ ਦਾ ਪੂਰੀ ਤਰ੍ਹਾਂ ਪਤਾ ਲਗਾ ਲਿਆ ਹੈ।’ ਪੁਲਿਸ ਦੀ ਜਾਂਚ ਅਨੁਸਾਰ ਅਜਨਾਲਾ ਧਮਾਕੇ ’ਚ ਆਰਡੀਐੱਕਸ ਵਰਤਿਆ ਗਿਆ ਜਦਕਿ ਬਾਕੀ ਸੱਤ ਘਟਨਾਵਾਂ ’ਚ ਆਸਟਰੀਆ ’ਚ ਬਣੇ ਆਗਰੇਜ਼ ਗ੍ਰਨੇਡ ਵਰਤੇ ਗਏ ਜੋ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਵੱਖ ਵੱਖ ਮਡਿਊਲਾਂ ਦੇ ਸੰਚਾਲਕਾਂ ਨੂੰ ਸਰਹੱਦ ਪਾਰੋਂ ਡਰੋਨਾਂ ਦੀ ਮਦਦ ਨਾਲ ਪਹੁੰਚਾਏ ਗਏ ਹੋ ਸਕਦੇ ਹਨ। ਇਹ ਗ੍ਰਨੇਡ 1993 ’ਚ ਹੋਏ ਮੁੰਬਈ ਧਮਾਕਿਆਂ, ਸੰਸਦ ’ਤੇ ਹਮਲੇ ਦੌਰਾਨ ਵਰਤੇ ਗਏ ਸਨ ਅਤੇ ਹੁਣ ਪਿੱਛੇ ਜਿਹੇ ਚੰਡੀਗੜ੍ਹ ਦੇ ਸੈਕਟਰ-10 ’ਚ ਹੋਏ ਧਮਾਕੇ ’ਚ ਵੀ ਇਹੀ ਗ੍ਰਨੇਡ ਵਰਤੇ ਗਏ ਸਨ।

ਪੁਲਿਸ ਨੇ ਦੱਸਿਆ, ‘ਇਹ ਗ੍ਰਨੇਡ 2010 ਤੋਂ ਪਹਿਲਾਂ ਕਾਫੀ ਆਮ ਸਨ ਜਦੋਂ ਸਰਹੱਦ ਪਾਰੋਂ ਇਨ੍ਹਾਂ ਨਾਲੋਂ ਵੱਧ ਚੀਨੀ ਗ੍ਰਨੇਡਾਂ ਦੀ ਤਸਕਰੀ ਕੀਤੀ ਜਾਂਦੀ ਸੀ। ਅਜਿਹਾ ਲਗਦਾ ਹੈ ਕਿ ਪੁਰਾਣਾ ਸਟਾਕ ਹੁਣ ਪੰਜਾਬ ਭੇਜਿਆ ਜਾ ਰਿਹਾ ਹੈ।’ ਉਨ੍ਹਾਂ ਦੱਸਿਆ ਕਿ ਅਜਨਾਲਾ ਥਾਣੇ ਦੇ ਬਾਹਰੇ 700 ਗ੍ਰਾਮ ਆਰਡੀਐੱਕਸ ਬਰਾਮਦ ਹੋਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਕੁਝ ਆਰਡੀਐੱਕਸ ਅਜੇ ਵੀ ਕੁਝ ਹੈਂਡਲਰਾਂ ਕੋਲ ਹੋ ਸਕਦਾ ਹੈ। ਇਹ ਹੈਂਡਲਰ ਵਿਦੇਸ਼ ਸਥਿਤ ਅਤਿਵਾਦੀਆਂ ਦੀ ਨਿਗਰਾਨੀ ਹੇਠ ਸਨ ਜਿਨ੍ਹਾਂ ’ਚ ਹੈਪੀ ਪਾਸ਼ੀਆ, ਹੈਪੀ ਜਾਟ, ਜੀਵਨ ਫੌਜੀ, ਮਨੂ ਬਾਗੀ ਤੇ ਗੋਪੀ ਘਨਸ਼ਾਮਪੁਰੀਆ ਸ਼ਾਮਲ ਹਨ। ਧਮਾਕਿਆਂ ਦੀ ਜ਼ਿੰਮੇਵਾਰੀ ਇਨ੍ਹਾਂ ਨੇ ਲਈ ਸੀ।

Similar News