ਚੋਣ ਕਮਿਸ਼ਨ ਨੇ ਕੀਤੀ ਨਿਤਿਨ ਗਡਕਰੀ ਦੇ ਹੈਲੀਕਾਪਟਰ ਦੀ ਜਾਂਚ
ਮਹਾਂਰਾਸ਼ਟਰ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੇ ਹੈਲੀਕਾਪਟਰ ਦੀ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਲਾਤੂਰ ਵਿੱਚ ਚੋਣ ਅਧਿਕਾਰੀਆਂ ਨੇ ਜਾਂਚ ਕੀਤੀ। ਉਹ ਚੋਣ ਪ੍ਰਚਾਰ ਲਈ ਉਥੇ ਪੁੱਜੇ ਸਨ। ਉਨ੍ਹਾਂ ਤੋਂ ਪਹਿਲਾਂ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਦੇ ਬੈਗ ਦੀ ਦੋ ਵਾਰ ਜਾਂਚ ਕੀਤੀ ਗਈ ਸੀ। ਠਾਕਰੇ ਨੇ ਜਾਂਚ 'ਤੇ ਸਵਾਲ ਖੜ੍ਹੇ ਕੀਤੇ ਸਨ ਅਤੇ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਕਰਦੇ ਹੋਏ ਕਿਹਾ ਸੀ ਕਿ ਅਧਿਕਾਰੀਆਂ ਨੂੰ ਸਬਕ ਸਿਖਾਇਆ ਜਾਵੇਗਾ।
ਹੁਣ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਹੈਲੀਕਾਪਟਰ ਵਿੱਚ ਰੱਖੇ ਬੈਗਾਂ ਦੀ ਚੋਣ ਅਧਿਕਾਰੀਆਂ ਨੇ ਲਾਤੂਰ ਵਿੱਚ ਜਾਂਚ ਕੀਤੀ ਹੈ। ਇਸ ਤੋਂ ਪਹਿਲਾਂ ਦਿਨ ਵਿੱਚ, ਚੋਣ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਸੀ ਕਿ ਊਧਵ ਠਾਕਰੇ ਦੇ ਬੈਗਾਂ ਦੀ ਜਾਂਚ SOP ਦਾ ਇੱਕ ਹਿੱਸਾ ਸੀ। ਠਾਕਰੇ ਦੇ ਬੈਗ ਦੀ ਦੋਹਰੀ ਚੈਕਿੰਗ ਨੇ ਇਸ ਵਿਵਾਦ ਨੂੰ ਜਨਮ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਨੇ ਇਸ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕਰਨ ਲਈ ਕੀਤੀ ਗਈ ਬੇਲੋੜੀ ਕਾਰਵਾਈ ਕਰਾਰ ਦਿੱਤਾ।