ਹਰਦੀਪ ਸਿੰਘ ਨਿੱਜਰ ਮਾਮਲੇ ਵਿਚ ਕੈਨੇਡਾ ਦੇ ਹੱਕ ’ਚ ਨਿਤਰਿਆ ਅਮਰੀਕਾ
ਟੋਰਾਂਟੋ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਅਮਰੀਕਾ ਖੁੱਲ੍ਹ ਕੇ ਕੈਨੇਡਾ ਦੀ ਹਮਾਇਤ ਵਿਚ ਨਿੱਤਰ ਆਇਆ ਹੈ ਅਤੇ ਆਸਟ੍ਰੇਲੀਆ ਨੇ ਵੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਕੋਲ ਇਹ ਮਸਲਾ ਉਠਾਇਆ ਗਿਆ ਹੈ। ਕੈਨੇਡਾ ਦੇ ਅਲੱਗ-ਥਲੱਗ ਪੈਣ ਦੀਆਂ ਰਿਪੋਰਟਾਂ ਦਰਮਿਆਨ ਬਾਇਡਨ ਸਰਕਾਰ ਦੇ […]
By : Hamdard Tv Admin
ਟੋਰਾਂਟੋ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਅਮਰੀਕਾ ਖੁੱਲ੍ਹ ਕੇ ਕੈਨੇਡਾ ਦੀ ਹਮਾਇਤ ਵਿਚ ਨਿੱਤਰ ਆਇਆ ਹੈ ਅਤੇ ਆਸਟ੍ਰੇਲੀਆ ਨੇ ਵੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਕੋਲ ਇਹ ਮਸਲਾ ਉਠਾਇਆ ਗਿਆ ਹੈ।
ਕੈਨੇਡਾ ਦੇ ਅਲੱਗ-ਥਲੱਗ ਪੈਣ ਦੀਆਂ ਰਿਪੋਰਟਾਂ ਦਰਮਿਆਨ ਬਾਇਡਨ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਜਨਤਕ ਤੌਰ ’ਤੇ ਨਿਖੇਧੀ ਕਰਨ ਵਿਚ ਝਿਜਕ ਦੀਆਂ ਖਬਰਾਂ ਸਰਾਸਰ ਝੂਠੀਆਂ ਹਨ ਅਤੇ ਪ੍ਰਧਾਨ ਮੰਤਰੀ ਟਰੂਡੋ ਦੇ ਐਲਾਨ ਤੋਂ ਤੁਰਤ ਬਾਅਦ ਅਮਰੀਕਾ ਸਰਕਾਰ ਇਸ ਘਟਨਾਕ੍ਰਮ ’ਤੇ ਡੂੰਘੀ ਚਿੰਤਾ ਜ਼ਾਹਰ ਕਰ ਚੁੱਕੀ ਹੈ।
ਅਮਰੀਕਾ ਦੀ ਕੌਮੀ ਸੁਰੱਖਿਆ ਕੌਂਸਲ ਦੇ ਬੁਲਾਰੇ ਐਡਮਿਰਲ ਜੌਹਨ ਕਰਬੀ ਨੇ ਕਿਹਾ ਕਿ ਕੈਨੇਡਾ ਸਰਕਾਰ ਵੱਲੋਂ ਲਾਏ ਦੋਸ਼ ਬੇਹੱਦ ਗੰਭੀਰ ਕਿਸਮ ਦੇ ਹਨ ਅਤੇ ਸਾਡਾ ਮੰਨਣਾ ਹੈ ਕਿ ਇਨ੍ਹਾਂ ਬਾਰੇ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਲ ਦੀ ਤਰਜਮਾਨ ਐਡਰੀਅਨ ਵਾਟਸਨ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਮਾਮਲੇ ਦੀ ਪੜਤਾਲ ਵਿਚ ਕੈਨੇਡਾ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।
ਦੂਜੇ ਪਾਸੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੱਲੋਂ ਭਾਵੇਂ ਇਸ ਮਾਮਲੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਗਈ ਪਰ ਵਿਦੇਸ਼ੀ ਮੰਤਰੀ ਪੈਨੀ ਵੌਂਗ ਨੇ ਸੰਯੁਕਤ ਰਾਸ਼ਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਆਸਟ੍ਰੇਲੀਆ ਸਰਕਾਰ ਇਸ ਘਟਨਾਕ੍ਰਮ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਇਕ ਸ਼ਖਸ ਦੇ ਕਤਲ ਵਿਚ ਕਿਸੇ ਸਰਕਾਰ ਦਾ ਹੱਥ ਹੋਣ ਦੀਆਂ ਰਿਪੋਰਟਾਂ ਬੇਹੱਦ ਚਿੰਤਾਜਨਕ ਹਨ।
ਆਸਟ੍ਰੇਲੀਆ ਸਰਕਾਰ ਦੀ ਜਾਣਕਾਰੀ ਮੁਤਾਬਕ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਅਸੀਂ ਆਪਣੇ ਭਾਈਵਾਲਾਂ ਦੇ ਲਗਾਤਾਰ ਸੰਪਰਕ ਵਿਚ ਰਹਾਂਗੇ। ਇਸੇ ਦੌਰਾਨ ਯੂ.ਕੇ. ਦੇ ਵਿਦੇਸ਼ ਮੰਤਰੀ ਜੇਮਜ਼ ਕਲੈਵਰਲੀ ਨੇ ਭਾਰਤ ਦਾ ਜ਼ਿਕਰ ਕੀਤੇ ਬਗੈਰ ਕਿਹਾ ਕਿ ਸਾਰੇ ਮੁਲਕਾਂ ਨੂੰ ਖੁਦਮੁਖਤਿਆਰੀ ਅਤੇ ਕਾਨੂੰਨ ਦੇ ਰਾਜ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਕੈਨੇਡੀਅਨ ਸੰਸਦ ਵਿਚ ਲਾਏ ਗਏ ਗੰਭੀਰ ਦੋਸ਼ਾਂ ਬਾਰੇ ਅਸੀਂ ਲਗਾਤਾਰ ਆਪਣੇ ਕੈਨੇਡੀਅਨ ਭਾਈਵਾਲਾਂ ਦੇ ਸੰਪਰਕ ਵਿਚ ਹਾਂ। ਉਮੀਦ ਹੈ ਕਿ ਕੈਨੇਡਾ ਦੀ ਪੜਤਾਲ ਜਲਦ ਮੁਕੰਮਲ ਹੋਵੇਗੀ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਦਾ ਹਵਾਈ ਜਹਾਜ਼ ਖਰਾਬ ਹੋਣ ਮਗਰੋਂ ਕੈਨੇਡੀਅਨ ਵਫਦ ਦਾ ਇਕ ਮੈਂਬਰ ਚੁੱਪ ਚਪੀਤੇ ਭਾਰਤ ਤੋਂ ਯੂ.ਕੇ. ਰਵਾਨਾ ਹੋ ਗਿਆ ਅਤੇ ਇਹ ਹੋਰ ਕੋਈ ਨਹੀਂ ਬਲਕਿ ਕੌਮੀ ਸੁਰੱਖਿਆ ਸਲਾਹਕਾਰ ਜੌਡੀ ਥੌਮਸ ਸੀ।
ਜੌਡੀ ਦੀ ਜ਼ਿੰਮੇਵਾਰ ਯੂ.ਕੇ. ਸਰਕਾਰ ਨੂੰ ਕੈਨੇਡਾ ਦੇ ਭਾਰਤ ਨਾਲ ਲਗਾਤਾਰ ਵਿਗੜ ਰਹੇ ਰਿਸ਼ਤਿਆਂ ਤੋਂ ਜਾਣੂ ਕਰਵਾਉਣ ਦੀ ਰਹੀ। ਸੰਭਾਵਤ ਤੌਰ ’ਤੇ ਉਸ ਵੇਲੇ ਤੱਕ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਜ਼ਿਆਦਾਤਰ ਜਾਣਕਾਰੀ ਕੈਨੇਡਾ ਸਰਕਾਰ ਕੋਲ ਪੁੱਜ ਚੁੱਕੀ ਸੀ ਜਿਸ ਦਾ ਜ਼ਿਕਰ 18 ਸਤੰਬਰ ਨੂੰ ਸੰਸਦ ਵਿਚ ਕੀਤਾ ਗਿਆ। ਭਾਵੇਂ ਕੈਨੇਡਾ ਸਰਕਾਰ ਵੱਲੋਂ ਆਪਣੇ ਨਜ਼ਦੀਕੀ ਮੁਲਕਾਂ ਦਾ ਯਕੀਨੀ ਤੌਰ ’ਤੇ ਸਾਥ ਮਿਲਣ ਦੇ ਆਧਾਰ ’ਤੇ ਐਨਾ ਵੱਡਾ ਖੁਲਾਸਾ ਕੀਤਾ ਗਿਆ ਪਰ ਹਾਲਾਤ ਵੇਖ ਕੇ ਇਹ ਵੀ ਕਿਹਾ ਜਾ ਸਕਦਾ ਹੈ ਕੈਨੇਡਾ ਦੇ ਨਜ਼ਦੀਕੀ ਮੁਲਕ ਭਾਰਤ ਤੋਂ ਵੀ ਦੂਰ ਨਹੀਂ ਹੋਣਾ ਚਾਹੁੰਦੇ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੌਰਾਨ ਕਿਹਾ ਕਿ ਭਾਰਤ ਨਾਲ ਕੁਆਡ ਪ੍ਰਬੰਧਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਕੁਆਡ ਮੁਲਕਾਂ ਵਿਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਸ਼ਾਮਲ ਹਨ। ਯੂ.ਕੇ. ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤ ਦੀ ਨਾਮੀ ਕੰਪਨੀ ਦੇ ਇਨਫੋਸਿਸ ਦੀ ਨੀਂਹ ਰੱਖਣ ਵਾਲੇ ਨਾਰਾਇਣ ਮੂਰਤੀ ਅਤੇ ਸੁਧਾ ਮੂਰਤ ਦੇ ਜਵਾਈ ਹਨ।
ਸੁਨਕ ਦਾ ਸਹੁਰਾ ਪਰਵਾਰ ਪ੍ਰਧਾਨ ਮੰਤਰੀ ਮੋਦੀ ਦੇ ਗੁਣ ਗਾਉਂਦਾ ਨਹੀਂ ਥਕਦਾ, ਅਜਿਹੇ ਵਿਚ ਕੈਨੇਡਾ ਦੇ ਹੱਕ ਵਿਚ ਡਟ ਕੇ ਖੜ੍ਹੇ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਫਰਾਂਸ ਵੱਲੋਂ ਰਾਫੇਲ ਲੜਾਕੂ ਜਹਾਜ਼ ਅਤੇ ਪਣਡੁੱਬੀਆਂ ਵੇਚਣ ਲਈ ਭਾਰਤ ਨਾਲ ਅਰਬਾਂ ਡਾਲਰ ਦਾ ਸੌਦਾ ਕੀਤਾ ਗਿਆ ਹੈ ਜਿਸ ਦੇ ਮੱਦੇਨਜ਼ਰ ਰਾਸ਼ਟਰਪਤੀ ਮੈਕ੍ਰੌਂ ਭਾਰਤ ਦਾ ਸਿੱਧਾ ਵਿਰੋਧ ਕਰਨ ਦੀ ਜੁਅਰਤ ਨਹੀਂ ਕਰਨਗੇ।