Begin typing your search above and press return to search.

ਇਸ ਦਿਨ ਹੋਵੇਗਾ ਅਕਾਲੀ-ਭਾਜਪਾ ਵਿਚਾਲੇ ਗਠਜੋੜ!

ਚੰਡੀਗੜ੍ਹ, 8 ਫਰਵਰੀ : ਦੇਸ਼ ਭਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਵੱਖ ਵੱਖ ਸੂਬਿਆਂ ਵਿਚ ਕਿਤੇ ਗਠਜੋੜ ਟੁੱਟ ਰਹੇ ਨੇ ਅਤੇ ਕਿਤੇ ਨਵੇਂ ਬਣ ਰਹੇ ਨੇ,, ਪਰ ਇਸ ਸਭ ਦੇ ਵਿਚਕਾਰ ਭਾਜਪਾ ਨੂੰ ਦਬਾਉਣ ਦੀ ਨੀਅਤ ਨਾਲ ਬਣਾਏ ਇੰਡੀਆ ਗਠਜੋੜ ਦਾ […]

alliance between Akali-BJP!
X

Makhan ShahBy : Makhan Shah

  |  8 Feb 2024 1:17 PM IST

  • whatsapp
  • Telegram

ਚੰਡੀਗੜ੍ਹ, 8 ਫਰਵਰੀ : ਦੇਸ਼ ਭਰ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਵੱਖ ਵੱਖ ਸੂਬਿਆਂ ਵਿਚ ਕਿਤੇ ਗਠਜੋੜ ਟੁੱਟ ਰਹੇ ਨੇ ਅਤੇ ਕਿਤੇ ਨਵੇਂ ਬਣ ਰਹੇ ਨੇ,, ਪਰ ਇਸ ਸਭ ਦੇ ਵਿਚਕਾਰ ਭਾਜਪਾ ਨੂੰ ਦਬਾਉਣ ਦੀ ਨੀਅਤ ਨਾਲ ਬਣਾਏ ਇੰਡੀਆ ਗਠਜੋੜ ਦਾ ਕਿਤੇ ਕੋਈ ਸਿਰ ਪੈਰ ਦਿਖਾਈ ਨਹੀਂ ਦੇ ਰਿਹਾ, ਜਦਕਿ ਭਾਜਪਾ ਵੱਲੋਂ ਆਪਣੀ ਨਵੀਂ ਰਣਨੀਤੀ ਤਿਆਰ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਇਹ ਖ਼ਬਰਾਂ ਮਿਲ ਰਹੀਆਂ ਨੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਤੋਂ ਗਠਜੋੜ ਹੋਣ ਦੀ ਸੰਭਾਵਨਾ ਬਣ ਗਈ ਕਿਉਂਕਿ ਇਸ ਮਾਮਲੇ ਨੂੰ ਲੈਕੇ ਦੋਵੇਂ ਪਾਰਟੀਆਂ ਦੇ ਲੀਡਰ ਇਕ ਦੂਜੇ ਦੇ ਸੰਪਰਕ ਵਿਚ ਨੇ।

ਭਾਜਪਾ ਦੇ ਪੁਰਾਣੇ ਸਹਿਯੋਗੀ ਇਕ ਵਾਰ ਫਿਰ ਤੋਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਵਿਚ ਸ਼ਾਮਲ ਹੋ ਸਕਦੇ ਨੇ, ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵੀ ਸ਼ਾਮਲ ਐ। ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਨੂੰ ਮਾਤ ਦੇਣ ਲਈ ਬਣਾਇਆ ਗਿਆ ਇੰਡੀਆ ਗਠਜੋੜ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਖੇਰੂੰ ਖੇਰੂੰ ਹੋ ਚੁੱਕਿਆ ਏ।

ਕੁੱਝ ਲੋਕ ਇਹ ਆਖ ਰਹੇ ਨੇ ਕਿ ਇੰਡੀਆ ਗਠਜੋੜ ਨੂੰ ਤੋੜਨ ਲਈ ਭਾਜਪਾ ਨੇ ਆਪਣੀ ਸਿਆਸੀ ਖੇਡ ਖੇਡੀ ਐ ਪਰ ਦੇਖਿਆ ਜਾਵੇ ਤਾਂ ਉਂਝ ਵੀ ਇਹ ਗਠਜੋੜ ਸਿਰੇ ਚੜ੍ਹਨ ਵਾਲਾ ਨਹੀਂ ਸੀ ਕਿਉਂਕਿ ਜਿਸ ਗਠਜੋੜ ਵਿਚ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੋਣ, ਉਸ ਨੇ ਅੱਜ ਨਹੀਂ ਤਾਂ ਕੱਲ੍ਹ,, ਟੁੱਟਣਾ ਹੀ ਟੁੱਟਣਾ ਏ। ਉਂਝ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇੰਡੀਆ ਗਠਜੋੜ ਨੂੰ ਤੋੜਨ ਲਈ ਇਸ ਵਾਰ ਭਾਜਪਾ ਨੇ ਵੀ ਥੋੜ੍ਹਾ ਬਹੁਤ ਟੁੱਲ ਤਾਂ ਜ਼ਰੂਰ ਲਗਾਇਆ ਹੋਵੇਗਾ। ਬਿਹਾਰ ਵਿਚ ਨਿਤੀਸ਼ ਨਾਲ ਮਿਲ ਕੇ ਬਣਾਈ ਗਈ ਸਰਕਾਰ ਇਸ ਗੱਲ ਦਾ ਬਹੁਤ ਵਧੀਆ ਸਬੂਤ ਐ, ਕਿਉਂਕਿ ਪਹਿਲਾਂ ਨਿਤੀਸ਼ ਕੁਮਾਰ ਵੀ ਇੰਡੀਆ ਗਠਜੋੜ ਦਾ ਹਿੱਸਾ ਸੀ।

ਗੱਲ ਕਰਦੇ ਆਂ ਪੰਜਾਬ ਦੀ,,, ਤਾਂ ਇੱਥੇ ਇਸ ਵਾਰ ਭਾਜਪਾ ਆਪਣੇ ਪੁਰਾਣੇ ਸਹਿਯੋਗੀ ਅਕਾਲੀ ਦਲ ਨਾਲ ਫਿਰ ਤੋਂ ਗਠਜੋੜ ਕਰ ਸਕਦੀ ਐ। ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਐ ਕਿ ਪੰਜਾਬ ਵਿਚ ਗਠਜੋੜ ਨੂੰ ਲੈ ਕੇ ਦੋਵੇਂ ਪਾਰਟੀਆਂ ਦੀ ਗੱਲਬਾਤ ਅੰਤਿਮ ਪੜਾਅ ’ਤੇ ਪਹੁੰਚ ਚੁੱਕੀ ਐ,,, ਜਲਦ ਹੀ ਇਸ ਦਾ ਰਸਮੀ ਐਲਾਨ ਹੋ ਸਕਦਾ ਏ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵੀ ਅਕਾਲੀ ਦਲ ਦੇ ਲਈ ਕਾਫ਼ੀ ਚੁਣੌਤੀ ਭਰੀਆਂ ਦਿਖਾਈ ਦੇ ਰਹੀਆਂ ਨੇ, ਜਿਸ ਕਰਕੇ ਅਕਾਲੀ ਦਲ ਵੀ ਆਪਣੇ ਪੁਰਾਣੇ ਸਹਿਯੋਗੀ ਨਾਲ ਫਿਰ ਤੋਂ ਗਲਵੱਕੜੀ ਪਾਉਣ ਲਈ ਉਤਾਵਲਾ ਦਿਖਾਈ ਦੇ ਰਿਹਾ ਏ ਕਿਉਂਕਿ ਦੋਵੇਂ ਪਾਰਟੀਆਂ ਮਿਲ ਕੇ ਤਾਂ ਕੁੱਝ ਜਲਵਾ ਦਿਖਾ ਸਕਦੀਆਂ ਨੇ ਪਰ ਕੱਲਿਆਂ ਕੱਲਿਆਂ ਲੜਨ ਵਿਚ ਦੋਵਾਂ ਦਾ ਪੱਲੇ ਕੁੱਝ ਨਹੀਂ ਪੈਣਾ। ਇਸ ਗੱਲ ਨੂੰ ਦੋਵੇਂ ਪਾਰਟੀਆਂ ਦੇ ਆਗੂ ਵੀ ਬਾਖ਼ੂਬੀ ਸਮਝਦੇ ਨੇ, ਜਿਸ ਕਰਕੇ ਇਸ ਵਾਰ ਦਾ ਮੌਕਾ ਉਹ ਕਦੇ ਵੀ ਹੱਥੋਂ ਨਹੀਂ ਜਾਣ ਦੇਣਗੇ। ਕਿਸੇ ਸਮੇਂ ਵੀ ਸੁਨੀਲ ਜਾਖੜ ਅਤੇ ਸੁਖਬੀਰ ਬਾਦਲ ਇੱਕੋ ਸਟੇਜ ’ਤੇ ‘ਆਪ’ ਅਤੇ ਕਾਂਗਰਸ ਨੂੰ ਕੋਸਦੇ ਖੜ੍ਹੇ ਦਿਖਾਈ ਦੇ ਸਕਦੇ ਨੇ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਪਹਿਲੀ ਵਾਰ ਸਾਲ 1996 ਵਿਚ ਹੋਇਆ ਸੀ, ਜਿਸ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਕਈ ਚੋਣਾਂ ਮਿਲ ਕੇ ਲੜੀਆਂ ਅਤੇ ਕਈ ਵਾਰ ਸੱਤਾ ਵੀ ਹਾਸਲ ਕੀਤੀ ਪਰ ਸਾਲ 2021 ਦੇ ਕਿਸਾਨੀ ਅੰਦੋਲਨ ਦੌਰਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੋਵੇਂ ਪਾਰਟੀਆਂ ਦਾ 24 ਸਾਲ ਪੁਰਾਣਾ ਗਠਜੋੜ ਟੁੱਟ ਗਿਆ ਸੀ। ਪਹਿਲਾਂ ਤਾਂ ਅਕਾਲੀ ਦਲ ਵੀ ਭਾਜਪਾ ਨਾਲ ਭਾਈਵਾਲੀ ਦੇ ਚਲਦਿਆਂ ਖੇਤੀ ਕਾਨੂੰਨਾਂ ਨੂੰ ਸਹੀ ਦੱਸਦਾ ਰਿਹਾ ਪਰ ਜਿਵੇਂ ਹੀ ਕਿਸਾਨਾਂ ਦਾ ਵਿਰੋਧ ਸ਼ੁਰੂ ਹੋਇਆ ਤਾਂ ਅਕਾਲੀ ਦਲ ਵੀ ਗਠਜੋੜ ਤੋੜ ਕੇ ਕਿਸਾਨਾਂ ਦੇ ਨਾਲ ਖਲੋ ਗਿਆ।

ਹੋਰ ਤਾਂ ਹੋਰ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਦੀ ਕੁਰਸੀ ਤੱਕ ਛੱਡ ਦਿੱਤੀ ਸੀ,,, ਕਿਉਂਕਿ ਇਕ ਕਿਸਾਨ ਹੀ ਤਾਂ ਸਨ, ਜਿਨ੍ਹਾਂ ਸਹਾਰੇ ਅਕਾਲੀ ਦਲ ਦੀ ਸਰਕਾਰ ਬਣਦੀ ਸੀ,,, ਪਰ ਜਦੋਂ ਤੱਕ ਅਕਾਲੀ ਦਲ ਨੇ ਗਠਜੋੜ ਤੋੜਿਆ, ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਹੁਣ ਵੀ ਜੇਕਰ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੋਇਆ ਤਾਂ ਪਹਿਲਾਂ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨੇ ਹੋਣਗੇ ਤਾਂ ਹੀ ਦੋਵੇਂ ਪਾਰਟੀਆਂ ਨੂੰ ਪੰਜਾਬ ਵਿਚ ਕੋਈ ਫ਼ਾਇਦਾ ਮਿਲ ਸਕਦਾ ਏ।

ਉਧਰ ਕਿਸਾਨਾਂ ਵੱਲੋਂ ਵੀ ਫਿਰ ਤੋਂ 13 ਫਰਵਰੀ ਤੋਂ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਏ, ਜਿਸ ਦੇ ਤਹਿਤ ਲੱਖਾਂ ਦੀ ਗਿਣਤੀ ਵਿਚ ਕਿਸਾਨ ਫਿਰ ਤੋਂ ਦਿੱਲੀ ਘੇਰਨ ਲਈ ਕੂਚ ਕਰਨਗੇ। ਉਂਝ ਮੋਦੀ ਸਰਕਾਰ ਲਈ ਇਹ ਚੰਗਾ ਮੌਕਾ ਏ ਕਿ ਕਿਸਾਨੀ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਦੀ ਮੀਟਿੰਗ ਬੁਲਾਉਣ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਐਲਾਨ ਕਰ ਦੇਣ,, ਪਰ ਜੇਕਰ ਨਾਲ ਹੀ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਕਰ ਦੇਣ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ,,, ਪਰ ਇਕ ਇਹ ਵੀ ਧਿਆਨ ਰੱਖਣੀ ਹੋਵੇਗੀ ਕਿ ਕੇਂਦਰ ਸਰਕਾਰ ਕਿਤੇ ਇਹ ਸਮਝ ਕੇ ਕਿਸਾਨਾਂ ਦੀ ਨਾਰਾਜ਼ਗੀ ਨਾਲ ਸਹੇੜ ਲਵੇ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਐ ਕਿਉਂਕਿ ਜੇਕਰ ਸਰਕਾਰ ਮਜ਼ਬੂਤ ਐ ਤਾਂ ਇਸ ਵਾਰ ਕਿਸਾਨ ਵੀ ਓਨੇ ਹੀ ਮਜ਼ਬੂਤ ਹੋ ਕੇ ਆਉਣਗੇ। ਉਂਝ 13 ਫਰਵਰੀ ਨੂੰ ਹਰਿਆਣੇ ਦੇ ਬਾਰਡਰਾਂ ’ਤੇ ਹੀ ਪਤਾ ਚੱਲ ਜਾਵੇਗਾ ਕਿ ਕਿਸਾਨਾਂ ਪ੍ਰਤੀ ਭਾਜਪਾ ਦਾ ਰੁਖ਼ ਕੀ ਰਹਿਣ ਵਾਲਾ ਏ ਕਿਉਂਕਿ ਹਰਿਆਣੇ ਵਿਚ ਭਾਜਪਾ ਦੀ ਹੀ ਸਰਕਾਰ ਐ।

ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਗਠਜੋੜ ਵਿਚ ਰਹਿ ਕੇ ਭਾਜਪਾ ਤਿੰਨ ਸੀਟਾਂ ’ਤੇ ਚੋਣ ਲੜਦੀ ਰਹੀ ਐ ਜਦਕਿ ਅਕਾਲੀ ਦਲ 10 ਸੀਟਾਂ ’ਤੇ ਚੋਣ ਲੜਦਾ ਰਿਹਾ ਏ,, ਪਰ ਇਸ ਵਾਰ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਪਹਿਲਾਂ ਨਾਲੋਂ ਵਧ ਸਕਦੀ ਐ ਕਿਉਂਕਿ ਭਾਜਪਾ ਆਪਣੀ ਮਜ਼ਬੂਤੀ ਦਾ ਇੰਨਾ ਫ਼ਾਇਦਾ ਤਾਂ ਜ਼ਰੂਰ ਲਵੇਗੀ,,,ਹਾਲਾਂਕਿ ਉਹ ਕੇਂਦਰ ’ਚ ਹੀ ਮਜ਼ਬੂਤ ਐ ਪੰਜਾਬ ’ਚ ਨਹੀਂ। ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਵਿਚ ਪੀਐਮ ਮੋਦੀ ਦਾ ਜਲਵਾ ਦੇਖਣ ਨੂੰ ਮਿਲਿਆ ਪਰ ਪੰਜਾਬ ਵਿਚ ਨਹੀਂ।

ਭਾਜਪਾ ਪੰਜਾਬ ਵਿਚ ਸਿਰਫ਼ ਦੋ ਸੀਟਾਂ ’ਤੇ ਕਬਜ਼ਾ ਕਰ ਸਕੀ, ਜਿਨ੍ਹਾਂ ਵਿਚੋਂ ਗੁਰਦਾਸਪੁਰ ਤੋਂ ਸੰਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੇ ਬਾਜ਼ੀ ਮਾਰੀ,, ਜਦਕਿ ਦੋ ਸੀਟਾਂ ਅਕਾਲੀ ਦਲ ਦੇ ਖਾਤੇ ਗਈਆਂ, ਜਿਨ੍ਹਾਂ ਵਿਚੋਂ ਬਠਿੰਡਾ ਤੋਂ ਹਰਸਿਮਰਤ ਬਾਦਲ ਅਤੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਚੋਣ ਜਿੱਤੇ। ਮੋਦੀ ਲਹਿਰ ਦੇ ਬਾਵਜੂਦ ਕਾਂਗਰਸ 13 ਵਿਚੋਂ 8 ਜਿੱਤਣ ਵਿਚ ਕਾਮਯਾਬ ਰਹੀ।

ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਖਾਤੇ ਇਕ ਸੀਟ ਪਈ, ਉਹ ਵੀ ਜਲੰਧਰ ਦੀ ਜ਼ਿਮਨੀ ਚੋਣ ਜਿੱਤ ਕੇ, ਜਦਕਿ ਸੰਗਰੂਰ ਵਾਲੀ ਪੱਕੀ ਸੀਟ ਆਪ ਦੇ ਹੱਥੋਂ ਨਿਕਲ ਗਈ, ਜਿਸ ਨੂੰ ਆਪ ਆਗੂ ਪਾਰਟੀ ਦੀ ਰਾਜਧਾਨੀ ਦੱਸਦੇ ਸੀ, ਉਸ ’ਤੇ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਦਿੱਤਾ। ਇਹ ਸਭ ਕੁੱਝ ਉਦੋਂ ਹੋਇਆ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਵੱਡੀ ਲਹਿਰ ਸੀ,,, 92 ਸੀਟਾਂ ਜਿੱਤ ਕੇ ਪੰਜਾਬ ਵਿਚ ਆਪ ਦੀ ਤਾਜ਼ਾ ਤਾਜ਼ਾ ਸਰਕਾਰ ਬਣੀ ਸੀ।

ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਐ, ਜਿਸ ਦੇ ਤਹਿਤ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਜਾ ਰਹੇ ਨੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸੁਣ ਰਹੇ ਨੇ,, ਪਰ ਸਿਆਸੀ ਮਾਹਿਰਾਂ ਅਨੁਸਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਐ ਜੋ ਜਨਤਾ ਨੂੰ ਲੁਭਾਉਣ ਲਈ ਘੱਟ ਬਲਕਿ ਆਪਣੀ ਭਾਈਵਾਲ ਭਾਜਪਾ ਨੂੰ ਦਿਖਾਉਣ ਲਈ ਜ਼ਿਆਦਾ ਏ,,, ਜਿਸ ਦਾ ਅਸਰ ਵੀ ਦਿਸਣਾ ਸ਼ੁਰੂ ਹੋ ਗਿਆ ਏ ਕਿਉਂਕਿ ਜਲਦ ਹੀ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਨੂੰ ਲੈ ਕੇ ਚੱਲ ਰਹੀ ਗੱਲ ਨੇਪਰੇ ਚੜ੍ਹ ਸਕਦੀ ਐ। ਹੋ ਸਕਦਾ ਏ ਕਿ ਕਿਸਾਨਾਂ ਦੇ ਦਿੱਲੀ ਕੂਚ ਕਰਨ ਤੋਂ ਪਹਿਲਾਂ ਹੀ ਇਸ ਦਾ ਐਲਾਨ ਹੋ ਜਾਵੇ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it