ਲੁਧਿਆਣਾ ਜੇਲ੍ਹ ਵਿਚ ਮੁਲਜ਼ਮ ਸੁਪਰਡੈਂਟਾਂ ’ਤੇ ਹੋ ਸਕਦੈ ਹਮਲਾ
ਲੁਧਿਆਣਾ, 29 ਜਨਵਰੀ, ਨਿਰਮਲ : ਪੁਲਿਸ ਨੇ 6 ਦਿਨ ਪਹਿਲਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ 2 ਡਿਪਟੀ ਸੁਪਰਡੈਂਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਰਿਸ਼ਵਤ ਲੈ ਕੇ ਜੇਲ੍ਹ ਦੀਆਂ ਬੈਰਕਾਂ ਵਿੱਚ ਬੰਦ ਕੈਦੀਆਂ ਨੂੰ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਸਪਲਾਈ ਕਰਦੇ ਸਨ। ਉਹ ਯੂਪੀਆਈ ਰਾਹੀਂ ਕੈਦੀਆਂ ਅਤੇ ਉਨ੍ਹਾਂ […]
By : Editor Editor
ਲੁਧਿਆਣਾ, 29 ਜਨਵਰੀ, ਨਿਰਮਲ : ਪੁਲਿਸ ਨੇ 6 ਦਿਨ ਪਹਿਲਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ 2 ਡਿਪਟੀ ਸੁਪਰਡੈਂਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਰਿਸ਼ਵਤ ਲੈ ਕੇ ਜੇਲ੍ਹ ਦੀਆਂ ਬੈਰਕਾਂ ਵਿੱਚ ਬੰਦ ਕੈਦੀਆਂ ਨੂੰ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਸਪਲਾਈ ਕਰਦੇ ਸਨ। ਉਹ ਯੂਪੀਆਈ ਰਾਹੀਂ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਰਿਸ਼ਵਤ ਲੈਂਦੇ ਸਨ। ਹੁਣ ਲੁਧਿਆਣਾ ਜੇਲ੍ਹ ਪ੍ਰਸ਼ਾਸਨ ਨੇ ਦੋਵੇਂ ਮੁਲਜ਼ਮ ਅਧਿਕਾਰੀਆਂ ਨੂੰ ਜੇਲ੍ਹ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ।
ਦੋਵਾਂ ’ਤੇ ਜੇਲ ’ਚ ਹਮਲਾ ਹੋਣ ਦਾ ਖਤਰਾ ਹੈ। ਪੁਲਿਸ ਨੇ ਇਹ ਜਾਣਕਾਰੀ ਅਦਾਲਤ ਨੂੰ ਦਿੱਤੀ ਹੈ। ਦੋਵਾਂ ਮੁਲਜ਼ਮਾਂ ਨੂੰ ਹੁਣ ਨਿਆਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜਿਆ ਜਾ ਸਕਦਾ ਹੈ।ਜੇਲ੍ਹ ਅਧਿਕਾਰੀਆਂ ਅਨੁਸਾਰ ਮੁਲਜ਼ਮ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਰਹਿੰਦਿਆਂ ਕਈ ਵਾਰ ਕੈਦੀਆਂ ਖ਼ਿਲਾਫ਼ ਕਾਰਵਾਈ ਕਰ ਚੁੱਕੇ ਹਨ। ਅਜਿਹੇ ’ਚ ਉਨ੍ਹਾਂ ਨੂੰ ਉੱਥੇ ਰੱਖਣਾ ਸੁਰੱਖਿਅਤ ਨਹੀਂ ਹੋਵੇਗਾ। ਮੁਲਜ਼ਮ ਡਿਪਟੀ ਸੁਪਰਡੈਂਟ ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਸਮੇਤ ਦੋ ਕੈਦੀਆਂ ਮੁਖਤਿਆਰ ਸਿੰਘ ਅਤੇ ਵਿਜੇ ਕੁਮਾਰ ਨੂੰ ਐਤਵਾਰ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਨੇ 23 ਜਨਵਰੀ ਨੂੰ ਦੋਵੇਂ ਜੇਲ੍ਹ ਅਧਿਕਾਰੀਆਂ ਅਤੇ ਦਸ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਜੇਲ੍ਹ ਦੇ ਕੈਦੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਸਨ।
ਪੁਲਿਸ ਅਨੁਸਾਰ ਕੈਦੀਆਂ ਦੇ ਰਿਸ਼ਤੇਦਾਰ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਡਿਪਟੀ ਜੇਲ੍ਹ ਸੁਪਰਡੈਂਟ ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਨੂੰ ਦਿੰਦੇ ਸਨ, ਜੋ ਪੈਸੇ ਦੇ ਬਦਲੇ ਕੈਦੀਆਂ ਨੂੰ ਸਪਲਾਈ ਕਰਦੇ ਸਨ। ਮੁਲਜ਼ਮਾਂ ਨੇ ਉਸ ਤੋਂ ਯੂਪੀਆਈ ਰਾਹੀਂ ਰਿਸ਼ਵਤ ਲਈ ਸੀ।ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿੱਚ 17 ਜਨਵਰੀ ਨੂੰ ਜੇਲ੍ਹ ਐਕਟ ਦੀ ਧਾਰਾ 52ਏ (1), ਐਨਡੀਪੀਐਸ ਦੀ ਧਾਰਾ 21 ਅਤੇ ਆਈਪੀਸੀ ਦੀ ਧਾਰਾ 120ਬੀ ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਵਾਂ ਜੇਲ੍ਹ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਹਨ।
ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਦੇ ਕੈਦੀ ਦਿਲਪ੍ਰੀਤ ਸਿੰਘ ਅਤੇ ਮਨਦੀਪ ਕੌਰ ਰਾਹੀਂ ਪਾਬੰਦੀਸ਼ੁਦਾ ਵਸਤੂਆਂ ਅਤੇ ਮੋਬਾਈਲ ਫੋਨ ਖਰੀਦਦੇ ਸਨ। ਦਿਲਪ੍ਰੀਤ ਅਤੇ ਮਨਦੀਪ ਸਿੰਘ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਜੇਲ੍ਹ ਦੇ ਡਿਪਟੀ ਸੁਪਰਡੈਂਟ ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਨੂੰ ਦਿੰਦੇ ਸਨ, ਜੋ ਪੈਸੇ ਦੇ ਬਦਲੇ ਕੈਦੀਆਂ ਤੱਕ ਪਹੁੰਚਾਉਂਦੇ ਸਨ।ਦੋਵੇਂ ਹੁਣ ਤੱਕ ਜੇਲ੍ਹ ਨੂੰ 550 ਦੇ ਕਰੀਬ ਮੋਬਾਈਲ ਸਪਲਾਈ ਕਰ ਚੁੱਕੇ ਹਨ। ਹੁਣ ਤੱਕ ਪੁਲਿਸ ਮੁਲਜ਼ਮਾਂ ਦੇ 15 ਬੈਂਕ ਖਾਤੇ ਫ੍ਰੀਜ਼ ਕਰ ਚੁੱਕੀ ਹੈ।
ਦੱਸ ਦੇਈਏ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ ਕੀਤੇ ਜਾ ਰਹੇ ਸਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਵੀ ਚਿੰਤਤ ਸਨ। ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਜੇਲ੍ਹ ਦੇ ਦੋ ਡਿਪਟੀ ਸੁਪਰਡੈਂਟ ਮੁਲਜ਼ਮ ਪਾਏ ਗਏ।ਇਸ ਸਾਲ ਦੇ 25 ਦਿਨਾਂ ਵਿੱਚ ਹੁਣ ਤੱਕ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਸ ਨੇ 35 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਕੇਂਦਰੀ ਜੇਲ੍ਹ ਅੰਦਰੋਂ ਮੋਬਾਈਲ ਫੋਨਾਂ ਦੀ ਬਰਾਮਦਗੀ ਦੀ ਪੁਸ਼ਟੀ ਹੋਈ ਹੈ। ਇਸ ਅੰਕੜਿਆਂ ਅਨੁਸਾਰ ਪਿਛਲੇ 25 ਦਿਨਾਂ ਵਿੱਚ ਜੇਲ੍ਹ ਅੰਦਰੋਂ 122 ਤੋਂ ਵੱਧ ਮੋਬਾਈਲ ਬਰਾਮਦ ਹੋਏ ਹਨ। ਇਸ ਵਿਚ ਪਿਛਲੇ ਸਾਲ ਪਹਿਲਾਂ ਸੈਂਟਰਲ ਜੇਲ੍ਹ ਅੰਦਰੋਂ 600 ਤੋਂ ਵੱਧ ਮੋਬਾਈਲ ਫ਼ੋਨ ਮਿਲੇ ਹਨ।