‘ਕੈਨੇਡਾ ਦੇ ਚੱਕਰ ’ਚ ਅਮਰੀਕਾ ਦੇ ਭਾਰਤ ਨਾਲ ਖਰਾਬ ਹੋ ਸਕਦੇ ਰਿਸ਼ਤੇ’
ਨਵੀਂ ਦਿੱਲੀ/ਵਾਸ਼ਿੰਗਟਨ, 5 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਨੂੰ ਲੈ ਕੇ ਕੈਨੇਡਾ ਤੇ ਭਾਰਤ ਵਿਚਾਲੇ ਤਲਖੀ ਚੱਲ ਰਹੀ ਹੈ। ਉੱਧਰ ਅਮਰੀਕਾ ਦਾ ਵੀ ਇਸ ਵਿੱਚ ਪੇਚ ਫਸਦਾ ਦਿਖਾਈ ਦੇ ਰਿਹਾ ਹੈ। ਇਸ ਦੇ ਚਲਦਿਆਂ ਦਿੱਲੀ ’ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਜੋਅ ਬਾਇਡਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ […]
By : Hamdard Tv Admin
ਨਵੀਂ ਦਿੱਲੀ/ਵਾਸ਼ਿੰਗਟਨ, 5 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਨੂੰ ਲੈ ਕੇ ਕੈਨੇਡਾ ਤੇ ਭਾਰਤ ਵਿਚਾਲੇ ਤਲਖੀ ਚੱਲ ਰਹੀ ਹੈ। ਉੱਧਰ ਅਮਰੀਕਾ ਦਾ ਵੀ ਇਸ ਵਿੱਚ ਪੇਚ ਫਸਦਾ ਦਿਖਾਈ ਦੇ ਰਿਹਾ ਹੈ। ਇਸ ਦੇ ਚਲਦਿਆਂ ਦਿੱਲੀ ’ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਜੋਅ ਬਾਇਡਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੇ ਚੱਕਰ ਵਿੱਚ ਅਮਰੀਕਾ ਦੇ ਵੀ ਭਾਰਤ ਨਾਲ ਰਿਸ਼ਤੇ ਖਰਾਬ ਹੋ ਸਕਦੇ ਹਨ।
ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਬਾਇਡਨ ਨੂੰ ਦਿੱਤੀ ਚੇਤਾਵਨੀ
ਦੋਵਾਂ ਮੁਲਕਾਂ ਨਾਲ ਗੁੜੇ ਰਿਸ਼ਤਿਆਂ ਕਾਰਨ ਵਿਚਾਲੇ ਫਸਿਆ ਅਮਰੀਕਾ
ਇੱਕ ਰਿਪੋਰਟ ਮੁਤਾਬਕ ਦਿੱਲੀ ’ਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਜੋਅ ਬਾਇਡਨ ਪ੍ਰਸ਼ਾਸਨ ਦੀ ਟੀਮ ਨੂੰ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਨਾਲ ਚੱਲ ਰਹੇ ਕੂਟਨੀਤਕ ਵਿਵਾਦ ਕਾਰਨ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਵੀ ਕੁਝ ਸਮੇਂ ਲਈ ਖਰਾਬ ਹਾਲਤ ਵਿੱਚ ਜਾ ਸਕਦੇ ਹਨ। ਗਾਰਸੇਟੀ ਨੇ ਕਿਹਾ ਕਿ ਇਸ ਚੇਤਾਵਨੀ ਮਗਰੋਂ ਅਮਰੀਕਾ ਚੌਕਸ ਹੋ ਗਿਆ, ਪਰ ਵਿਦੇਸ਼ ਮੰਤਰਾਲੇ ਨੇ ਗਾਰਸੇਟੀ ਦੇ ਇਸ ਬਿਆਨ ’ਤੇ ਚੁੱਪੀ ਸਾਧੀ ਹੋਈ ਹੈ।
ਰਿਪੋਰਟ ਵਿੱਚ ਬਾਇਡਨ ਪ੍ਰਸ਼ਾਸਨ ਦੇ ਮੈਂਬਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਕਿ ਮੋਦੀ ਸਰਕਾਰ ਨਾਲ ਬਾਇਡਨ ਪ੍ਰਸ਼ਾਸਨ ਦੇ ਰਿਸ਼ਤੇ ਆਉਣ ਵਾਲੇ ਸਮੇਂ ਵਿੱਚ ਪ੍ਰੇਸ਼ਾਨੀ ਭਰੇ ਹੋ ਸਕਦੇ ਹਨ। ਨਿੱਜਰ ਦੇ ਕਤਲ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਆਪਣੇ ਸਿਖਰਾਂ ’ਤੇ ਪਹੁੰਚ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਭਾਰਤ ਸਰਕਾਰ ਵੱਲੋਂ ਲਗਾਤਾਰ ਪਲਟਵਾਰ ਕੀਤੇ ਜਾ ਰਹੇ ਹਨ। ਜਿੱਥੇ ਪਹਿਲਾਂ ਦੋਵਾਂ ਮੁਲਕਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਘਰਾਂ ਨੂੰ ਤੋਰ ਦਿੱਤੇ, ਉੱਥੇ ਭਾਰਤ ਨੇ ਹੁਣ ਕੈਨੇਡਾ ਦੇ 40 ਡਿਪਲੋਮੈਟਸ ਨੂੰ ਦੇਸ਼ ਛੱਡਣ ਲਈ ਆਖ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਸੀ।
ਭਾਰਤ ਵੱਲੋਂ ਲਗਾਤਾਰ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣ ਕਹਿ ਰਹੇ ਨੇ ਕਿ ਉਹ ਭਾਰਤ ਨਾਲ ਵਿਵਾਦ ਨੂੰ ਵਧਾਉਣਾ ਨਹੀਂ ਚਾਹੁੰਦੇ। ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਉਹ ਕੂਟਨੀਤਕ ਵਿਵਾਦ ਮਾਮਲੇ ’ਚ ਭਾਰਤ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਨਾ ਚਾਹੁੰਦੇ ਹਨ।
ਦੱਸ ਦੇਈਏ ਕਿ ਭਾਰਤ ਅਤੇ ਕੈਨੇਡਾ ਦੋਵਾਂ ਨਾਲ ਹੀ ਅਮਰੀਕਾ ਦੀ ਚੰਗੀ ਦੋਸਤੀ ਹੈ। ਭਾਰਤ ਜਿੱਥੇ ਹਿੰਦੂ ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਦੇ ਮੋਢੇ ਨਾਲ ਮੋਢਾ ਜੋੜ ਕੇ ਚੀਨ ਦਾ ਮੁਕਾਬਲਾ ਕਰ ਰਿਹਾ ਹੈ, ਉੱਥੇ ਕੈਨੇਡਾ, ਅਮਰੀਕਾ ਦਾ ਨਾਟੋ ਗਠਜੋੜ ਵਾਲਾ ਗੁਆਂਢੀ ਮੁਲਕ ਹੈ। ਇਸ ਕਾਰਨ ਅਮਰੀਕਾ ਦੀ ਜੋਅ ਬਾਇਡਨ ਸਰਕਾਰ ਬੁਰੀ ਤਰ੍ਹਾਂ ਫਸੀ ਹੋਈ ਹੈ। ਉਹ ਦੋਵਾਂ ਨਾਲ ਰਿਸ਼ਤੇ ਵਿਗਾੜਨਾ ਨਹੀਂ ਚਾਹੁੰਦੀ, ਪਰ ਕਿਤੇ ਨਾ ਕਿਤੇ ਉਸ ਨੂੰ ਇਹ ਮਸਲਾ ਵੀ ਹੱਲ ਕਰਵਾਉਣਾ ਪਏਗਾ, ਨਹੀਂ ਤਾਂ ਅੱਗੇ ਜਾ ਕੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਹੋਰ ਵੀ ਕੁੜੱਤਣ ਆ ਸਕਦੀ ਹੈ।
ਦੱਸਣਾ ਬਣਦਾ ਹੈ ਕਿ ਬੀਤੀ 18 ਜੂਨ ਨੂੰ ਸਰੀ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੰਭੀਰ ਦੋਸ਼ ਲਾਉਂਦਿਆਂ ਇਸ ਮਾਮਲੇ ਵਿੱਚ ਭਾਰਤੀ ਏਜੰਟਾਂ ਦਾ ਹੱਥ ਦੱਸਿਆ ਹੈ। ਸੰਸਦ ਵਿੱਚ ਇਹ ਬਿਆਨ ਜਾਰੀ ਕਰਦਿਆਂ ਟਰੂਡੋ ਨੇ ਭਾਰਤੀ ਡਿਪਲੋਮੈਟ ਨੂੰ ਵੀ ਵਾਪਸ ਜਾਣ ਦੀ ਗੱਲ ਆਖ ਦਿੱਤੀ ਸੀ।
ਇਸ ’ਤੇ ਭਾਰਤ ਨੇ ਟਰੂਡੋ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਤੇ ਨਾਲ ਹੀ ਪਲਟਵਾਰ ਕਰਦਿਆਂ ਦਿੱਲੀ ’ਚ ਬੈਠੇ ਕੈਨੇਡਾ ਦੇ ਇੱਕ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਨੇ ਦੋਵਾਂ ਮੁਲਕਾਂ ਵਿੱਚ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ। ਭਾਰਤ ਨੇ ਇਸ ਤੋਂ ਵੀ ਅੱਗੇ ਜਾਂਦਿਆਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਹੀ ਅਣਮਿੱਥੇ ਸਮੇਂ ਲਈ ਰੋਕ ਦਿੱਤੀਆਂ। ਹੁਣ ਭਾਰਤ ਨੇ ਹੋਰ ਵੱਡਾ ਕਦਮ ਚੁੱਕਦਿਆਂ ਕੈਨੇਡਾ ਦੇ 40 ਡਿਪਲੋਮੈਟਸ ਨੂੰ ਵੀ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ।
ਸੋ ਦੋਵਾਂ ਮੁਲਕਾਂ ਵਿਚਾਲੇ ਚੱਲ ਰਿਹਾ ਇਹ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਦੋਵੇਂ ਦੇਸ਼ ਗੱਲਬਾਤ ਰਾਹੀਂ ਜਲਦ ਇਸ ਮਸਲੇ ਦਾ ਹੱਲ ਕੱਢਣਗੇ ਤੇ ਅਮਰੀਕਾ ਵਿਚੋਲ਼ਗੀ ਦਾ ਕੰਮ ਕਰੇਗਾ।