ਪੰਜਾਬੀਆਂ ਮਗਰੋਂ ਅਮਰੀਕੀਆਂ ’ਚ ਵਧਿਆ ਆਪਣੇ ਜੋਗੀ ਖੇਤੀ ਦਾ ਰੁਝਾਨ
ਨਿਊਯਾਰਕ, 11 ਸਤੰਬਰ (ਬਿੱਟੂ) : ਪੰਜਾਬੀਆਂ ਨੇ ਭਾਵੇਂ ਆਪਣੇ ਜੋਗੀ ਖੇਤੀ ਕਰਨੀ ਛੱਡ ਦਿੱਤੀ ਹੈ, ਪਰ ਅਮਰੀਕਾ ਦੇ ਲੋਕਾਂ ਵਿੱਚ ਇਸ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅਮਰੀਕਾ ’ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ 50 ਸਾਲ ਦੇ ਉੱਚ ਪੱਧਰ ’ਤੇ ਚੱਲ ਰਹੀ ਹੈ। ਅਜਿਹੇ ਵਿੱਚ ਦੇਸ਼ ਦੇ ਕੋਲੰਬੀਆ, ਮਿਸੌਰੀ, ਅਟਲਾਂਟਾ, ਮਿਨਿਸੋਟਾ ਜਿਹੇ ਸੂਬਿਆਂ ਵਿੱਚ […]
By : Editor (BS)
ਨਿਊਯਾਰਕ, 11 ਸਤੰਬਰ (ਬਿੱਟੂ) : ਪੰਜਾਬੀਆਂ ਨੇ ਭਾਵੇਂ ਆਪਣੇ ਜੋਗੀ ਖੇਤੀ ਕਰਨੀ ਛੱਡ ਦਿੱਤੀ ਹੈ, ਪਰ ਅਮਰੀਕਾ ਦੇ ਲੋਕਾਂ ਵਿੱਚ ਇਸ ਦਾ ਰੁਝਾਨ ਵਧਦਾ ਜਾ ਰਿਹਾ ਹੈ। ਅਮਰੀਕਾ ’ਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਦਰ 50 ਸਾਲ ਦੇ ਉੱਚ ਪੱਧਰ ’ਤੇ ਚੱਲ ਰਹੀ ਹੈ। ਅਜਿਹੇ ਵਿੱਚ ਦੇਸ਼ ਦੇ ਕੋਲੰਬੀਆ, ਮਿਸੌਰੀ, ਅਟਲਾਂਟਾ, ਮਿਨਿਸੋਟਾ ਜਿਹੇ ਸੂਬਿਆਂ ਵਿੱਚ ਮਹਿੰਗਾਈ ਨਾਲ ਮੁਕਾਬਲੇ ਲਈ ਕਮਿਊਨਿਟੀ ਫਾਰਮਿੰਗ ਦਾ ਰੁਝਾਨ ਵਧ ਰਿਹਾ ਹੈ।
ਇੱਥੋਂ ਦੇ ਲੋਕ ਦਿਨ ਦੇ ਕੁਝ ਘੰਟੇ ਖੇਤੀ ਜ਼ਰੂਰ ਕਰਦੇ ਨੇ। ਕਮਿਊਨਿਟੀ ਫਾਰਮਿੰਗ ’ਚ ਲੋਕ ਆਪਣੇ ਗਾਰਡਨ ਜਾਂ ਖੇਤਾਂ ਵਿੱਚ ਸਾਂਝੇ ਤੌਰ ’ਤੇ ਸਬਜ਼ੀਆਂ ਉਗਾਉਂਦੇ ਨੇ ਤਾਂ ਜੋ ਉਨ੍ਹਾਂ ਦੀਆਂ ਹਰ ਰੋਜ਼ ਦੀਆਂ ਖਾਣ-ਪੀਣ ਦੀਆਂ ਲੋੜਾਂ ਪੂਰੀਆਂ ਹੋ ਸਕਣ।
ਸਾਰੇ ਮੈਂਬਰ ਫਾਰਮਿੰਗ ਵਿੱਚ ਹਿੱਸੇਦਾਰ ਹੁੰਦੇ ਹਨ। ਲਾਗਤ ਤੋਂ ਲੈ ਕੇ ਉਪਜ ਤੱਕ ਸ਼ੇਅਰ ਕੀਤੀ ਜਾਂਦੀ ਹੈ। ਕਮਿਊਨਿਟੀ ਫਾਰਮਿੰਗ ਨਾਲ ਕੁੱਲ ਸਾਂਝੀ ਪੈਦਾਵਾਰ ਵਧ ਜਾਂਦੀ ਹੈ। ਜੇਕਰ ਲੋਕ ਅਲੱਗ-ਅਲੱਗ ਵਾਰਮਿੰਗ ਕਰਦੇ ਹਨ ਤਾਂ ਪੈਦਾਵਾਰ ਘੱਟ ਹੁੰਦੀ ਹੈ।
ਕਮਿਊਨਿਟੀ ਫਾਰਮਿੰਗ ਨਾਲ ਘਰ ਖਰਚ ’ਚ 40 ਫੀਸਦੀ ਤੱਕ ਮਹੀਨਾਵਾਰ ਬਚਤ ਹੋ ਰਹੀ ਹੈ। ਮਿਸੌਰੀ ਦੇ ਜੋਸਫ਼ ਨੇ ਦੱਸਿਆ ਕਿ ਉਸ ਨੇ ਆਪਣੇ ਗੁਆਂਢੀਆਂ ਨੂੰ ਕਮਿਊਨਿਟੀ ਫਾਰਮਿੰਗ ਕਰਦੇ ਦੇਖਿਆ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਿਆ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਘਰ ਦਾ ਮਹੀਨਾਵਾਰ ਗਰੌਸਰੀ ਬਿਲ ਲਗਾਤਾਰ ਵਧ ਰਿਹਾ ਹੈ ਤਾਂ ਉਸ ਨੇ ਕਮਿਊਨਿਟੀ ਫਾਰਮਿੰਗ ਨੂੰ ਚੁਣ ਲਿਆ।
ਅਟਲਾਂਟਾ ਦੀ ਮੈਰੀਆਨ ਮੁਤਾਬਕ ਕਮਿਊਨਿਟੀ ਫਾਰਮ ਨਾਲ ਜੁੜਨ ਲਈ ਉਸ ਨੂੰ 20 ਹਜ਼ਾਰ ਰੁਪਏ ਮੈਂਬਰਸ਼ਿਪ ਫੀਸ ਦੇਣੀ ਪਈ ਸੀ। ਪਿਛਲੇ 6 ਮਹੀਨਿਆਂ ਤੋਂ ਮੈਰੀਆਨ ਕਮਿਊਨਿਟੀ ਫਾਰਮਿੰਗ ਨਾਲ ਹੀ ਘਰ ਦੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਪੂਰੀਆਂ ਕਰ ਰਹੀ ਹੈ। ਇਸ ਨਾਲ ਉਸ ਨੇ ਘਰ ਦੇ ਖਰਚ ਵਿੱਚ 40 ਫੀਸਦੀ ਤੱਕ ਦੀ ਮਹੀਨਾਵਾਰ ਬਚਤ ਕੀਤੀ ਹੈ।
ਸੋ ਇਸ ਤਰ੍ਹਾਂ ਪੰਜਾਬੀਆਂ ਵਿੱਚ ਭਾਵੇਂ ਮੌਜੂਦਾ ਸਮੇਂ ਖੇਤਾਂ ਜਾਂ ਘਰ ਦੇ ਵੇਹੜਿਆਂ ਵਿੱਚ ਆਪਣੇ ਜੋਗੀਆਂ ਸਬਜ਼ੀਆਂ ਉਗਾਉਣ ਦਾ ਰੁਝਾਨ ਘੱਟ ਗਿਆ ਹੈ, ਪਰ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਨਾਲ ਜੂਝ ਰਹੇ ਅਮਰੀਕੀ ਲੋਕ ਇਸ ਪਾਸੇ ਤੁਰ ਪਏ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਲਾਭ ਵੀ ਹੋ ਰਿਹਾ ਹੈ।