ਆਹ ਕੰਮ ਹੋਇਆ ਤਾਂ 2027 ’ਚ ਫਿਰ ਵੱਜੂ ‘ਆਪ ਦਾ ਡੰਕਾ’

ਪੰਜਾਬ ਵਿਚ ਚਾਰ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆਂ ਤਿੰਨ ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਐ, ਜਿਸ ਨੂੰ ਲੈ ਕੇ ਆਪ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਏ, ਪਰ ਇਸ ਲਹਿਰ ਨੂੰ 2027 ਤੱਕ ਬਰਕਰਾਰ ਰੱਖਣਾ ਆਪ ਦੇ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਵੀ ਚੋਣ ਮੈਦਾਨ ਵਿਚ ਖੜ੍ਹਾ ਹੋਵੇਗਾ, ਜਿਸ ਦੇ ਵੋਟ ਬੈਂਕ ਦਾ ਵੱਡਾ ਫ਼ਾਇਦਾ ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਆਪ ਉਮੀਦਵਾਰਾਂ ਨੂੰ ਮਿਲਿਆ।;

Update: 2024-11-26 13:32 GMT

ਚੰਡੀਗੜ੍ਹ : ਪੰਜਾਬ ਵਿਚ ਚਾਰ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆਂ ਤਿੰਨ ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਐ, ਜਿਸ ਨੂੰ ਲੈ ਕੇ ਆਪ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਏ, ਪਰ ਇਸ ਲਹਿਰ ਨੂੰ 2027 ਤੱਕ ਬਰਕਰਾਰ ਰੱਖਣਾ ਆਪ ਦੇ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਵੀ ਚੋਣ ਮੈਦਾਨ ਵਿਚ ਖੜ੍ਹਾ ਹੋਵੇਗਾ, ਜਿਸ ਦੇ ਵੋਟ ਬੈਂਕ ਦਾ ਵੱਡਾ ਫ਼ਾਇਦਾ ਇਨ੍ਹਾਂ ਜ਼ਿਮਨੀ ਚੋਣਾਂ ਦੌਰਾਨ ਆਪ ਉਮੀਦਵਾਰਾਂ ਨੂੰ ਮਿਲਿਆ।

ਇਨ੍ਹਾਂ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਆਪਣੇ ਉਮੀਦਵਾਰਾਂ ਦੇ ਲਈ ਧੂੰਆਂਧਾਰ ਪ੍ਰਚਾਰ ਕੀਤਾ। ਉਹ ਰੱਤੀ ਭਰ ਵੀ ਵਿਕਾਸ ਦੇ ਮੁੱਦਿਆਂ ਤੋਂ ਨਹੀਂ ਥਿੜਕੇ, ਜਿਸ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ,,, ਪਰ 2027 ਤੱਕ ਬਹੁਤ ਕੁੱਝ ਅਜਿਹਾ ਹੋਣ ਵਾਲਾ ਏ, ਜਿਸ ਨਾਲ ਸਥਿਤੀਆਂ ਕਾਫ਼ੀ ਬਦਲ ਜਾਣਗੀਆਂ ਕਿਉਂਕਿ ਜਿੱਥੇ ਆਪ ਵੱਲੋਂ 2027 ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਐ, ਉਥੇ ਹੀ ਵਿਰੋਧੀਆਂ ਨੇ ਵੀ ਆਪ ਨੂੰ ਘੇਰਨ ਲਈ ਹੁਣੇ ਤੋਂ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਐ। 

Full View

ਪੰਜਾਬ ਵਿਚ ਹੋਈਆਂ ਚਾਰ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਤਿੰਨ ਸੀਟਾਂ ’ਤੇ ਆਪਣਾ ਕਬਜ਼ਾ ਜਮਾਇਆ, ਜਿਸ ਤੋਂ ਬਾਅਦ ਪੰਜਾਬ ਵਿਚ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 92 ਤੋਂ ਵਧ ਕੇ 94 ਹੋ ਗਈ ਐ,, ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਲਈ ਬਹੁਤ ਵੱਡਾ ਸ਼ੁਭ ਸੰਕੇਤ ਕਿਹਾ ਜਾ ਸਕਦਾ ਐ। ਉਂਝ ਆਪ ਦੇ ਵਿਧਾਇਕਾਂ ਦੀ ਇਹ ਗਿਣਤੀ 95 ਹੋ ਜਾਣੀ ਸੀ, ਜੇਕਰ ਬਰਨਾਲਾ ਸੀਟ ’ਤੇ ਗੁਰਦੀਪ ਬਾਠ ਪਾਰਟੀ ਤੋਂ ਬਗ਼ਾਵਤ ਨਾ ਕਰਦਾ। ਗੁਰਦੀਪ ਬਾਠ ਨੂੰ ਟਿਕਟ ਨਾ ਦੇਣਾ, ਜਾਂ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਭਰੋਸੇ ਵਿਚ ਨਾ ਲੈਣ ਨੂੰ ਪਾਰਟੀ ਲਈ ਇਕ ਵੱਡੀ ਭੁੱਲ ਮੰਨਿਆ ਜਾ ਰਿਹਾ ਏ,, ਪਰ ਹੁਣ ਸੱਪ ਲੰਘਣ ਤੋਂ ਬਾਅਦ ਲਕੀਰ ਪਿੱਟਣ ਦਾ ਕੋਈ ਫ਼ਾਇਦਾ ਨਹੀਂ। ਹਾਂ,,,, ਇਹ ਭੁੱਲ ਆਉਣ ਵਾਲੇ ਸਮੇਂ ਲਈ ਵੱਡਾ ਸਬਕ ਜ਼ਰੂਰ ਬਣ ਸਕਦੀ ਐ, ਉਹ ਵੀ ਜੇਕਰ ਆਪ ਹਾਈਕਮਾਨ ਇਸ ਨੂੰ ਗੰਭੀਰਤਾ ਨਾਲ ਸਮਝੇ ਤਾਂ,,,

ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਭਾਵੇਂ ਢਾਈ ਸਾਲ ਬੀਤ ਗਏ ਪਰ ਲੋਕ ਉਸ ਗੱਲ ਨੂੰ ਕਦੇ ਨਹੀਂ ਭੁੱਲੇ ਜਦੋਂ ਆਪ ਹਾਈਕਮਾਨ ਵੱਲੋਂ ਲੋਕਾਂ ਦੀ ਰਾਇ ਲੈ ਕੇ ਅਹੁਦੇਦਾਰ ਚੁਣੇ ਜਾਂਦੇ ਸੀ,,, ਬਲਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਲੋਕ ਰਾਇ ਵਿਚੋਂ ਹੀ ਉਭਰ ਕੇ ਸਾਹਮਣੇ ਆਇਆ ਸੀ। ਇਹੀ ਗੱਲਾਂ ਆਮ ਆਦਮੀ ਪਾਰਟੀ ਨੂੰ ਦੂਜੀਆਂ ਰਵਾਇਤੀ ਪਾਰਟੀਆਂ ਤੋਂ ਵੱਖਰੀ ਬਣਾਉਂਦੀਆਂ ਨੇ। ਫਿਰ ਪਾਰਟੀ ਹੁਣ ਕਿਉਂ ਆਪਣੀ ਹੀ ਬਣਾਈ ਰੀਤ ਤੋਂ ਪਿੱਛੇ ਹਟਦੀ ਜਾ ਰਹੀ ਐ।

ਜੇਕਰ ਬਰਨਾਲਾ ਸੀਟ ’ਤੇ ਪਾਰਟੀ ਨੇ ਲੋਕ ਰਾਇ ਲਈ ਹੁੰਦੀ ਤਾਂ ਯਕੀਨਨ ਤੌਰ ’ਤੇ ਗੁਰਦੀਪ ਬਾਠ ਦਾ ਨਾਮ ਹੀ ਸਾਹਮਣੇ ਆਉਣਾ ਸੀ,, ਪਰ ਪਾਰਟੀ ਨੇ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦੇ ਦਿੱਤੀ। ਚਰਚਾ ਇਹ ਵੀ ਚੱਲ ਰਹੀ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਰਦੀਪ ਬਾਠ ਨੂੰ ਟਿਕਟ ਦੇਣ ਦੇ ਹੱਕ ਵਿਚ ਸਨ,,, ਪਰ ਮੀਤ ਹੇਅਰ ਦਾ ਹਲਕਾ ਹੋਣ ਕਰਕੇ ਉਨ੍ਹਾਂ ਨੇ ਵੀ ਜ਼ਿਆਦਾ ਜ਼ੋਰ ਨਹੀਂ ਪਾਇਆ। ਫਿਰ ਮੀਤ ਹੇਅਰ ਦੀ ਪਾਰਟੀ ਹਾਈਕਮਾਨ ਦੇ ਨਾਲ ਵੀ ਸਿੱਧੀ ਗੱਲਬਾਤ ਮੰਨੀ ਜਾਂਦੀ ਐ। ਜਿੰਨੇ ਮੂੰਹ ਓਨੀਆਂ ਗੱਲਾਂ, ਲੋਕ ਇਹ ਵੀ ਆਖੀ ਜਾ ਰਹੇ ਨੇ ਕਿ ਮੀਤ ਹੇਅਰ ਨੇ ਹਾਈਕਮਾਨ ਕੋਲ ਭਗਵੰਤ ਦੀ ਸ਼ਿਕਾਇਤ ਕੀਤੀ ਐ। ਹਾਲਾਂਕਿ ਇਸ ਗੱਲ ਵਿਚ ਕਿੰਨੀ ਕੁ ਸੱਚਾਈ ਐ,, ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

ਦੂਜੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਪਰਿਵਾਰਵਾਦ ਲੈ ਡੁੱਬਿਆ। ਅਕਾਲੀ ਦਲ ਵਿਚ ਪਰਿਵਾਰਵਾਦ ਇੰਨਾ ਜ਼ਿਆਦਾ ਹਾਵੀ ਰਿਹਾ ਕਿ ਆਮ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨਹੀਂ ਸੀ ਮਿਲਦਾ,, ਬਾਦਲਾਂ ਨੇ ਪਾਰਟੀ ’ਤੇ ਆਪਣਾ ਹੀ ਦਬਦਬਾ ਬਣਾਈ ਰੱਖਿਆ,, ਕਾਂਗਰਸ ਪਾਰਟੀ ਵਿਚ ਵੀ ਇਹੀ ਕੁੱਝ ਹੋਇਆ। ਜ਼ਿਮਨੀ ਚੋਣਾਂ ਦੌਰਾਨ ਦੋਵੇਂ ਸਾਂਸਦਾਂ ਨੇ ਆਪਣੀਆਂ ਪਤਨੀਆਂ ਨੂੰ ਟਿਕਟ ਦਿਵਾਈ ਪਰ ਲੋਕਾਂ ਨੇ ਦੋਵਾਂ ਨੂੰ ਨਾਕਾਰ ਕੇ ਰੱਖ ਦਿੱਤਾ।

ਭਾਵੇਂ ਕਿ ਹੁਸ਼ਿਆਰਪੁਰ ਤੋਂ ਆਪ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਆਪਣੇ ਪੁੱਤਰ ਇਸ਼ਾਂਕ ਚੱਬੇਵਾਲ ਨੂੰ ਟਿਕਟ ਦਿਵਾਈ ਅਤੇ ਜਿੱਤ ਵੀ ਹਾਸਲ ਕੀਤੀ ਪਰ ਪਰਿਵਾਰਵਾਦ ਦਾ ਧੱਬਾ ਪਾਰਟੀ ਨੂੰ ਜ਼ਰੂਰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਏਗਾ,,, ਭਾਵੇਂ ਅੱਜ ਪਹੁੰਚਾ ਦੇਵੇ ਜਾਂ ਕੱਲ੍ਹ। ਹਰਿੰਦਰ ਸਿੰਘ ਧਾਲੀਵਾਲ ਸਾਂਸਦ ਮੀਤ ਹੇਅਰ ਦਾ ਕੋਈ ਰਿਸ਼ਤੇਦਾਰ ਤਾਂ ਨਹੀਂ ਸੀ ਪਰ ਇਕ ਸਰਗਰਮ ਲੀਡਰ ਨੂੰ ਅੱਖੋਂ ਪਰੋਖੇ ਕਰਕੇ ਕਿਸੇ ਦੂਜੇ ਆਗੂ ਨੂੰ ਟਿਕਟ ਦੇਣ ਦਾ ਨੁਕਸਾਨ ਪਾਰਟੀ ਨੂੰ ਭੁਗਤਣਾ ਪਿਆ।

Full View

ਇਨ੍ਹਾਂ ਜ਼ਿਮਨੀ ਚੋਣਾਂ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿਚ ਸੀ, ਜਿਨ੍ਹਾਂ ਦੀ ਜ਼ਬਰਦਸਤ ਅਤੇ ਵਿਕਾਸਪੱਖੀ ਤਕਰੀਰ ਨੇ ਲੋਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਜਲੰਧਰ ਜ਼ਿਮਨੀ ਚੋਣ ਵਿਚ ਵੀ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਲੋਹਾ ਮੰਨਵਾ ਚੁੱਕੇ ਨੇ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਾਲੇ ਦੋ ਢਾਈ ਸਾਲ ਬਾਕੀ ਪਏ ਨੇ, ਜੋ ਆਮ ਆਦਮੀ ਪਾਰਟੀ ਦੇ ਲਈ ਬੇਹੱਦ ਅਹਿਮ ਰਹਿਣ ਵਾਲੇ ਨੇ। ਇਨ੍ਹਾਂ ਸਾਲਾਂ ਦੌਰਾਨ ਸਰਕਾਰ ਵੱਲੋਂ ਕਈ ਅਹਿਮ ਐਲਾਨ ਕੀਤੇ ਜਾਣਗੇ ਜੋ ਪਾਰਟੀ ਦੇ ਲਈ ਬੂਸਟ ਦਾ ਕੰਮ ਕਰਨਗੇ। ਜ਼ਿਮਨੀ ਚੋਣਾਂ ਦੌਰਾਨ ਹੋਈ ਸ਼ਾਨਦਾਰ ਜਿੱਤ ਨੇ ਵੀ ਆਪ ਵਰਕਰਾਂ ਵਿਚ ਨਵੀਂ ਰੂਹ ਫੂਕ ਦਿੱਤੀ ਐ। ਆਮ ਆਦਮੀ ਪਾਰਟੀ ਇਸ ਜਿੱਤ ਤੋਂ ਬੇਹੱਦ ਉਤਸ਼ਾਹਿਤ ਐ ਅਤੇ ਉਸ ਵੱਲੋਂ ਹੁਣੇ ਤੋਂ 2027 ਦੀ ਰਣਨੀਤੀ ’ਤੇ ਕੰਮ ਕਰਨ ਦੀ ਤਿਆਰੀ ਆਰੰਭ ਦਿੱਤੀ ਗਈ ਐ।

ਉਂਝ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸੁਖਬੀਰ ਬਾਦਲ ਵਾਲੇ ਮਸਲੇ ’ਤੇ ਵੀ ਨਿਗ੍ਹਾ ਟਿਕਾਈ ਹੋਈ ਐ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲਣ ਵਾਲੀ ਸਜ਼ਾ ਜਿੱਥੇ ਸੁਖਬੀਰ ਬਾਦਲ ਦਾ ਸਿਆਸੀ ਕਰੀਅਰ ਤੈਅ ਕਰੇਗੀ, ਉਥੇ ਹੀ ਇਸ ਦਾ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਵੱਡਾ ਪ੍ਰਭਾਵ ਪਵੇਗਾ, ਜਿਸ ਨਾਲ ਪੂਰੇ ਪੰਜਾਬ ਦੀ ਰਾਜਨੀਤੀ ਪ੍ਰਭਾਵਿਤ ਹੋਵੇਗੀ। ਅਕਾਲੀ ਦਲ ਵੱਲੋਂ ਜ਼ਿਮਨੀ ਚੋਣਾਂ ਤੋਂ ਕਿਨਾਰਾ ਕਰਨ ਦਾ ਸਭ ਤੋਂ ਵੱਡਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਹੋਇਆ। ਹੁਣ ਜੇਕਰ ਦੋ ਦਸੰਬਰ ਨੂੰ ਸੁਖਬੀਰ ਬਾਦਲ ’ਤੇ ਕੋਈ ਫ਼ੈਸਲਾ ਆਉਂਦਾ ਏ ਤਾਂ ਉਸ ਤੋਂ ਬਾਅਦ ਹੀ ਬਾਕੀ ਸਿਆਸੀ ਪਾਰਟੀਆਂ 2027 ਦੇ ਲਈ ਆਪਣੀ ਰਣਨੀਤੀ ਤਿਆਰ ਕਰਨਗੀਆਂ।

ਇਸ ਵਿਚ ਦੋ ਗੱਲਾਂ ਕਾਫ਼ੀ ਅਹਿਮ ਨੇ,,, ਜੇਕਰ ਸੁਖਬੀਰ ਬਾਦਲ ਦੇ ਸਿਆਸੀ ਕਰੀਅਰ ’ਤੇ ਪ੍ਰਭਾਵ ਪਾਉਣ ਵਾਲਾ ਕੋਈ ਫ਼ੈਸਲਾ ਆਉਂਦਾ ਏ ਤਾਂ ਅਕਾਲੀ ਦਲ ਦੀ ਬਾਕੀ ਲੀਡਰਸ਼ਿਪ ਨੂੰ ਦੁੱਗਣੀ ਨਹੀਂ ਬਲਕਿ ਚੌਗੁਣੀ ਰਫ਼ਤਾਰ ਨਾਲ ਕੰਮ ਕਰਨਾ ਪਵੇਗਾ,,, ਅਤੇ ਜੇਕਰ ਸੁਖਬੀਰ ਬਾਦਲ ਨੂੰ ਕੋਈ ਧਾਰਮਿਕ ਸਜ਼ਾ ਸੁਣਾ ਕੇ ਉਨ੍ਹਾਂ ਦੇ ਸਿਆਸੀ ਕਰੀਅਰ ’ਤੇ ਕੋਈ ਫ਼ਰਕ ਨਾ ਪਿਆ ਤਾਂ ਵੀ ਅਕਾਲੀ ਦਲ ਨੂੰ ਜ਼ਿਮਨੀ ਚੋਣਾਂ ਦੌਰਾਨ ਪਏ ਖੱਪੇ ਨੂੰ ਪੂਰਨ ਵਾਸਤੇ ਜ਼ਬਰਦਸਤ ਮਿਹਨਤ ਕਰਨੀ ਪਵੇਗੀ ਕਿਉਂਕਿ ਅਕਾਲੀ ਆਗੂਆਂ ਦੀ ਮਿਹਨਤ ਹੀ ਤੈਅ ਕਰੇਗੀ ਕਿ ਉਹ ਆਪ ਵਿਚ ਗਏ ਆਪਣੇ ਵੋਟ ਬੈਂਕ ਨੂੰ ਵਾਪਸ ਲਿਆ ਪਾਉਂਦੇ ਨੇ ਜਾਂ ਨਹੀਂ।

ਹਮਦਰਦ ਟੀਵੀ ਦਾ ਐਗਜ਼ਿਟ ਪੋਲ : 

Full View

ਆਪ ਹਾਈਕਮਾਨ ਵੱਲੋਂ ਹੁਣ ਪੰਜਾਬ ਵਿਚ ਪਾਰਟੀ ਦੀ ਕਮਾਨ ਨਵੇਂ ਪ੍ਰਧਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸੌਂਪੀ ਦਿੱਤੀ ਗਈ ਐ ਜੋ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਨੇ, ਜਦਕਿ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਪਾਰਟੀ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਏ। ਪਹਿਲਾਂ ਇਹ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਸੀ। ਲੋਕਾਂ ਵਿਚ ਇਹ ਵੀ ਚਰਚਾ ਚੱਲ ਰਹੀ ਐ ਕਿ ਭਾਵੇਂ ਆਪ ਹਾਈਕਮਾਨ ਵੱਲੋਂ ਭਵਿੱਖ ਵਿਚ ਪਾਰਟੀ ਦੇ ਹੋਰ ਬਿਹਤਰ ਪ੍ਰਦਰਸ਼ਨ ਦੇ ਲਈ ਇਹ ਬਦਲਾਅ ਕੀਤਾ ਗਿਆ ਅਤੇ ਅਮਨ ਅਰੋੜਾ ਇਕ ਵਧੀਆ ਆਗੂ ਵੀ ਨੇ ਪਰ ਪਾਰਟੀ ਦੇ ਸਾਰੇ ਆਗੂਆਂ ਨੂੰ ਤਾਲਮੇਲ ਕਰਕੇ ਚੱਲਣਾ ਪਵੇਗਾ,, ਜੇਕਰ ਕਿਤੇ ਕੋਈ ਗ਼ਲਤਫਹਿਮੀ ਪੈਦਾ ਹੋ ਗਈ ਤਾਂ ਉਹ ਪਾਰਟੀ ਦਾ ਵੱਡਾ ਨੁਕਸਾਨ ਕਰਵਾ ਸਕਦੀ ਐ।

ਇਸ ਤੋਂ ਪਹਿਲਾਂ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿਚ ਵੀ ਕਾਫ਼ੀ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ। ਉਨ੍ਹਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾਉਣ ਦੀ ਗੱਲ ਵੀ ਸੋਸ਼ਲ ਮੀਡੀਆ ’ਤੇ ਅੱਗ ਦੀ ਤਰ੍ਹਾਂ ਫੈਲੀ,,, ਹਾਲਾਂਕਿ ਇਹ ਗੱਲ ਸੱਚ ਸੀ ਜਾਂ ਝੂਠ,,, ਇਹ ਰੱਬ ਹੀ ਜਾਣਦਾ ਏ,,, ਇਹ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਦੀ ਕਥਿਤ ਸਾਜਿਸ਼ ਵੀ ਹੋ ਸਕਦੀ ਐ ਪਰ ‘ਆਪ’ ਹਾਈਕਮਾਨ ਨੂੰ ਇਕ ਗੱਲ ਜ਼ਰੂਰ ਸਮਝਣੀ ਪਵੇਗੀ ਕਿ ਉਨ੍ਹਾਂ ਕੋਲ ‘ਭਗਵੰਤ ਮਾਨ’ ਵਰਗਾ ਧੜੱਲੇਦਾਰ ਲੀਡਰ ਐ, ਜਿਸ ਦਾ ਪਾਰਟੀ ਵਿਚ ਫਿਲਹਾਲ ਕੋਈ ਬਦਲ ਮੌਜੂਦ ਨਹੀਂ। ਜੇਕਰ ਹਾਈਕਮਾਨ ਨੇ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਬਲੀਅਤ ’ਤੇ ਭਰੋਸਾ ਜਾਰੀ ਰੱਖਿਆ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਡੰਕਾ ਵੱਜੇਗਾ।

ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸਾਰੀ ਜ਼ਮੀਨੀ ਹਕੀਕਤ ਤੋਂ ਭਲੀ ਭਾਂਤ ਵਾਕਿਫ਼ ਨੇ,,, ਕਲਾਕਾਰ ਰਹਿੰਦਿਆਂ ਵੀ ਉਹ ਅਕਸਰ ਆਪਣੀਆਂ ਕੈਸੇਟਾਂ ਜ਼ਰੀਏ ਪੰਜਾਬ ਵਿਚਲੇ ਭ੍ਰਿਸ਼ਟਾਚਾਰ ’ਤੇ ਕਰਾਰੀ ਚੋਟ ਕਰਦੇ ਰਹੇ ਨੇ। ਹੁਣ ਵੀ ਜੇਕਰ ਵਿਰੋਧੀ ਪੰਜਾਬ ਵਿਚ ਕਿਸੇ ਆਪ ਆਗੂ ਨਾਲ ਬਹਿਸ ਕਰਨ ਤੋਂ ਝਿਜਕਦੇ ਨੇ ਤਾਂ, ਤਾਂ ਉਹ ਐ ਸਿਰਫ਼ ਤੇ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ,,, ਜੋ ਵਿਰੋਧੀਆਂ ਨੂੰ ਚੁੱਪ ਕਰਾਉਣ ਦਾ ਵੱਲ ਚੰਗੀ ਤਰ੍ਹਾਂ ਜਾਣਦੇ ਨੇ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News