America ਤੋਂ deport ਹੋ ਰਹੇ 7 ਪੰਜਾਬੀ ਟਰੱਕ ਡਰਾਈਵਰ

ਅਮਰੀਕਾ ਵਿਚ 7 ਪੰਜਾਬੀ ਟਰੱਕ ਡਰਾਈਵਰਾਂ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਸੁਖਦੀਪ ਸਿੰਘ ਵਿਰੁੱਧ ਲਾਲ ਬੱਤੀ ਦੀ ਉਲੰਘਣਾ ਕਰਨ ਮਗਰੋਂ ਕਾਰਵਾਈ ਕੀਤੀ ਗਈ

Update: 2026-01-16 13:56 GMT

ਫ਼ਿਨਿਕਸ, ਐਰੀਜ਼ੋਨਾ : ਅਮਰੀਕਾ ਵਿਚ 7 ਪੰਜਾਬੀ ਟਰੱਕ ਡਰਾਈਵਰਾਂ ਨੂੰ ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਸੁਖਦੀਪ ਸਿੰਘ ਵਿਰੁੱਧ ਲਾਲ ਬੱਤੀ ਦੀ ਉਲੰਘਣਾ ਕਰਨ ਮਗਰੋਂ ਕਾਰਵਾਈ ਕੀਤੀ ਗਈ। ਐਰੀਜ਼ੋਨਾ ਸੂਬੇ ਦੇ ਯੂਮਾ ਸੈਕਟਰ ਨਾਲ ਸਬੰਧਤ ਬਾਰਡਰ ਪੈਟਰੋਲ ਏਜੰਟਾਂ ਨੇ ਸੁਖਦੀਪ ਸਿੰਘ ਦੀ ਤਸੀਵਰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦ ਹੋਣ ਦੇ ਬਾਵਜੂਦ ਡਰਾਈਵਿੰਗ ਕਰ ਰਿਹਾ ਸੀ ਅਤੇ ਹੁਣ ਉਸ ਨੂੰ ਡਿਪੋਰਟ ਕੀਤਾ ਜਾਵੇਗਾ। ਬਾਰਡਰ ਏਜੰਟਾਂ ਨੇ ਸੁਖਦੀਪ ਸਿੰਘ ਦੇ ਲਾਇਸੰਸ ਦੀ ਤਸਵੀਰ ਵੀ ਸਾਂਝੀ ਕੀਤੀ ਜੋ ਕੈਲੇਫੋਰਨੀਆ ਸੂਬੇ ਵਿਚੋਂ ਜਾਰੀ ਕੀਤਾ ਗਿਆ ਹੈ।

ਸੁਖਦੀਪ ਸਿੰਘ ਨੂੰ ਐਰੀਜ਼ੋਨਾ ਸੂਬੇ ਵਿਚ ਕੀਤਾ ਕਾਬੂ

ਸੁਖਦੀਵ ਸਿੰਘ ਨੂੰ ਐਰੀਜ਼ੋਨਾ ਸੂਬੇ ਦੇ ਕੁਆਰਟਸਾਈਟ ਸ਼ਹਿਰ ਦੀ ਪੁਲਿਸ ਨੇ ਰੋਕਿਆ ਅਤੇ ਦਾਅਵਾ ਕੀਤਾ ਕਿ ਉਸ ਨੇ ਲਾਲ ਬੱਤੀ ਦੀ ਉਲੰਘਣਾ ਕਰਨ ਤੋਂ ਇਲਾਵ ਸਟੌਪ ਸਾਈਨ ਵੱਲ ਵੀ ਧਿਆਨ ਨਾ ਦਿਤਾ। ਸੁਖਦੀਪ ਸਿੰਘ ਦਾ ਮਾਮਲਾ ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਉਤੇ ਕਸੇ ਜਾ ਰਹੇ ਸ਼ਿਕੰਜੇ ਦੀ ਸਪੱਸ਼ਟ ਮਿਸਾਲ ਹੈ ਅਤੇ ਕੈਲੇਫੋਰਨੀਆ ਤੋਂ ਬਾਹਰ ਟਰੱਕ ਚਲਾਉਣਾ ਅਸੰਭਵ ਹੋ ਚੁੱਕਾ ਹੈ। ਦੂਜੇ ਪਾਸੇ ਬਲਾਈਥ ਸਟੇਸ਼ਨ ਦੇ ਬਾਰਡਰ ਏਜੰਟ ਛੇ ਹੋਰਨਾਂ ਪੰਜਾਬੀ ਟਰੱਕ ਡਰਾਈਵਰਾਂ ਨੂੰ ਕਾਬੂ ਕਰ ਚੁੱਕੇ ਹਨ ਜਿਨ੍ਹਾਂ ਦੀਆਂ ਤਸਵੀਰਾਂ ਅਤੇ ਲਾਇਸੰਸ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ। ਸੋਸ਼ਲ ਮੀਡੀਆ ਪੋਸਟ ਵਿਚ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਇਨ੍ਹਾਂ ਟਰੱਕ ਡਰਾਈਵਰਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਪਰ ਸੀ.ਬੀ.ਪੀ. ਹੋਮ ਐਪ ਰਾਹੀਂ ਸੈਲਫ਼ ਡਿਪੋਰਟ ਹੋਣ ਦਾ ਰਾਹ ਵੀ ਚੁਣ ਸਕਦੇ ਹਨ ਜਿਸ ਰਾਹੀਂ ਅਮਰੀਕਾ ਵਿਚ ਮੁੜ ਦਾਖਲ ਹੋਣ ਦਾ ਰਾਹ ਖੁੱਲ੍ਹਾ ਰਹੇਗਾ ਅਤੇ ਜਹਾਜ਼ ਦੀ ਟਿਕਟ ਸਣੇ ਇਕ ਹਜ਼ਾਰ ਡਾਲਰ ਨਕਦ ਮਿਲਣਗੇ। ਦੂਜੇ ਪਾਸੇ ਅਮਰੀਕਾ ਦੇ ਸਹਾਇਕ ਟ੍ਰਾਂਸਪੋਰਟੇਸ਼ਨ ਮੰਤਰੀ ਸਟੀਵਨ ਬ੍ਰੈਡਬਰੀ ਨੇ ਕਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਟਰੱਕ ਚਲਾ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਫ਼ੜਨ ਲਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਲਾਗੂ ਕੀਤੀ ਜਾ ਰਹੀ ਹੈ।

ਬਾਰਡਰ ਪੈਟਰੋਲ ਵਾਲਿਆਂ ਨੇ 6 ਹੋਰਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ

ਏ.ਆਈ. ਰਾਹੀਂ ਤੁਰਤ ਪਤਾ ਲੱਗ ਜਾਵੇਗਾ ਕਿ ਕਿਹੜੀ ਕੰਪਨੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਰ ਵਜੋਂ ਭਰਤੀ ਕਰ ਰਹੀ ਹੈ ਅਤੇ ਅਜਿਹੇ ਡਰਾਈਵਰਜ਼ ਨੂੰ ਫੜ ਕੇ ਡਿਪੋਰਟ ਕਰਨ ਲਈ ਆਈਸ ਏਜੰਟ ਭੇਜੇ ਜਾਣਗੇ। ਬ੍ਰੈਡਬਰੀ ਨੇ ਦੋਸ਼ ਲਾਇਆ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦ ਡਰਾਈਵਰ ਸਾਡੇ ਟ੍ਰਕਰਜ਼ ਦੀ ਰੋਜ਼ੀ ਰੋਟੀ ਖੋਹ ਰਹੇ ਹਨ ਅਤੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ 11,500 ਤੋਂ ਵੱਧ ਟਰੱਕ ਡਰਾਈਵਰ ਆਪਣਾ ਰੁਜ਼ਗਾਰ ਗੁਆ ਚੁੱਕੇ ਹਨ ਅਤੇ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਥੋਂ ਤੱਕ ਕਿ ਤਿੰਨ ਹਜ਼ਾਰ ਤੋਂ ਵੱਧ ਟ੍ਰੇਨਿੰਗ ਸਕੂਲ ਟਰੰਪ ਸਰਕਾਰ ਬੰਦ ਕਰਵਾ ਚੁੱਕੀ ਹੈ ਅਤੇ ਕਈ ਟ੍ਰਾਂਸਪੋਰਟ ਕੰਪਨੀਆਂ ਸਿਰਫ਼ ਇਸ ਕਰ ਕੇ ਕਾਰੋਬਾਰ ਸਮੇਟ ਰਹੀਆਂ ਹਨ ਕਿ ਉਨ੍ਹਾਂ ਨੂੰ ਡਰਾਈਵਰ ਨਹੀਂ ਮਿਲ ਰਹੇ। ਮਿਸਾਲ ਵਜੋਂ ਕੈਲੇਫੋਰਨੀਆ ਤੋਂ ਫਲੋਰੀਡਾ ਜਾਣ ਲਈ ਸਿਰਫ਼ ਗਰੀਨ ਕਾਰਡ ਹੋਲਡਰ ਜਾਂ ਯੂ.ਐਸ. ਸਿਟੀਜ਼ਨ ਡਰਾਈਵਰ ਹੋਣੇ ਲਾਜ਼ਮੀ ਹਨ ਅਤੇ ਅਜਿਹੇ ਵਿਚ ਕਿਸਾਨਾਂ ਨੂੰ ਵੀ ਆਪਣੀਆਂ ਜਿਣਸਾਂ ਦੀ ਢੋਆ-ਢੁਆਈ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Tags:    

Similar News