ਅਕਾਲੀ ਦਲ ਨੂੰ ਮਿਲ ਸਕਦੈ ਵੱਡਾ ਫ਼ਾਇਦਾ!
ਚੰਡੀਗੜ੍ਹ, 16 ਸਤੰਬਰ (ਸ਼ਾਹ) : ਭਾਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਦੋਵੇਂ ਪਾਰਟੀਆਂ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਸਬੰਧੀ ਫ਼ੈਸਲਾ ਪੱਕਾ ਕਰ ਦਿੱਤਾ ਗਿਆ ਏ ਪਰ ਪੰਜਾਬ ਵਿਚ ਦੋਵੇਂ ਧਿਰਾਂ ਵੱਲੋਂ ਇਸ ਫ਼ੈਸਲੇ ਨੂੰ ਲੈ ਕੇ ਕਾਟੋ ਕਲੇਸ਼ ਛਿੜਿਆ ਹੋਇਆ ਏ ਅਤੇ ਇਸ ਫ਼ੈਸਲੇ ਨੂੰ ਮੁੱਢੋਂ ਨਾਕਾਰਿਆ ਜਾ […]
By : Hamdard Tv Admin
ਚੰਡੀਗੜ੍ਹ, 16 ਸਤੰਬਰ (ਸ਼ਾਹ) : ਭਾਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਦੋਵੇਂ ਪਾਰਟੀਆਂ ਵਿਚਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਸਬੰਧੀ ਫ਼ੈਸਲਾ ਪੱਕਾ ਕਰ ਦਿੱਤਾ ਗਿਆ ਏ ਪਰ ਪੰਜਾਬ ਵਿਚ ਦੋਵੇਂ ਧਿਰਾਂ ਵੱਲੋਂ ਇਸ ਫ਼ੈਸਲੇ ਨੂੰ ਲੈ ਕੇ ਕਾਟੋ ਕਲੇਸ਼ ਛਿੜਿਆ ਹੋਇਆ ਏ ਅਤੇ ਇਸ ਫ਼ੈਸਲੇ ਨੂੰ ਮੁੱਢੋਂ ਨਾਕਾਰਿਆ ਜਾ ਰਿਹਾ ਏ ਪਰ ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਗਠਜੋੜ ਨੂੰ ਲੈ ਕੇ ਦੋਵੇਂ ਪਾਰਟੀਆਂ ਨੂੰ ਆਪਣਾ ਇਹ ਕਾਟੋ ਕਲੇਸ਼ ਜਲਦ ਖ਼ਤਮ ਕਰਨਾ ਹੋਵੇਗਾ, ਨਹੀਂ ਤਾਂ ਅਕਾਲੀ ਦਲ ਇਸ ਦਾ ਫ਼ਾਇਦਾ ਉਠਾ ਸਕਦਾ ਏ, ਜਿਸ ਨਾਲ ਆਪ ਅਤੇ ਕਾਂਗਰਸ ਦੋਵਾਂ ਨੂੰ ਨੁਕਸਾਨ ਹੋ ਸਕਦਾ ਏ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਨੂੰ ਲੈ ਕੇ ਭਾਵੇਂ ਕੇਂਦਰੀ ਲੀਡਰਸ਼ਿਪ ਵੱਲੋਂ ਪੱਕਾ ਫ਼ੈਸਲਾ ਕਰ ਦਿੱਤਾ ਗਿਆ ਹੋਵੇ ਪਰ ਪੰਜਾਬ ਵਿਚ ਦੋਵੇਂ ਪਾਰਟੀਆਂ ਦੇ ਜ਼ਿਆਦਾਤਰ ਆਗੂਆਂ ਵੱਲੋਂ ਇਸ ਗਠਜੋੜ ਨੂੰ ਨਾਕਾਰਿਆ ਜਾ ਰਿਹਾ ਏ। ਖ਼ਾਸ ਗੱਲ ਇਹ ਐ ਕਿ ਨਾਕਾਰੇ ਜਾਣ ਦਾ ਇਹ ਵਰਤਾਰਾ ਕੋਈ ਦਬੀ ਜ਼ੁਬਾਨ ਨਾਲ ਨਹੀਂ ਬਲਕਿ ਸਟੇਜਾਂ ’ਤੇ ਖੜ੍ਹੇ ਹੋ ਕੇ ਕਾਂਗਰਸ ਦੇ ਵੱਡੇ ਆਗੂ ਧੜੱਲੇ ਨਾਲ ਇਹ ਆਖ ਰਹੇ ਨੇ ਕਿ ਉਨ੍ਹਾਂ ਦਾ ਕਦੇ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨਹੀਂ ਹੋ ਸਕਦਾ। ਮੋਗਾ ਵਿਚ ਪ੍ਰਤਾਪ ਬਾਜਵਾ ਨੇ ਇਹ ਗੱਲ ਸਟੇਜ ’ਤੇ ਆਖੀ ਅਤੇ ਲੋਕਾਂ ਕੋਲੋਂ ਹੱਥ ਖੜ੍ਹੇ ਕਰਵਾ ਕੇ ਉਨ੍ਹਾਂ ਦੀ ਰਾਇ ਵੀ ਜਾਣੀ।
ਉਂਝ ਅਜਿਹਾ ਨਹੀਂ ਕਿ ਕਾਂਗਰਸ ਦੇ ਸਾਰੇ ਲੀਡਰ ਹੀ ਗਠਜੋੜ ਦੇ ਵਿਰੁੱਧ ਨੇ ਬਲਕਿ ਬਹੁਤ ਸਾਰੇ ਲੀਡਰ ਅਜਿਹੇ ਵੀ ਨੇ ਜੋ ਇਸ ਗਠਜੋੜ ’ਤੇ ਖ਼ੁਸ਼ੀ ਜਤਾ ਰਹੇ ਨੇ। ਜਿੱਥੇ ਲੁਧਿਆਣਾ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਇਸ ਗਠਜੋੜ ਦੀ ਸ਼ਲਾਘਾ ਕਰ ਚੁੱਕੇ ਨੇ, ਉਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਨੇ ਇਸ ਗਠਜੋੜ ਸਬੰਧੀ ਬਿਆਨ ਦੇ ਕੇ ਇਕ ਨਵੀਂ ਚਰਚਾ ਛੇੜ ਦਿੱਤੀ ਐ।
ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੁਪਰੀਮੋ ਪਰਿਵਾਰ ਦੇ ਹੱਕ ਵਿਚ ਡਟਦਿਆਂ ਆਖਿਆ ਏ ਕਿ ਜਦ ਗਾਂਧੀ ਪਰਿਵਾਰ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਲੋਕ ਸਭਾ ਲਈ ਇਸ ਗਠਜੋੜ ਲਈ ਸਹਿਮਤੀ ਦੇ ਕੇ ਕਾਂਗਰਸ ਪਾਰਟੀ ਨੂੰ ਆਈਐਨਡੀਆਈਏ ਦਾ ਹਿੱਸਾ ਕਰਾਰ ਦੇ ਹੀ ਦਿੱਤਾ ਏ ਤਾਂ ਸੂਬਿਆਂ ਵਿਚਲੀ ਕਾਂਗਰਸ ਦੀ ਹਾਈ ਕਮਾਂਡ ਕੇਂਦਰੀ ਹਾਈਕਮਾਨ ਤੋਂ ਉੱਪਰ ਨਹੀਂ ਹੋ ਸਕਦੀ ਅਤੇ ਪੰਜਾਬ ਦੀ ਲੀਡਰਸ਼ਿਪ ਇਸ ਫ਼ੈਸਲੇ ਨੂੰ ਹਰਗਿਜ਼ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਸ ਤੋਂ ਇਲਾਵਾ ਯੂਥ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਵੀ ਸਿੱਧੇ ਤੌਰ ’ਤੇ ਆਖ ਚੁੱਕੇ ਨੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਕਦੇ ਗਠਜੋੜ ਨਹੀਂ ਹੋ ਸਕਦਾ। ਹਾਈਕਮਾਨ ਜੋ ਮਰਜ਼ੀ ਫ਼ੈਸਲਾ ਕਰੀ ਜਾਵੇ ਪਰ ਨਿੱਜੀ ਤੌਰ ’ਤੇ ਉਹ ਇਸ ਗਠਜੋੜ ਦੇ ਖ਼ਿਲਾਫ਼ ਨੇ ਅਤੇ ਇਸ ਦੇ ਲਈ ਉਹ ਇਕੱਠੇ ਹੋ ਕੇ ਹਾਈਕਮਾਨ ਦੇ ਨਾਲ ਵੀ ਗੱਲਬਾਤ ਕਰਨਗੇ।
ਉਂਝ ਇਕੱਲੀ ਕਾਂਗਰਸ ਨਹੀਂ, ਜਿਸ ਵਿਚ ਇਹ ਭੰਬਲਭੂਸਾ ਪਿਆ ਹੋਵੇ, ਬਲਕਿ ਇਸ ਤਰ੍ਹਾਂ ਦਾ ਭੰਬਲਭੂਸਾ ਆਮ ਆਦਮੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿਚ ਵੀ ਪੈਦਾ ਹੋ ਗਿਆ ਏ। ਪੰਜਾਬ ਕੈਬਨਿਟ ਦੇ ਦੂਜੇ ਨੰਬਰ ਵਾਲੇ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਆਪ’ ਅਤੇ ‘ਕਾਂਗਰਸ’ ਪਾਰਟੀ ਦੇ ਗਠਜੋੜ ਉਪਰ ਮੋਹਰ ਲਗਾਉਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਇਹ ਸਮਝਿਆ ਜਾਣ ਲੱਗ ਪਿਆ ਸੀ ਕਿ ਹੁਣ ਇਸ ਬਾਰੇ ਸ਼ਾਇਦ ਕੋਈ ਵੀ ਟਿੱਪਣੀ ਨਹੀਂ ਹੋਵੇਗੀ
ਪਰ ਅਗਲੇ ਹੀ ਦਿਨ ਅਨਮੋਲ ਗਗਨ ਮਾਨ ਵੱਲੋਂ ਇਸ ਗਠਜੋੜ ਉੱਪਰ ਕੀਤੀਆਂ ਗਈਆਂ ਗੰਭੀਰ ਟਿੱਪਣੀਆਂ ਨੇ ਸਭ ਕਾਸੇ ’ਤੇ ਪਾਣੀ ਫੇਰਦਿਆਂ ਸਪੱਸ਼ਟ ਕਰ ਦਿੱਤਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲਾ ਗਠਜੋੜ ਇੰਨਾ ਸੌਖਾ ਸਿਰੇ ਨਹੀਂ ਚੜ੍ਹੇਗਾ। ਅਨਮੋਲ ਗਗਲ ਨੇ ਸਾਫ਼ ਸ਼ਬਦਾਂ ਵਿਚ ਆਖਿਆ ਕਿ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਗਠਜੋੜ ਨਹੀਂ ਹੋਵੇਗਾ ਕਿਉਂਕਿ ਸਾਡੀ ਇਮਾਨਦਾਰ ਪਾਰਟੀ ਨੂੰ ਲੋਕ ਪਿਆਰ ਕਰਦੇ ਨੇ ਅਤੇ ਅਸੀਂ ਪੂਰੀ ਤਨਦੇਹੀ ਦੇ ਨਾਲ ਕੰਮ ਕਰਨ ਵਿਚ ਲੱਗੇ ਹੋਏ ਆਂ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕੌਮੀ ਕਾਂਗਰਸ ਨਾਲ ਸਹਿਮਤ ਨਾ ਹੋਣਾ ਅਤੇ ਆਮ ਆਦਮੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਵਿਚ ਵੀ ਗਠਜੋੜ ਨੂੰ ਲੈ ਕੇ ਭਖਣ ਵਾਲੀ ਅੱਗ ਦਾ ਧੂੰਆਂ ਸਿਆਸੀ ਅਸਮਾਨ ਵਿਚ ਵਾ-ਵਰੋਲੇ ਵਾਂਗ ਘੁੰਮਦਾ ਦਿਖਾਈ ਦੇ ਰਿਹਾ ਏ। ਇਹ ਗਹਿਰਾ ਸਿਆਸੀ ਧੂੰਆਂ ਆਉਣ ਵਾਲੇ ਸਮੇਂ ਵਿਚ ਕਦੇ ਵੀ ਭਾਂਬੜ ਬਣ ਸਕਦਾ ਏ। ਜੇਕਰ ਇਸ ਸਿਆਸੀ ਧੂੰਏਂ ਨੇ ਵਾਕਈ ਕਿਸੇ ਭਾਂਬੜ ਦਾ ਰੂਪ ਲੈ ਲਿਆ ਤਾਂ ‘ਕਾਂਗਰਸ’ ਅਤੇ ‘ਆਪ’ ਦੇ ਇਸ ਕਾਟੋ-ਕਲੇਸ਼ ਵਿੱਚੋਂ ਅਕਾਲੀ ਦਲ ਨੂੰ ਫ਼ਾਇਦਾ ਮਿਲਣ ਦੇ ਕਾਫ਼ੀ ਅਸਾਰ ਦਿਖਾਈ ਦੇ ਰਹੇ ਨੇ।
ਅਕਾਲੀ ਦਲ ਭਾਵੇਂ ਪਹਿਲਾਂ ਹੀ ਆਪਣੀਆਂ ਸਰਗਰਮੀਆਂ ਤੇਜ਼ ਕਰ ਰਿਹਾ ਸੀ ਪਰ ਉਸ ਨੇ ਦੋਹਾਂ ਪਾਰਟੀਆਂ ਅੰਦਰਲੀ ਵਧਦੀ ਜਾ ਰਹੀ ਖਿੱਚੋਤਾਣ ਨੂੰ ਵੇਖਦਿਆਂ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ। ਸੁਖਬੀਰ ਬਾਦਲ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ’ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ। ਉਨ੍ਹਾਂ ਦਾ ਕਹਿਣਾ ਏ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਐ, ਉਨ੍ਹਾਂ ਨੂੰ ਡਰ ਐ ਕਿ ਪਤਾ ਨਹੀਂ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਕੀ ਹੋਵੇਗਾ।
ਇਹ ਵੀ ਕਿਹਾ ਜਾ ਰਿਹਾ ਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਫ਼ੀ ਸਮਾਂ ਪਹਿਲਾਂ ਭਾਜਪਾ ਨਾਲ ਗਠਜੋੜ ਬਾਰੇ ਗੱਲਬਾਤ ਕੀਤੀ ਗਈ ਸੀ ਪਰ ਭਾਜਪਾ ਨੇ ਉਹ ਸ਼ਰਤਾਂ ਰੱਖ ਦਿੱਤੀਆਂ ਜੋ ਕਿਸੇ ਸਮੇਂ ਅਕਾਲੀ ਦਲ ਭਾਜਪਾ ਦੇ ਲਈ ਰੱਖਦਾ ਹੁੰਦਾ ਸੀ ਪਰ ਉਸ ਸਮੇਂ ਗੱਲ ਨਹੀਂ ਬਣ ਸਕੀ। ਹੁਣ ਫਿਰ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਨੂੰ ਲੈ ਕੇ ਅੰਦਰਖ਼ਾਤੇ ਕੋਈ ਸਮਝੌਤਾ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ, ਉਂਝ ਸੁਖਬੀਰ ਬਾਦਲ ਦੇ ਇਕ ਬਿਆਨ ਤੋਂ ਵੀ ਅਜਿਹੇ ਸੰਕੇਤ ਦਿਖਾਈ ਦੇ ਰਹੇ ਨੇ ਕਿ ਅੰਦਰਖ਼ਾਤੇ ਜ਼ਰੂਰ ਅਕਾਲੀ ਭਾਜਪਾ ਵਿਚਾਲੇ ਕੋਈ ਨਾ ਕੋਈ ਸਿਆਸੀ ਖਿੱਚੜੀ ਜ਼ਰੂਰ ਪੱਕ ਰਹੀ ਐ।
ਉਧਰ ਆਮ ਆਦਮੀ ਪਾਰਟੀ ਵੱਲੋਂ ਇਹ ਆਖਿਆ ਜਾ ਰਿਹਾ ਏ ਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਅੰਦਰਖ਼ਾਤੇ ਸਮਝੌਤਾ ਹੋ ਚੁੱਕਿਆ ਏ ਪਰ ਅਕਾਲੀ ਦਲ ਨੂੰ ਇਸ ਅਜੇ ਜੱਗ ਜ਼ਾਹਿਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸ ਨੂੰ ਡਰ ਐ ਕਿ ਪੰਜਾਬ ਦੇ ਲੋਕ ਇਸ ਦਾ ਵਿਰੋਧ ਕਰਨਗੇ। ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਦਾ ਕਹਿਣਾ ਏ ਕਿ ਅਕਾਲੀ ਦਲ ਭਾਵੇਂ ਜੋ ਮਰਜ਼ੀ ਕਰ ਲਵੇ ਪਰ ਪੰਜਾਬ ਦੇ ਲੋਕ ਇਸ ਨਾਪਾਕ ਗਠਜੋੜ ਨੂੰ ਮੂੰਹ ਨਹੀਂ ਲਾਉਣਗੇ।
ਫਿਲਹਾਲ ਮੌਜੂਦਾ ਸਮੇਂ ਵੱਖ ਵੱਖ ਪਾਰਟੀਆਂ ਵਿਚਾਲੇ ਸਿਆਸੀ ਗਠਜੋੜ ਨੂੰ ਲੈ ਕੇ ਕਾਫ਼ੀ ਹਲਚਲ ਮੱਚੀ ਹੋਈ ਐ, ਮੌਜੂਦਾ ਹਾਲਾਤ ਨੂੰ ਦੇਖ ਕੇ ਇੰਝ ਜਾਪਦਾ ਏ ਕਿ ਆਉਣ ਵਾਲੇ ਸਮੇਂ ਵਿਚ ਕਈ ਵੱਡੇ ਸਿਆਸੀ ਭੂਚਾਲ ਵੀ ਦੇਖਣ ਨੂੰ ਮਿਲ ਸਕਦੇ ਨੇ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ