ਪੰਜਾਬ ’ਚ ਨਾਨਕ ਕਿਰਤ ਸਭਿਆਚਾਰ ਦਾ ਗਲ ਅਕਾਲੀਆਂ ਘੁੱਟਿਆ
ਦਰਬਾਰਾ ਸਿੰਘ ਕਾਹਲੋਂ ‘ਪੰਜਾਬ ਜੀਂਦਾ ਗੁਰਾਂ ਦੇ ਨਾਅ ਤੇ’ ਪ੍ਰੋਫੈਸਰ ਪੂਰਨ ਸਿੰਘ ਵੱਲੋਂ ਉੱਚਰਿਆ ਸਦੀਵੀ ਫਲਸਫਾਨਾ ਮੁਹਾਵਰਾ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਸਿੱਖ ਗੁਰੂਆਂ ਵੱਲੋਂ ਸਥਾਪਿਤ ਨਿਰਛੱਲ, ਅਮੀਰ ਅਤੇ ਅਤਿ ਪ੍ਰੈਕਟੀਕਟੀਕਲ ਆਪਸੀ ਮਿਲਵਰਤਣ ਭਰੇ ਸਾਦਾ ਮਾਨਵ ਅਧਿਆਤਮਿਕ ਅਤੇ ਦਸਾਂ ਨਹੁੰਆਂ ਵਾਲੇ ਕਿਰਤੀ ਸਭਿਆਚਾਰ ਅਧਾਰਿਤ ਹੈ। ਨਾਨਕ ਨੇ ਸਮੂਹ ਲੋਕਾਈ ਨੂੰ […]
By : Editor (BS)
ਦਰਬਾਰਾ ਸਿੰਘ ਕਾਹਲੋਂ
‘ਪੰਜਾਬ ਜੀਂਦਾ ਗੁਰਾਂ ਦੇ ਨਾਅ ਤੇ’ ਪ੍ਰੋਫੈਸਰ ਪੂਰਨ ਸਿੰਘ ਵੱਲੋਂ ਉੱਚਰਿਆ ਸਦੀਵੀ ਫਲਸਫਾਨਾ ਮੁਹਾਵਰਾ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਸਿੱਖ ਗੁਰੂਆਂ ਵੱਲੋਂ ਸਥਾਪਿਤ ਨਿਰਛੱਲ, ਅਮੀਰ ਅਤੇ ਅਤਿ ਪ੍ਰੈਕਟੀਕਟੀਕਲ ਆਪਸੀ ਮਿਲਵਰਤਣ ਭਰੇ ਸਾਦਾ ਮਾਨਵ ਅਧਿਆਤਮਿਕ ਅਤੇ ਦਸਾਂ ਨਹੁੰਆਂ ਵਾਲੇ ਕਿਰਤੀ ਸਭਿਆਚਾਰ ਅਧਾਰਿਤ ਹੈ।
ਨਾਨਕ ਨੇ ਸਮੂਹ ਲੋਕਾਈ ਨੂੰ ਇੱਕ ਵਧੀਆ ਸਵੈਮਾਣ ਅਤੇ ਆਪਸੀ ਮਿਲਵਰਤਣ ਭਰੇ ਸਿਹਤਮੰਦ ਅਤੇ ਤੰਦਰੁਸਤ ਸਮਾਜ ਵਿਚ ਜਿਊਣ ਲਈ ਪੰਜਾਬ ਅੰਦਰ ਆਪਣੀਆਂ ਚਾਰ ਵਿਸ਼ਵ ਵਿਆਪੀ ਉਦਾਸੀਆਂ ਦੇ ਉਦੇਸ਼ ਤੋਂ ਬਾਅਦ ਸਚਿਆਰ ਮਨੁੱਖ, ਪਰਿਵਾਰ ਅਤੇ ਭਾਈਚਾਰੇ ਦੀ ਸਥਾਪਤੀ ਲਈ ਆਪਣੇ ਜੀਵਨ ਦੇ ਅਖੀਰਲੇ 17 ਸਾਲ ਰਾਵੀ ਦਰਿਆ ਦੇ ਕਿਨਾਰੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ‘ਕਿਰਤ ਸਭਿਆਚਾਰ’ ਦੀ ਪ੍ਰਪੱਕਤਾ ਲਈ ਅਰਪਨ ਕੀਤੇ।
ਇਸ ਕਿਰਤ ਸਭਿਆਚਾਰ ਦੀ ਅਮੀਰੀ ਉਦੋਂ ਜੱਗ ਜਾਹਿਰ ਹੋਈ ਜਦੋਂ ਪਾਣੀ ਭਰੇ ਝੋਨੇ ਦੇ ਖੇਤਾਂ ਵਿਚੋਂ ਪਸ਼ੂਆਂ ਲਈ ਗੁਰੂਦੇਵ ਘਾਹ ਕੱਢ ਰਹੇ ਹਨ, ਖਡੂਰ ਸਾਹਿਬ ਦਾ ਰੇਸ਼ਮੀ ਲਿਬਾਸ ਵਾਲਾ ਉਨ੍ਹਾਂ ਦਾ ਅਮੀਰ ਸ਼ਰਧਾਲੂ ਭਾਈ ਲਹਿਣਾ ਘੋੜੇ ਤੇ ਸਵਾਰ ਦਰਸਨਾਂ ਲਈ ਆਉਂਦਾ ਹੈ ਅਤੇ ਗੁਰੂਦੇਵ ਵਲੋਂ ਪਾਣੀ ਨੁੱਚੜਦੇ ਘਾਹ ਦੀ ਪੰਡ ਉਨ੍ਹਾਂ ਨਾਲ ਚੁੱਕ ਕੇ ਗੂਰੂ ਘਰ ਵੱਲ ਚਾਲੇ ਪਾਉਂਦਾ। ਇਹ ਗੁਰੂਦੇਵ ਵੱਲੋਂ ਸਿਰਜੇ ਕਿਰਤ ਸਭਿਆਚਾਰ ਪ੍ਰਤੀ ਪਿਆਰ ਅਤੇ ਸਮਰਪਿਤਤਾ ਦੀ ਅਲੌਕਿਕ ਮਿਸਾਲ ਸੀ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿੰਡ ਵਿਚ ਆਤਮ ਨਿਰਭਰ ਪੇਂਡੂ ਅਰਥ ਵਿਵਸਥਾ ਨੂੰ ਪ੍ਰਪੱਕ ਕਰਨ ਲਈ ਵੱਖ-ਵੱਖ ਕਿਰਤੀ ਭਾਈਚਾਰਿਆਂ ਨੂੰ ਬੜਾਵਾ ਦਿਤਾ ਜਿਨ੍ਹਾਂ ਵਿਚ ਨਾਈ, ਸੀਂਬੇ, ਝੀਊਰ, ਤਰਖਾਣ, ਲੁਹਾਰ, ਠਠਿਆਰ, ਘੁਮਿਆਰ, ਸੇਪੀ(ਗੋਹਾ –ਕੂੜਾ ਚੁੱਕਣ ਵਾਲੇ), ਮਨੋਰੰਜ਼ਨ ਕਰਤਾ ਰਾਸਧਾਰੀ, ਮਰਾਸੀ, ਸ਼ਿਲਪੀ ਆਦਿ ਸ਼ਾਮਲ ਸਨ।
ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਰਾਮਦਾਸਪੁਰਾ ਜੋ ਅੱਜ ਸਿੱਖੀ ਦੇ ਧੁਰੇ ਅਤੇ ਮੁਕਦੱਸ ਅਸਥਾਨ ‘ਸ਼੍ਰੀ ਅੰਮਿਰਤਸਰ’ ਵਜੋਂ ਸਥਾਪਿਤ ਹੈ, ਨੂੰ ਪ੍ਰਫੂਲਤ ਕਰਨ ਲਈ ਵੱਖ-ਵੱਖ ਥਾਵਾਂ ਤੋਂ ਸ਼ਿਲਪਕਾਰਾਂ, ਦਸਤਕਾਰਾਂ, ਤਕਨੀਸ਼ਨਾਂ, ਆਰਟਿਸਟਾਂ, ਵਪਾਰੀਆਂ, ਕਾਰੋਬਾਰੀਆਂ ਆਦਿ ਨੂੰ ਇਸ ਸ਼ਹਿਰ ਵਿਚ ਵਸਾਇਆ।
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਅਨੁਯਾਈਆਂ ਵੱਲੋਂ ਪ੍ਰਫੁੱਲਤ ਅਤੇ ਪ੍ਰਪੱਕ ਕੀਤੇ ਕਿਰਤ ਸਭਿਆਚਾਰ ਦਾ ਹੀ ਕਮਾਲ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਜਾਬ ਵਿਸ਼ਵ ਦੀ ਇੱਕ ਤਾਕਤਵਰ ਆਰਥਿਕ ਸ਼ਕਤੀ ਵੱਜੋਂ ਉੱਭਰਿਆ ਸੀ ਸੈਨਿਕ ਸ਼ਕਤੀ ਦੇ ਨਾਲ-ਨਾਲ। ਨਾਨਕਸ਼ਾਹੀ ਰੁਪਇਆ ਉਦੋਂ ਬ੍ਰਿਟਿਸ਼ ਕਰੰਸੀ ਦੇ 13 ਪੌਂਡ ਬਰਾਬਰ ਸੀ। ਇੰਗਲੈਂਡ ਅਤੇ ਫਰਾਂਸ ਵਰਗੇ ਰਾਜ ਪੰਜਾਬੀ ਤਕਨੀਸ਼ੀਅਨਾਂ ਵਲੋਂ ਵਿਕਸਤ ਤੋਪਖਾਨੇ, ਗੋਲਾਂ-ਬਰੂਦ ਅਤੇ ਹੋਰ ਜੰਗੀ ਤਕਨੀਕਾਂ ਵੇਖ ਕੇ ਅਸ਼-ਅਸ਼ ਕਰ ਉੱਠੇ।
ਸ਼ਾਇਦ ਬਹੁਤੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਘੱਟ ਪਤਾ ਹੋਵੇ ਕਿ ਦੇਸ਼ ਅਜ਼ਾਦੀ ਵੇਲੇ ਪੰਜਾਬ ਦੀ ਵੰਡ ਦੇ ਬਰਬਾਦੀ ਜਿਸ ਵਿਚ 10 ਲੱਖ ਪੰਜਾਬੀ ਮਾਰੇ ਗਏ, ਢਾਈ ਕਰੋੜ ਨੂੰ ਇੱਧਰ-ਉੱਧਰ ਹਿਜਰਤ ਕਰਨੀ ਪਈ, ਪੰਜਾਬ ਦੀ ਬੁਰੂ ਆਰਥਿਕਤਾ ਤਹਿਸ-ਨਹਿਸ ਹੋ ਗਈ ਸੀ, ਨੂੰ ਮੁੜ ਕੁੱਝ ਇੱਕ ਸਾਲਾਂ ਵਿਚ ਹੀ ਮੁੜ ਪੈਰੀਂ ਖੜਾ ਕਰਨ ਪਿੱਛੇ ਅਸਲ ਸ਼ਕਤੀ ਡਾ. ਮਹਿੰਦਰ ਸਿੰਘ ਰੰਧਾਵਾ ਆਈ.ਸੀ.ਐਸ ਅਨੁਸਾਰ ਬਾਬਾ ਨਾਨਕ ਦਾ ਕਿਰਤ ਸਭਿਆਚਾਰ ਸੀ। ਸੱਤਾ ਖਾਤਰ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਆਗੂਆਂ ਨੇ ਪੰਜਾਬ ਤਾਂ ਬਰਬਾਦ ਕਰ ਦਿਤਾ ਪਰ ਇਸ ਦੇ ਕਿਰਤ ਸਭਿਆਚਾਰ ਦਾ ਵਾਲ ਵਿੰਗਾ ਨਹੀਂ ਨਾ ਕਰ ਸਕੇ। ਡਾ: ਰੰਧਾਵਾ ਅਨੁਸਾਰ ਪੰਜਾਬ ਦੇ ਉਜੜੇ-ਪੁੱਜੜੇ ਪਿੰਡਾਂ, ਇਸ ਦੀ ਖੇਤੀ ਤੇ ਪੇਂਡੂ ਆਰਥਿਕਤਾ ਨੂੰ ਮੁੜ ਕਿਸਾਨੀ, ਲੁਹਾਰਾਂ, ਤਰਖਾਣਾਂ, ਨਾਈ, ਛੀਬਿਆਂ, ਝੀਰਾਂ, ਸੇਪੀ ਕਾਮਿਆਂ, ਘੁਮਿਆਰਾਂ, ਠਠਿਆਰਾਂ ਆਦਿ ਨੇ ਸਿਰ ਜੋੜ ਕੇ ਖੜਾ ਹੀ ਨਹੀਂ ਕੀਤਾ ਬਲਕਿ ਨਵੇਂ ਸੰਦਾਂ ਨੂੰ ਈਜਾਦ ਕੀਤਾ। ਨਵੀਆਂ ਮਿੱਟੀ ਪਰਤਾਵੀਆਂ ਹਲਾਂ, ਬੀਜ ਕੇਰਵੀਆਂ ਹਲਾਂ, ਚਾਰਾਂ ਟੋਕਾ ਮਸ਼ੀਨਾਂ, ਰਹਿਟ ਅਤੇ ਫਿਰ ਟਿਊਬਵੈਲਾਂ, ਟਰੈਕਟਰਾਂ ਅਤੇ ਸਬੰਧਿਤ ਮਸ਼ੀਨਰੀ ਨੇ ‘ਹਰਾ ਇਨਕਲਾਬ’ ਸਿਰਜਣ ਵਿਚ ਭਰਪੂਰ ਮਦਦ ਕੀਤੀ। ਪੰਜਾਬ ਵਿਚ ਖੇਤੀ ਆਰਥਿਕਤਾ ਨੂੰ ਪ੍ਰਪੱਕ ਕਰਨ ਵਾਲੇ ਛੋਟੇ ਉਦਯੋਗ, ਵਰਕਸ਼ਾਪਾਂ, ਦੇਗੀ ਫਾਉਂਤਰੀਆਂ, ਕੱਪੜਾ ਸਨੱਅਤਾਂ ਆਦਿ ਬਟਾਲਾ, ਛੇਹਰਟਾ, ਤਲਵੰਡੀ ਭਾਈ, ਮੰਡੀ ਗੋਬਿੰਦਗੜ੍ਹ, ਜਲੰਧਰ, ਫਗਵਾੜਾ, ਲੁਧਿਆਣਾ, ਰਾਜਪੁਰਾ, ਨਾਭਾ, ਪਟਿਆਲਾ, ਗੁਰਾਇਆ, ਬਠਿੰਡਾ, ਮਾਨਸਾ ਆਦਿ ਵਿਖੇ ਵੱਧਣ-ਫੁੱਲਣ ਲੱਗੀਆਂ।
ਪਹਿਲੀ ਨਵੰਬਰ,1966 ਨੂੰ ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋੰ ਬਾਅਦ ਅਕਾਲੀ ਸਰਕਾਰਾਂ ਨੇ ਰਾਜ ਵਿਚ ਕਿਰਤ ਸਭਿਆਚਾਰ ਹੋਰ ਮਜ਼ਬੂਤ ਕਰਨ ਲਈ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਪੱਕੀਆਂ ਲਿੰਕ ਸੜਕਾਂ ਦਾ ਨਿਰਮਾਣ ਕੀਤਾ। ਸ: ਪ੍ਰਕਾਸ਼ ਸਿੰਘ ਬਾਦਲ ਵਰਗੇ ਸਭ ਤੋਂ ਘੱਟ ਉਮਰ ਦੇ ਪੰਜਾਬ ਵਿਚ ਅਕਾਲੀ ਮੁੱਖ ਮੰਤਰੀ ਨੇ ਪੇਂਡੂ ਆਰਥਿਕਤਾ ਦੀ ਮਜ਼ਬੂਤੀ ਲਈ ‘ਫੋਕਲ ਪੁਆਇੰਟ’, ਕਾਲਝਰਾਣੀ (ਮੁਕਤਸਰ) ਅਤੇ ਪੱਧਰੀ (ਅੰਮਿਰਤਸਰ) ਵਿਖੇ ਪ੍ਰੋਗਰਾਮ ਲਿਆਂਦੇ। ਲੇਕਿਨ ‘ਅਕਾਲੀ ਲੀਡਰਸ਼ਿਪ’ ਅੰਦਰ ਸੱਤਾ ਭੁੱਖ, ਏਕਾਧਿਕਾਰ ਅਤੇ ਪਰਿਵਾਰਵਾਦੀ ਰਾਜਨੀਤੀ ਨੇ ਬਾਬੇ ਨਾਨਕ ਦੇ ਕਿਰਤ ਸਭਿਆਚਾਰ ਦਾ ਗਲ ਆਪਣੇ ਹੱਥੀਂ ਦਬਾਅ ਕੇ ਇਸ ਦੀ ਬਰਬਾਦੀ ਦੀ ਦਾਸਤਾਨ ਲਿਖਣੀ ਸ਼ੁਰੂ ਕਰ ਦਿਤੀ।
ਵਿਸ਼ਵ ਭਰ ਵਿਚ ਮੰਨੇ-ਪ੍ਰਮੰਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਕਿਰਤੀਆਂ ਨੇ ਕਿਸੇ ਅਕਾਲੀ ਆਗੂ, ਸਰਕਾਰ ਜਾਂ ਮੁੱਖ ਮੰਤਰੀ ਤੋਂ ਟਿਊਬਵੈਲ ਬਿਜਲੀ ਬਿੱਲਾਂ ਦੀ ਮੁਆਫੀ, ਮਾਮਲੇ-ਘਲਾਣੇ ਦੀ ਮੁਆਫੀ, ਮੁਫਤ ਆਟਾ-ਦਾਲ ਸਕੀਮ ਦਿ ਮੰਗ ਨਹੀਂ ਕੀਤੀ। ਨਾ ਹੀ ਕਿਸੇ ਦਲਿਤ ਜਾਂ ਅਨੁਸੂਚਿਤ ਜਾਤੀ ਸਬੰਧੀ ਭਾਈਚਾਰੇ ਨੇ ‘ਸ਼ਗਨ ਸਕੀਮ’ ਦੀ ਮੰਗ ਕੀਤੀ।
ਆਟਾ-ਦਾਲ ਸਕੀਮ ਦੇ ਐਲਾਨ ਸਬੰਧੀ ਲੇਖਕ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਨਿੱਜੀ ਗਲਬਾਤ ਸਮੇਂ ਭੰਜ ਕਰਦੇ ਕਿਹਾ, ‘‘ਅੰਕਲ ਜੀ, ਹਰ ਪਿੰਡ ਵਿਚ ਦੋ-ਦੋ, ਤਿੰਨ-ਤਿੰਨ ਢਾਬੇ ਖੋਲ੍ਹ ਦਿਉ ਤਾਂ ਵਧੀਆ ਰਹੇਗਾ।’’ ਕਹਿੰਦੇ, ‘‘ਇਹ ਕੀ ਗੱਲ?’’ ‘‘ਬਸ! ਲੋਕ ਮੁਫਤ ਇਨ੍ਹਾਂ ਢਾਬਿਆਂ ਤੇ ਸਵੇਰ-ਸ਼ਾਮ ਰੋਟੀ ਖਾਣ, ਤੇ ਮੌਜਾਂ ਕਰਨ। ਆਟਾ-ਦਾਲ ਵੰਡਣ ਦੀ ਲੋੜ ਹੀ ਨਾ ਰਹੇ,’’ ਲੇਖਕ ਨੇ ਬੇਬਾਕ ਕਿਹਾ। ਇਹ ਗੱਲ ਸੰਨ 2007 ਵਿਚ ਅਕਾਲੀ-ਭਾਜਪਾ ਸਰਕਾਰ ਦੇ ਮੁੜ ਸੱਤਾ ਵਿਚ ਆਉਣ ਵੇਲੇ ਦੀ ਹੈ । ਸ: ਬਾਦਲ ਆਪਣੇ ਸੁਭਾਅ ਮੁਤਾਬਿਕ ਚੁੱਪ ਰਹੇ ਪਰ ਲੇਖਕ ਨੇ 10-12 ਸਾਲ ਅਤਿਵਾਦ ਦੀ ਮਾਰ ਬਾਅਦ 1997-2002 ਅਕਾਲੀ-ਭਾਜਪਾ ਸਾਸ਼ਨ ਅਤੇ ਤੱਤਕਾਲੀ ਸਾਸ਼ਨ ਵੇਲੇ ‘ਕਿਰਤ ਸਭਿਆਚਾਰ’ ਦੀ ਮੁੜ ਸੁਰਜੀਤੀ ਵੇਲੇ ਢੁੱਕਵੇਂ ਕਦਮ ਨਾ ਚੁੱਕਣ ਦੀ ਵਿਚਾਰ ਜ਼ਰੂਰ ਸੰਖੇਪ ਵਿਚ ਉਨ੍ਹਾਂ ਅੱਗੇ ਰਖੇ। ਸੁਖਬੀਰ ਬਾਦਲ ਵੱਲੋਂ ਸਾਸ਼ਨ-ਪ੍ਰਸਾਸ਼ਨ ਤੇ ਕਾਬਜ਼ ਹੋਣ ਬਾਅਦ ਤਾਂ ਇਸ ‘ਕਿਰਤ ਸਭਿਆਚਾਰ’ ਦੇ ਵਿਚਾਰ ਦਾ ਵੀ ਭੋਗ ਪੈ ਗਿਆ ਅਮਲ ਤਾਂ ਕੀਹਨੇ ਕਰਨਾ ਸੀ।
ਸਭ ਜਾਣਦੇ ਹਨ ਕਿਵੇਂ ਇਸ ਪੰਜਾਬ ਵਿਚ ਸਦੀਆਂ ਤੋਂ ਕਿਸਾਨ, ਕਿਰਤੀ, ਕਾਮੇ, ਦਸਤਕਾਰ, ਸ਼ਿਲਪੀ ਸੇਪੀ ਸਿਸਟਮ ਨਾਲ ਪੇਂਡੂ ਅਰਥਚਾਰਾ ਆਤਮ ਨਿਰਭਰ ਬਣਾਈ ਰਖਦੇ ਰਹੇ ਸਨ। ਖੇਤੀ, ਪਸ਼ੂਆਂ ਦੀ ਸੰਭਾਲ, ਗੋਹਾ-ਕੂੜਾ, ਕੱਤਣਾ-ਪਰੋਣਾ, ਸੀਊਣਾ, ਦਰੀਆਂ, ਖੇਸ, ਰਜਾਈਆਂ, ਕਢਾਈਆਂ, ਸੰਦਾਂ ਦੀ ਸੰਭਾਲ, ਘਰਾਂ ਦੀ ਉਸਾਰੀ, ਭਾਂਡੇ-ਬਰਤਨ, ਜੁੱਤੇ, ਰੰਗਾਈ, ਦਵਾ-ਬੂਟੀ (ਵੈਦ), ਵਿਆਹ-ਸ਼ਾਦੀਆਂ, ਸਦਾਚਾਰ, ਮੰਦਰ-ਮਸਜਿਦਾਂ-ਗੁਰਦਵਾਰਿਆਂ ਦੀ ਸਾਂਭ-ਸੰਭਾਲ, ਅੰਤਰ-ਜਾਤੀ, ਅੰਤਰ-ਧਰਮੀ ਆਦਿ ਸਭ ਮਿਲ ਕੇ ਅਧਿਆਤਮਿਕ ਅਤੇ ਕਿਰਤ ਸਭਿਆਚਾਰ ਨੂੰ ਸੰਜੋਅ ਕੇ ਰਖਦੇ।
ਲੇਕਿਨ ਪੰਜਾਬ ਅੰਦਰ ਸੱਤਾ ਸ਼ਕਤੀ ਦੀ ਭੁੱਖ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਇਹ ਪਵਿੱਤਰ ਆਪਸੀ ਭਾਈਚਾਰਕ ਸਾਂਝ ਭਰੇ ‘ਅਧਿਆਤਮਿਕ ਸਭਿਆਚਾਰ’ ਅਤੇ ਆਰਥਿਕ ਨਿਰਭਰਤਾ ਭਰੇ ‘ਕਿਰਤ ਸਭਿਆਚਾਰ’ ਦੇ ਮਾਅਨੇ ਹੀ ਭੁਲਾ ਸੁੱਟੇ।
ਗੁਰੂ ਸਾਹਿਬ ਨੇ ਬੜੇ ਸਰਲ ਅਤੇ ਖੂਬਸੂਰਤ ਢੰਗ ਨਾਲ ਸਮਝਾਇਆ, ‘‘ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹੁ ਪਛਾਣਹਿ ਸੇਇ।।’’ ਪਰ ਜਦੋਂ ਤੁਸੀਂ ਕਿਰਤ ਕਰਨੀ ਵਿਸਾਰ ਦਿਤੀ,ਗੁਰੂਤਾ ਮਾਰਗ ਤਾਂ ਭੁੱਲਣਾ ਹੀ ਭੁੱਲਣਾ ਸੀ। ਕਿਰਤ ਦੀ ਥਾਂ ਭ੍ਰਿਸ਼ਟਾਚਾਰ, ਚੋਰੀ, ਠੱਗੀ, ਦਗਾਬਾਜ਼ੀ, ਨਸ਼ੀਲੇ ਪਦਾਰਥਾਂ ਦੀ ਵਿੱਕਰੀ ਨੇ ਲੈ ਲਈ। ਅਕਾਲੀ ਦਲ ਦੇ ਮੰਤਰੀ ਤੇ ਨਸ਼ਾ ਵਿੱਕਰੀ ਦਾ ਦੋਸ਼ ਲਗਣਾ ਅਤੇ ਫਿਰ ਕੇਸ ਦਰਜ ਹੋਣਾ, ਇਸ ਦੇ ਸ਼ਾਨਾਮਤੇ ਪਿਛੋਕੜ, ਕਿਰਦਾਰ ਅਤੇ ਪੰਥਕ ਸਭਿਆਚਾਰ ਨੂੰ ਕਲੰਕਿਤ ਕੀਤਾ ਜਾਣਾ ਸੀ।
ਸੰਨ 1980 ਦਹਾਕੇ ਦੇ ਸ਼ੁਰੂ ਵਿਚ ਜੋ ਪੰਜਾਬ ਦੇਸ਼ ਦਾ ਪ੍ਰਤੀ ਜੀਅ ਆਮਦਨ ਪੱਖੋਂ ਨੰਬਰ ਇੱਕ ਅਤੇ ਕਰਜ਼ ਰਹਿਤ ਬਜਟ ਵਾਲਾ ਸੂਬਾ ਸੀ, ਅੱਤਵਾਦ ਅਤੇ ਕੇਂਦਰੀ ਬਲਾਂ ਦੀ ਤਾਇਨਾਤੀ ਵਿਚ ਪਿੱਸਦਾ ਸੰਨ 1997 ਵਿਚ 5700 ਕਰੋੜ ਦਾ ਕਰਜ਼ਾਈ ਹੋ ਗਿਆ। ਇਹ ਕਰਜ਼ਾ ਬਗੈਰ ਕਿਸੇ ਕੇਂਦਰੀ ਅਤੇ ਬਾਹਰੀ ਮਦਦ ਦੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰਾਂ ਪੰਜਾਬ ਦੀ ਸੋਨੇ ਵਰਗੀ ਧੰਨ-ਸੰਪਦਾ ਦਰਿਆਈ ਰੇਤ-ਬੱਜਰੀ ਦੀ ਵਿਕਰੀ ਨਾਲ ਨਾ ਸਿਰਫ ਉਤਾਰਿਆ ਜਾ ਸਕਦੀ ਸੀ ਬਲਕਿ ਇੱਕ ਨਵੇਂ ਕੱਪੜਾ, ਹੌਜ਼ਰੀ, ਤਕਨੀਕੀ, ਫੂਡ ਪ੍ਰਾਸੈਸਿੰਗ ਸਨਅਤੀਕਰਨ ਚੇਨ ਰਾਹੀਂ ਪੰਜਾਬ ਦੀ ਉਸਾਰੀ ਕਰ ਸਕਦੀਆਂ ਸਨ। ਅਕਾਲੀ ਦਲ ਜਿਹੀ ਤਾਕਤਵਰ ਅਤੇ ਦੇਸ਼ ਵਿਚ ਸਭ ਤੋਂ ਪੁਰਾਣੀ ਇਲਾਕਾਈ ਪਾਰਟੀ ਜਿਸ ਨੇ ਦੇਸ਼ ਅਜ਼ਾਦੀ, ਬਾਅਦ ਵਿਚ ਫੈਂਡਰਲਿਜ਼ਮ ਦੀ ਰਾਖੀ, ਲੋਕਸ਼ਾਹੀ ਵਿਰੋਧੀ ਐਮਰਜੈਂਸੀ ਵਿਰੁੱਧ ਕੁਰਬਾਨੀਆਂ ਅਤੇ ਮੋਰਚਿਆਂ ਰਾਹੀਂ ਵੱਡਾ ਨਾਮਂਣਾ ਖੱਟਿਆ, ਸੱਤਾ ਪ੍ਰਾਪਤੀ ਬਾਅਦ ਇਸ ਦੇ ਵਰਕਰਾਂ, ਆਗੂਆਂ, ਮੰਤਰੀਆਂ ਨੇ ਕੁਝ ਨਿਗੂਣੇ ਛਿੱਲੜਾਂ ਖਾਤਰ ਰੇਤ-ਬਜ਼ਰੀ, ਨਸ਼ੀਲੇ ਪਦਾਰਥਾਂ, ਸ਼ਰਾਬ, ਟਰਾਂਸਪੋਰਟ, ਕੇਬਲ, ਜ਼ਮੀਨੀ ਕਬਜ਼ੇ, ਵਪਾਰਾਂ ਕਰਕੇ ਪਾਰਟੀ ਅਤੇ ਕਿਰਤ ਸਭਿਆਚਾਰ ਗਾਲ ਕੇ ਰਖ ਦਿਤੇ। ਇਹ ਪਾਰਟੀ ਏਨੀਆਂ ਨਿਵਾਣਾਂ ਵਿਚ ਗਰਕ ਹੋ ਗਈ ਕਿ ਪੰਥ, ਪੰਜਾਬ ਅਤੇ ਪੰਜਾਬੀਆਂ ਦੀ ਰਾਖੀ ਤਾਂ ਦੂਰ ਇਹ ‘ਗੁਰੂ’ ਦੀ ਰਾਖੀ ਨਾ ਕਰ ਸਕੀ। ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਤੇ ਕਾਬਜ਼ ਹੋਕੇ ਪੰਥਕ ਆਨ, ਬਾਨ, ਸ਼ਾਨ ਨੂੰ ਘੱਟੇ ਕੌਡੀ ਰੋਲਿਆ। ਕਿਆ ਸ਼ਰਮਨਾਕ ਲੀਡਰਸ਼ਿਪ ਪਤਨ ਰਾਜਨੀਤਕ ਸਭਿਆਚਾਰ ਹੈ? ਜਿਸ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਊਧਮ ਸਿੰਘ ਨਾਗੋਕੇ, ਮੋਹਨ ਸਿੰਘ ਤੁੱੜ ਆਦਿ ਵਰਗੇ ਜਾਂਬਾਜ਼ ਪੰਥਕ ਆਗੂ ਸਨ ਅੱਜ ਬੰਟੀ, ਸ਼ੰਟੀ,ਖੰਨਾ, ਬਰਕੰਦੀ ਨਾਲ ਘਿਰਿਆ ਅਜੋਕਾ ਪ੍ਰਧਾਨ ਸੁਖਬੀਰ ਬਾਦਲ ਕਿੱਧਰੇ ਪੰਥਕ ਜਾਂਬਾਜ਼ ਆਗੂ ਨਹੀਂ ਲਗਦਾ।
ਅਕਾਲੀ ਦਲ ਦਾ ਫਲਸਫਾ ਅਤੇ ਹੇਠਲਾ ਕਾਡਰ ਜ਼ਿੰਦਾ ਹੈ, ਲੋੜ ਅੱਗ ਫੱਕਣ ਵਾਲੀ ਜਾਂਬਾਜ਼, ਗਤੀਸ਼ੀਲ, ਕਿਰਤ ਸਭਿਆਚਾਰ ਤੇ ਪੰਥਕ ਫਲਸਫੇ ਨੂੰ ਸਮਰਪਿਤ, ਕੁਰਬਾਨੀਆਂ ਲਈ ਤੱਤਪਰ ਨਿਰਛੱਲ, ਇਮਾਨਦਾਰ ਅਤੇ ਜਵਾਬਦੇਹ ਲੀਡਰਸ਼ਿਪ ਦੀ ਲੋੜ ਹੈ ਜੋ ਇਸ ਨੂੰ ਮੁੜ ਸੁਰਜੀਤ ਕਰ ਸਕੇ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
ਕਿੰਗਸਟਨ, ਕੈਨੇਡਾ
+12898292929