ਇਸ ਦਿਨ ਹੋਵੇਗਾ ਅਕਾਲੀ-ਭਾਜਪਾ ਵਿਚਾਲੇ ਗਠਜੋੜ!
ਚੰਡੀਗੜ੍ਹ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਓਵੇਂ ਓਵੇਂ ਰਾਜਸੀ ਸਰਗਰਮੀਆਂ ਵਧਦੀਆਂ ਜਾ ਰਹੀਆਂ ਨੇ ਪਰ ਹੁਣ ਪੰਜਾਬ ਦੀ ਰਾਜਨੀਤੀ ਵਿਚ ਇਕ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਏ, ਜਿਸ ਦੀਆਂ ਕਾਫ਼ੀ ਸਮੇਂ ਤੋਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸੀ। ਦਰਅਸਲ ਅਕਾਲੀ ਭਾਜਪਾ ਵਿਚਾਲੇ ਟੁੱਟਿਆ ਨਹੁੰ ਮਾਸ ਦਾ ਰਿਸ਼ਤਾ ਫਿਰ ਤੋਂ ‘ਏਕੇ’ […]
By : Makhan Shah
ਚੰਡੀਗੜ੍ਹ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਓਵੇਂ ਓਵੇਂ ਰਾਜਸੀ ਸਰਗਰਮੀਆਂ ਵਧਦੀਆਂ ਜਾ ਰਹੀਆਂ ਨੇ ਪਰ ਹੁਣ ਪੰਜਾਬ ਦੀ ਰਾਜਨੀਤੀ ਵਿਚ ਇਕ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਏ, ਜਿਸ ਦੀਆਂ ਕਾਫ਼ੀ ਸਮੇਂ ਤੋਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸੀ। ਦਰਅਸਲ ਅਕਾਲੀ ਭਾਜਪਾ ਵਿਚਾਲੇ ਟੁੱਟਿਆ ਨਹੁੰ ਮਾਸ ਦਾ ਰਿਸ਼ਤਾ ਫਿਰ ਤੋਂ ‘ਏਕੇ’ ਦੀ ਸਰਜਰੀ ਕਰਕੇ ਜੋੜਿਆ ਜਾ ਰਿਹਾ ਏ, ਜਲਦ ਹੀ ਦੋਵੇਂ ਪਾਰਟੀਆਂ ਇਕਜੁੱਟ ਹੋ ਕੇ ਲੋਕਾਂ ਸਾਹਮਣੇ ਆਉਣ ਲਈ ਤਿਆਰ ਬਰ ਤਿਆਰ ਨੇ।
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਜਿੱਤ ਦੇ ਲਈ ਪੂਰਾ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਏ। ਇਸੇ ਵਿਚਕਾਰ ਖ਼ਬਰ ਇਹ ਵੀ ਆ ਰਹੀ ਐ ਕਿ ਅਕਾਲੀ ਭਾਜਪਾ ਵਿਚਾਲੇ ਟੁੱਟਿਆ ਨਹੁੰ ਮਾਸ ਰਿਸ਼ਤਾ ਫਿਰ ਤੋਂ ‘ਏਕੇ’ ਦੀ ਸਰਜਰੀ ਕਰਕੇ ਜੋੜਿਆ ਜਾ ਰਿਹਾ ਏ।
ਹਮਦਰਦ ਟੀਵੀ ਨੂੰ ਮਿਲੀਆਂ ਕਨਸੋਆਂ ਅਨੁਸਾਰ ਸੀਟਾਂ ਦੀ ਵੰਡ ਨੂੰ ਲੈ ਕੇ ਰੇੜ੍ਹਕਾ ਜਾਰੀ ਐ ਪਰ ਘਾਟ ਵਾਧ ਪੂਰੀ ਕਰਕੇ ਜਲਦ ਹੀ ਇਸ ਦਾ ਹੱਲ ਵੀ ਕੱਢਿਆ ਜਾ ਰਿਹਾ ਏ। ਉਧਰ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਦਾ ਬਾਦਲ ਦਲ ਨਾਲ ਰਲੇਵਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਹਾਂ ਪੱਖੀ ਹੋਣ ਕਰਕੇ ਇਹ ਸਮਝੌਤਾ ਜਲਦ ਹੀ ਲੋਕਾਂ ਸਾਹਮਣੇ ਆ ਸਕਦਾ ਏ।
ਅਕਾਲੀ ਭਾਜਪਾ ਵਿਚਾਲੇ ਗਠਜੋੜ ਲਈ ਅਮਰੀਕਾ ਦੇ ਅਰਬਪਤੀ ਸਿੱਖ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਦਰਸ਼ਨ ਸਿੰਘ ਧਾਲੀਵਾਲ ਅਹਿਮ ਭੂਮਿਕਾ ਨਿਭਾਅ ਰਹੇ ਦੱਸੇ ਜਾ ਰਹੇ ਨੇ, ਜੋ ਕੁੱਝ ਦਿਨ ਪਹਿਲਾਂ ਆਪਣੇ ਭਰਾਵਾਂ ਚਰਨਜੀਤ ਸਿੰਘ ਧਾਲੀਵਾਲ ਅਤੇ ਸੁਰਜੀਤ ਸਿੰਘ ਰੱਖੜਾ ਸਮੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿਖੇ ਇਸ ਵਿਸ਼ੇ ’ਤੇ ਕਰੀਬ ਡੇਢ ਘੰਟੇ ਤੱਕ ਚਰਚਾ ਕਰ ਚੁੱਕੇ ਨੇ।
ਅਮਿਤ ਸ਼ਾਹ ਦੇ ਹਾਂ ਪੱਖੀ ਹੁੰਗਾਰੇ ਮਗਰੋਂ ਬੀਤੇ ਸ਼ਨੀਵਾਰ ਉਨ੍ਹਾਂ ਨੇ ਅਮਰੀਕਾ ਤੋਂ ਫਿਰ ਦੁਬਾਰਾ ਵਾਪਸ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇਸ ਬਾਰੇ ਪੂਰੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਬਾਰੇ ਦਰਸ਼ਨ ਸਿੰਘ ਧਾਲੀਵਾਲ ਨੇ ਹਮਦਰਦ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਆਖਿਆ ਕਿ ਉਹ ਇਸ ਬਾਰੇ ਅਜੇ ਕੁੱਝ ਵੀ ਨਹੀਂ ਕਹਿ ਸਕਦੇ ਪਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਦੋਵੇਂ ਪਾਰਟੀਆਂ ਫਿਰ ਤੋਂ ਇਕੱਠੀਆਂ ਹੋ ਜਾਣ।
ਹਮਦਰਦ ਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਖ਼ਬਰ ਮਿਲੀ ਐ ਕਿ ਭਾਜਪਾ ਚੰਡੀਗੜ੍ਹ ਸੀਟ ਸਮੇਤ ਪੰਜਾਬ ਦੀਆਂ 14 ਸੀਟਾਂ ਵਿਚੋਂ ਅੱਧੀਆਂ ’ਤੇ ਅੱਖ ਰੱਖੀ ਬੈਠੀ ਐ, ਪਰ ਸੁਖਬੀਰ ਬਾਦਲ ਪੰਜਾਬ ਦੀਆਂ 5 ਅਤੇ ਚੰਡੀਗੜ੍ਹ ਦੀ ਇਕਲੌਤੀ ਸੀਟ ਭਾਜਪਾ ਨੂੰ ਦੇਣ ’ਤੇ ਸਹਿਮਤ ਹੋ ਸਕਦੇ ਨੇ। ਅਕਾਲੀ ਦਲ ਵੀ ਇਹ ਸਮਝ ਰਿਹਾ ਏ ਕਿ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਮੋਦੀ ਸਰਕਾਰ ਦੀ ਲੋਕਾਂ ਵਿਚ ਹਰਮਨ ਪਿਆਰਤਾ ਕਾਫ਼ੀ ਜ਼ਿਆਦਾ ਵਧ ਗਈ ਐ।
ਪੰਜਾਬ ਦੇ ਸਾਰੇ ਸ਼ਹਿਰਾਂ ਦੀ ਵੋਟ ਅਤੇ ਪਿੰਡਾਂ ਦੀ ਹਿੰਦੂ ਵੋਟ ਭਾਜਪਾ ਵੱਲ ਰੁਖ਼ ਕਰ ਚੁੱਕੀ ਐ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਕੇਡਰ ਵੀ ਪੰਜਾਬ ਵਿਚ ਪੂਰੀ ਤਰ੍ਹਾਂ ਕਾਇਮ ਹੋ ਚੁੱਕਿਆ ਐ। ਜੇਕਰ ਦੋਵੇਂ ਪਾਰਟੀਆਂ ਰਲ ਕੇ ਚੋਣਾਂ ਲੜਦੀਆਂ ਨੇ, ਤਾਂ ਪੰਜਾਬ ਵਿਚ ਇਨ੍ਹਾਂ ਨੂੰ ਵੱਡੀ ਸਫ਼ਲਤਾ ਮਿਲ ਸਕਦੀ ਐ,,,,, ਪਰ ਜੇਕਰ ਇਕੱਠੇ ਨਾ ਹੋਏ ਤਾਂ ਰਾਜਸੀ ਪੰਡਤਾਂ ਅਨੁਸਾਰ ਦੋਵੇਂ ਦੇ ਪੱਲੇ ਜ਼ੀਰੋ ਤੋਂ ਇਲਾਵਾ ਕੁੱਝ ਨਹੀਂ ਪਵੇਗਾ ਅਤੇ ਜ਼ਮਾਨਤਾਂ ਜ਼ਬਤ ਹੋਣ ਤੱਕ ਦੀ ਨੌਬਤ ਆ ਸਕਦੀ ਐ।
ਸੂਤਰਾਂ ਦਾ ਇਹ ਵੀ ਕਹਿਣਾ ਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਮੰਨੇ ਜਾਂਦੇ ਦਰਸ਼ਨ ਸਿੰਘ ਧਾਲੀਵਾਲ ਵੱਲੋਂ ਦੋਵੇਂ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਨਿਭਾਈ ਜਾ ਰਹੀ ਭੂਮਿਕਾ ਕਰਕੇ ਹੀ ਭਾਜਪਾ ਹਾਈਕਮਾਨ ਨੇ ਪੰਜਾਬ ਦੀ ਕਿਸੇ ਵੀ ਸੀਟ ਦਾ ਅਜੇ ਤੱਕ ਐਲਾਨ ਨਹੀਂ ਕੀਤਾ।
ਉਧਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵੇਂ ਨੂੰ ਲੈ ਕੇ ਵੀ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਗਠਜੋੜ ਤੋਂ ਪਹਿਲਾਂ ਇਹ ਰਲੇਵਾਂ ਵੀ ਭਾਜਪਾ ਹਾਈਕਮਾਨ ਦੇ ਇਸ਼ਾਰੇ ’ਤੇ ਹੋ ਰਿਹਾ ਏ।
ਇਹ ਵੀ ਚਰਚਾ ਚੱਲ ਰਹੀ ਐ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਸਵ: ਪ੍ਰਕਾਸ਼ ਸਿੰਘ ਬਾਦਲ ਦੀ ਥਾਂ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਥਾਪਿਆ ਜਾ ਸਕਦਾ ਏ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਨ੍ਹਾਂ ਦੇ ਫਰਜੰਦ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਭਾਜਪਾ ਦਾ ਉਮੀਦਵਾਰ ਬਣਾਉਣ ਦੇ ਨਾਲ ਨਾਲ ਪਾਰਟੀ ਵਿਚ ਕੋਈ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ।
ਦੋਵੇਂ ਪਾਰਟੀਆਂ ਦੇ ਰਲੇਵੇਂ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸੰਯੁਕਤ ਅਕਾਲੀ ਦਲ ਦੇ ਆਗੂਆਂ ਵਿਚਕਾਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਅਤੇ ਪੰਜਾਬ ਦੇ ਬਹੁਤੇ ਲੋਕ ਇਸ ਏਕੇ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੇ ਨੇ। ਬਹੁਤੇ ਪੰਜਾਬੀਆਂ ਦਾ ਮੰਨਣਾ ਏ ਕਿ ਪੰਜਾਬ ਦੀ ਖ਼ੁਸ਼ਹਾਲੀ ਲਈ ਅਕਾਲੀ ਦਲ ਦਾ ਪੰਜਾਬ ਵਿਚ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਐ। ਜੇਕਰ ਅਜਿਹਾ ਸਭ ਕੁੱਝ ਵਾਪਰ ਜਾਂਦਾ ਏ ਤਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਵੱਡੀ ਚੁਣੌਤੀ ਮਿਲ ਸਕਦੀ ਐ।
ਦੂਜੇ ਪਾਸੇ ਭਾਜਪਾ ਹਾਈਕਮਾਨ ਪੰਜਾਬ ਦੀਆਂ ਸਾਰੀਆਂ ਸੀਟਾਂ ਨੂੰ ਅਕਾਲੀ ਦਲ ਨਾਲ ਮਿਲ ਕੇ ਆਪਣੀ ਜੇਬ ਵਿਚ ਪਾਉਣਾ ਚਾਹੁੰਦੀ ਐ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੰਮਾਂ ਦੇ ਬਲਬੂਤੇ ਸਾਰੀਆਂ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਦੇ ਦਾਅਵੇ ਕਰ ਰਹੀ ਐ। ਅਗਲੇ ਹਫ਼ਤੇ ਚੋਣਾਂ ਦਾ ਐਲਾਨ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਐ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਨਾਂਹ ਨੁੱਕਰ ਕਰਨ ਵਾਲੇ ਕਈ ਉਮੀਦਵਾਰ ਹੁਣ ਭਾਜਪਾ ਨਾਲ ਗਠਜੋੜ ਮਗਰੋਂ ਉਮੀਦਵਾਰ ਬਣਨ ਵਾਲੀ ਕਤਾਰ ’ਚ ਜਾ ਖੜੋਏ ਨੇ।
ਕਿਸਾਨੀ ਅੰਦੋਲਨ ਦਾ ਪ੍ਰਭਾਵ ਲੋਕ ਸਭਾ ਚੋਣਾਂ ’ਤੇ ਜਿੰਨਾ ਪੈਣਾ ਸੀ, ਓਨਾ ਬੁਰਾ ਨਹੀਂ ਪਵੇਗਾ ਕਿਉਂਕਿ ਕਿਸਾਨ ਆਗੂ ਪਹਿਲਾਂ ਦੀ ਤਰ੍ਹਾਂ ਇਕੱਠੇ ਹੋ ਕੇ ਲੜਨ ਦੀ ਬਜਾਏ ਇਸ ਵਾਰ ਬਿਖ਼ਰੇ ਪਏ ਨੇ, ਜਿਸ ਦਾ ਬਹੁਤੇ ਲੋਕਾਂ ’ਤੇ ਪ੍ਰਭਾਵ ਨਹੀਂ ਪੈ ਸਕੇਗਾ। ਅਕਾਲੀ ਭਾਜਪਾ ਗਠਜੋੜ ਮਗਰੋਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਤਿਕੋਣੀ ਟੱਕਰ ਬਣ ਜਾਵੇਗੀ, ਕੌਣ ਕਿੰਨੀਆਂ ਸੀਟਾਂ ਜਿੱਤੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮੌਜੂਦਾ ਸਮੇਂ ਜ਼ੋਰ ਸਾਰੀਆਂ ਪਾਰਟੀਆਂ ਨੇ ਪੂਰਾ ਲਾਇਆ ਹੋਇਆ ਏ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ