America ’ਚ ਟਰੱਕ ਡਰਾਈਵਰਾਂ ਨੂੰ ਮਿਲੇਗੀ death penalty
ਅਮਰੀਕਾ ਵਿਚ ਉਨ੍ਹਾਂ ਟਰੱਕ ਡਰਾਈਵਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ ਜੋ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖਲ ਹੋਣ ਮਗਰੋਂ ਕਮਰਸ਼ੀਅਲ ਵ੍ਹੀਕਲ ਚਲਾਉਂਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣਗੇ

By : Upjit Singh
ਵਾਸ਼ਿੰਗਟਨ : ਅਮਰੀਕਾ ਵਿਚ ਉਨ੍ਹਾਂ ਟਰੱਕ ਡਰਾਈਵਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇਗੀ ਜੋ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖਲ ਹੋਣ ਮਗਰੋਂ ਕਮਰਸ਼ੀਅਲ ਵ੍ਹੀਕਲ ਚਲਾਉਂਦਿਆਂ ਜਾਨਲੇਵਾ ਹਾਦਸੇ ਨੂੰ ਅੰਜਾਮ ਦੇਣਗੇ। ਜੀ ਹਾਂ, ਸੈਨੇਟ ਵਿਚ ਪੇਸ਼ ਡਲਾਈਲਾਹ ਐਕਟ ਵਿਚ ਨਵੀਆਂ ਧਾਰਾਵਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਾਈਵੇਜ਼ ’ਤੇ ਟਰੱਕ ਚਲਾਉਣ ਤੋਂ ਰੋਕਣਾ ਹੈ। ਸੈਨੇਟ ਮੈਂਬਰ ਜੌਹਨ ਕੌਰਨਿਨ, ਟੈਡ ਬਡ, ਸ਼ੈਲੀ ਮੂਰ, ਸਿੰਥੀਆ ਲਮਿਸ ਅਤੇ ਟੌਮੀ ਟਿਊਬਰਵਿਲ ਨੇ ਸਾਂਝੇ ਤੌਰ ’ਤੇ ਸਖ਼ਤ ਸਜ਼ਾ ਦੀ ਤਜਵੀਜ਼ ਪੇਸ਼ ਕੀਤੀ। ਸਿਰਫ਼ ਇਥੇ ਹੀ ਬੱਸ ਨਹੀਂ, ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲਿਆਂ ਨੂੰ ਟਰੱਕ ਚਲਾਉਣ ’ਤੇ ਸਿੱਧਾ ਡਿਪੋਰਟ ਕੀਤਾ ਜਾਵੇਗਾ ਅਤੇ ਅਮਰੀਕਾ ਵਿਚ ਅਸਾਇਲਮ ਦੇ ਹੱਕ ਖ਼ਤਮ ਕਰ ਦਿਤੇ ਜਾਣਗੇ। ਭਵਿੱਖ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਵਾਸਤੇ ਸ਼ਰਤਾਂ ਵੀ ਸਖ਼ਤ ਕੀਤੀਆਂ ਜਾ ਰਹੀਆਂਹਨ ਅਤੇ ਅਮਰੀਕਾ ਵਿਚ ਪੱਕਾ ਹੋਣ ਦਾ ਸਬੂਤ ਪੇਸ਼ ਕਰਨਾ ਹੋਵੇਗਾ।
ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਾਗੂ ਹੋ ਰਿਹਾ ਸਖ਼ਤ ਕਾਨੂੰਨ
ਨਵੇਂ ਕਾਨੂੰਨ ਤਹਿਤ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਨਾਲ ਸਬੰਧਤ ਹਰ ਨਿਯਮ ਲਾਗੂ ਕਰਨ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟਰੱਕ ਡਰਾਈਵਰ ਰੱਖਣ ਵਾਲੀਆਂ ਟ੍ਰਾਂਸਪੋਰਟ ਕੰਪਨੀਆਂ ਦੀ ਵੀ ਖ਼ੈਰ ਨਹੀਂ ਅਤੇ ਮੋਟੀ ਜੁਰਮਾਨੇ ਤੈਅ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਯੂਨੀਅਨ ਐਡਰੈਸ ਦੌਰਾਨ ਡਲਾਈਲਾਹ ਐਕਟ ਦਾ ਜ਼ਿਕਰ ਕੀਤਾ ਗਿਆ ਜਿਸ ਮਗਰੋਂ ਨਵਾਂ ਕਾਨੂੰਨ ਹੋਂਦ ਵਿਚ ਲਿਆਉਣ ਦੀ ਪ੍ਰਕਿਰਿਆ ਆਰੰਭ ਹੋ ਗਈ। ਡਲਾਈਲਾਹ ਕੋਲਮੈਨ ਪੰਜ ਸਾਲ ਦੀ ਇਕ ਛੋਟੀ ਬੱਚੀ ਹੈ ਜੋ ਪ੍ਰਤਾਪ ਸਿੰਘ ਦੇ ਟਰੱਕ ਦੀ ਟੱਕਰ ਵੱਜਣ ਮਗਰੋਂ ਅਪਾਹਜਾਂ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ। ਪ੍ਰਤਾਪ ਸਿੰਘ ਨੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੁੰਦਿਆਂ ਕੈਲੇਫੋਰਨੀਆ ਤੋਂ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕੀਤਾ। ਸੈਨੇਟ ਮੈਂਬਰ ਜੌਹਨ ਕੌਰਨਿਨ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਵੱਲੋਂ ਅਮਰੀਕਾ ਦੇ ਬਾਰਡਰ ਖੋਲ੍ਹਣ ਦੀ ਸਜ਼ਾ ਡਲਾਈਲਾਹ ਕੋਲਮੈਨ ਵਰਗੇ ਮਾਸੂਮ ਅਮੈਰਿਕਨਜ਼ ਨੂੰ ਭੁਗਤਣੀ ਪੈ ਰਹੀ ਹੈ।
ਟਰੱਕ ਚਲਾਉਣ ’ਤੇ ਕਰ ਦਿਤਾ ਜਾਵੇਗਾ ਡਿਪੋਰਟ
ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅੰਗਰੇਜ਼ੀ ਨਾ ਪੜ੍ਹਨੀ ਆਉਂਦੀ ਹੈ ਅਤੇ ਨਾ ਹੀ ਬੋਲਣੀ। ਅਜਿਹੇ ਵਿਚ ਹਾਈਵੇਅ ’ਤੇ ਲੱਗੇ ਸਾਈਨ ਦੀ ਪਰਵਾਹ ਕੀਤੇ ਬਗੈਰ ਅੱਗੇ ਵਧ ਜਾਂਦੇ ਹਨ ਅਤੇ ਜਾਨਲੇਵਾ ਹਾਦਸਿਆਂ ਨੂੰ ਅੰਜਾਮ ਦੇ ਰਹੇ ਹਨ। ਉਧਰ ਸੈਨੇਟ ਮੈਂਬਰ ਸਿੰਥੀਆ ਲਮਿਸ ਦਾ ਕਹਿਣਾ ਸੀ ਕਿ ਹਾਈਵੇਅ ਤੋਂ ਲੰਘਣ ਵਾਲੇ ਹਰ ਅਮੈਰਿਕਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਨੇੜਿਉਂ ਲੰਘ ਰਹੇ ਟਰੱਕ ਡਰਾਈਵਰ ਨੇ ਕਮਰਸ਼ੀਅਲ ਲਾਇਸੰਸ ਕਾਨੂੰਨੀ ਤਰੀਕੇ ਨਾਲ ਹਾਸਲ ਕੀਤਾ ਹੈ। ਮੁਲਕ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਬਣਾਏ ਜਾ ਰਹੇ ਕਾਨੂੰਨ ਵਿਚ ਯੋਗਦਾਨ ਪਾਉਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ।


