ਪੈਰ ਜੋੜ ਕੇ ਗੰਡਾਸੀ ਮਾਰਨ ਵਾਲਾ ਅਰਜਨ ਵੈਲੀ ਪਿੰਡ ਦੌਧਰ (ਮੋਗਾ) ਦਾ ਰਹਿਣ ਵਾਲਾ ਸੀ-
ਸ ਅਮਰ ਸਿੰਘ ਸੂਫ਼ੀ( ਮੋਗਾ ) ਰਾਹੀਂ ਕਾਪੀ ਕਰਕੇ ਪ੍ਰਾਪਤ ਹੋਈ ਲਿਖਤ | ਇਹ ਗੀਤ ਦੀ ਤੁਕ ਪੁੱਤ ਜੱਟਾਂ ਦੇ ਪੰਜਾਬੀ ਫ਼ਿਲਮ ਵਿਚੋਂ ਲਈ ਗਈ ਹੈ। ਪੁੱਤ ਜੱਟਾਂ ਦੇ ਫ਼ਿਲਮ 1982 ਵਿਚ ਸਿਨੇਮਿਆਂ ਦਾ ਸਿੰਗਾਰ ਬਣੀ। ਇਸ ਫ਼ਿਲਮ ਵਿਚ ਸੁਰਿੰਦਰ ਛਿੰਦੇ ਦੀ ਆਵਾਜ਼ ਵਿਚ ਗਾਇਆ ਗੀਤ 'ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ` ਹਜੇ ਵੀ ਬੜੀ ਦਿਲਚਸਪੀ […]
By : Editor (BS)
ਸ ਅਮਰ ਸਿੰਘ ਸੂਫ਼ੀ( ਮੋਗਾ ) ਰਾਹੀਂ ਕਾਪੀ ਕਰਕੇ ਪ੍ਰਾਪਤ ਹੋਈ ਲਿਖਤ |
ਅੱਜ ਕੱਲ ਬੋਲੀਵੁੱਡ ਫ਼ਿਲਮ ਰਣਬੀਰ ਕਪੂਰ ਤੇ ਬੋਬੀ ਦਿਓੁਲ ਦੀ ਨਵੀਂ ਆ ਰਹੀ ਹਿੰਦੀ ਫ਼ਿਲਮ ਐਨੀਮਲ ਵਿਚ ਭੁਪਿੰਦਰ ਬੱਬਲ ਦਾ ਗਾਇਆ ਪੰਜਾਬੀ ਗੀਤ ਅਰਜਨ ਵੈਲੀ ਪੂਰੇ ਭਾਰਤ ਵਿਚ ਮਸ਼ਹੂਰ ਹੋ ਕੇ ਬੜੀ ਸ਼ਾਨੋ ਸ਼ਕਤ ਨਾਲ ਚਲ ਰਿਹਾ ਹੈ।
ਇਹ ਗੀਤ ਦੀ ਤੁਕ ਪੁੱਤ ਜੱਟਾਂ ਦੇ ਪੰਜਾਬੀ ਫ਼ਿਲਮ ਵਿਚੋਂ ਲਈ ਗਈ ਹੈ। ਪੁੱਤ ਜੱਟਾਂ ਦੇ ਫ਼ਿਲਮ 1982 ਵਿਚ ਸਿਨੇਮਿਆਂ ਦਾ ਸਿੰਗਾਰ ਬਣੀ। ਇਸ ਫ਼ਿਲਮ ਵਿਚ ਸੁਰਿੰਦਰ ਛਿੰਦੇ ਦੀ ਆਵਾਜ਼ ਵਿਚ ਗਾਇਆ ਗੀਤ 'ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ' ਹਜੇ ਵੀ ਬੜੀ ਦਿਲਚਸਪੀ ਨਾਲ ਸੁਣਿਆਂ ਜਾ ਰਿਹਾ ਹੈ। ਇਸ ਗੀਤ ਵਿਚ ਜੋ ਬੋਲੀ ਪਾਈ ਗਈ ਹੈ ਇਹ ਬਹੁਤ ਪੁਰਾਣੀ ਹੈ। ਇਸ ਬੋਲੀ ਨੇ ਗੀਤ ਦੀ ਜਿੰਦਜਾਨ ਬਣ ਕੇ ਇਸ ਗੀਤ ਅਤੇ ਇਸ ਫ਼ਿਲਮ ਵਿਚ ਰੂਹ ਭਰ ਦਿੱਤੀ-
ਆਰੀ ਆਰੀ ਆਰੀ, ਵਿਚ ਜਗਰਾਵਾਂ ਦੇ
ਲਗਦੀ ਰੌਸ਼ਨੀ ਭਾਰੀ।
ਵੈਲੀਆਂ ਦਾ ਇਕੱਠ ਹੋ ਗਿਆ
ਉੱਥੇ ਬੋਤਲਾਂ ਮੰਗਾ ਲਈਆਂ ਚਾਲੀ
ਚਾਲੀਆਂ 'ਚ ਇਕ ਬਚ ਗਈ
ਉਹ ਚੱਕ ਕੇ ਮਹਿਲ ਨਾਲ ਮਾਰੀ
ਮੁਣਸ਼ੀ ਡਾਂਗੋਂ ਦਾ ਡਾਂਗ ਰੱਖਦਾ ਗੰਡਾਸੇ ਵਾਲੀ
ਮੋਦਨ ਕਾਉਂਕਿਆਂ ਦਾ
ਜਿਹਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੌਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ
ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ
ਪਰਲੋਂ ਆ ਜਾਂਦੀ ਜੇ ਹੁੰਦੀ ਨਾ ਪੁਲਸ ਸਰਕਾਰੀ।
ਇਸ ਬੋਲੀ ਤੋਂ ਬਾਅਦ ਆਪਾ ਰੋਸ਼ਨੀ ਮੇਲੇ ਦੀ ਗੱਲ ਕਰਦੇ ਹਾਂ। ਜਗਰਾਉਂ(ਲੁਧਿਆਣਾ) ਰੋਸ਼ਨੀ ਦਾ ਮੇਲਾ ਛਪਾਰ ਦੇ ਮੇਲੇ ਵਾਂਗ ਬਹੁਤ ਮਸ਼ਹੂਰ ਮੇਲਾ ਗਿਣਿਆਂ ਗਿਆ ਹੈ। ਜੋ ਫ਼ਰਵਰੀ ਮਹੀਨੇ ਵਿਚ ਹਰ ਸਾਲ ਪੰਚੀ ਤੋਂ ਸਤਾਈ ਫ਼ਰਵਰੀ ਤੱਕ ਪੀਰ ਬਾਬਾ ਮੋਹਕਮ ਦੀਨ ਜੀ ਦੀ ਦਰਗਾਹ ਤੇ ਭਰਦਾ ਹੈ। ਉਂਝ ਇਹ ਮੇਲਾ ਪੰਜ ਦਿਨ ਭਰਦਾ ਹੈ। ਦੂਰੋਂ ਦੂਰੋਂ ਲੋਕ ਆ ਕੇ ਇਸ ਜਗ੍ਹਾ ਤੇ ਚੌਂਕੀਆਂ ਭਰਦੇ ਹਨ। ਇੱਥੋਂ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਔਲਾਦ ਦੀ ਪ੍ਰਾਪਤੀ ਹੋਈ ਸੀ। ਬਾਦਸ਼ਾਹ ਘਰ ਇਕ ਲੜਕੀ ਅਤੇ ਇਕ ਪੁੱਤਰ
' ਸ਼ਾਹਜਹਾਂ ' ਨੇ ਜਨਮ ਲਿਆ। ਇਸ ਖੁਸ਼ੀ ਵਿਚ ਬਾਦਸ਼ਾਹ ਨੇ ਇਸ ਜਗ੍ਹਾ ਉੱਪਰ ਘਿਓੁ ਦੇ ਦੀਵੇ ਬਾਲ ਰੋਸ਼ਨੀ ਕੀਤੀ। ਜੋ ਜਹਾਂਗੀਰ ਰੁਪਏ ਲਿਆਇਆ ਉਹ ਪੀਰ ਮੋਹਕਮਦੀਨ ਨੇ ਲੋਕਾਂ ਵਿਚ ਵੰਡ ਕੇ ਘਰਾਂ ਵਿਚ ਦੀਵੇ ਬਾਲ ਕੇ ਰੌਸ਼ਨੀ ਕਰਨ ਨੂੰ ਕਿਹਾ। ਇਸ ਕਰਕੇ ਇਹ ਰੋਸ਼ਨੀ ਦਾ ਮੇਲਾ ਪ੍ਰਚੱਲਤ ਹੈ।
ਹੁਣ ਗੱਲ ਕਰਦੇ ਹਾਂ ਬੰਦਿਆਂ ਦੀ ਅਤੇ ਪਿੰਡਾਂ ਦੀ
ਮੁਣਸ਼ੀ ਡਾਂਗੋ ਦਾ ਡਾਂਗੋ ਪਿੰਡ, ਪਖੋਵਾਲ (ਲੁਧਿਆਣਾ) ਦੇ ਨਾਲ ਲੱਗਦਾ ਹੈ ਜੋ ਜਗਰਾਓਂ ਤੋਂ ਲਗਭਗ ਬਾਈ ਕੁ ਕਿਲੋਮੀਟਰ ਹੈ। ਮੋਦਨ ਕਾਉਂਕਿਆਂ ਦਾ ਜਗਰਾਉਂ ਤੋਂ ਲਗਭਗ ਅੱਠ ਕੁ ਕਿਲੋਮੀਟਰ ਹੈ। 'ਧੰਨ ਕੌਰ ਦੋਧਰ ਦੀ ' ਦੋਧਰ ਪਹਿਲਾਂ ਲੁਧਿਆਣੇ ਜਿਲ੍ਹੇ ਵਿਚ ਪੈਂਦਾ ਸੀ ਹੁਣ ਮੋਗੇ ਜਿਲ੍ਹੇ ਵਿਚ ਪੈਂਦਾ ਹੈ ਇਹ ਜਗਰਾਉਂ ਤੋਂ ਪੰਦਰਾਂ ਕੁ ਕਿਲੋਮੀਟਰ ਹੈ ਜੇਕਰ ਜਗਰਾਓੁਂ ਤੋਂ ਮੋਗੇ ਜਾਈਏ ਰਸਤੇ ਵਿਚ ਜਿੱਤਵਾਲ ਦਾ ਅੱਡਾ ਆਉਂਦਾ ਹੈ ਉਸ ਤੋਂ ਖੱਬੇ ਪਾਸੇ ਅੱਠ ਦੱਸ ਕੁ ਕਿਲੋਮੀਟਰ ਦੇ ਫ਼ਾਂਸਲੇ ਤੇ ਸਥਿੱਤ ਹੈ। ਦੌਧਰ ਪਿੰਡ ਦਾ ਹੀ ਅਰਜਨ ਵੈਲੀ ਹੋਇਆ ਹੈ। ਜਿਸ ਦਾ ਪੈਰ ਜੋੜ ਕੇ ਗੰਡਾਸੀ ਮਾਰਨ ਦਾ ਜਿਕਰ ਬੋਲੀ ਵਿਚ ਹੈ। 'ਕੁੱਟਤੀ ਪੰਡੋਰੀ ਸਾਰੀ ' ਪੰਡੋਰੀ ਪਿੰਡ ਜਿਲ੍ਹਾਂ ਲੁਧਿਆਣਾ ਵਿਚ ਪੈਂਦਾ ਹੈ ਜੋ ਜਗਰਾਓੁਂ ਤੋਂ ਲਗਭਗ ਪੰਦਰਾਂ ਕੁ ਕਿਲੋਮੀਟਰ ਹੈ। ਜੇਕਰ ਜਗਰਾਓੁਂ ਤੋਂ ਲੁਧਿਆਣੇ ਵੱਲ ਜਾਈਏੇ ਤਾਂ ਮੁੱਖ ਮਾਰਗ ਉੱਪਰ ਸਥਿੱਤ ਹੈ।
ਇਹ ਸਾਰੇ ਪਿੰਡ ਜਗਰਾਓੁਂ ਦੇ ਆਸ ਪਾਸ ਚਾਰੇ ਪਾਸੇ ਹੀ ਹਨ ਅਤੇ ਸਾਡੇ ਇਲਾਕੇ ਦੇ ਪਿੰਡ ਹਨ ਪੰਡੋਰੀ ਪਿੰਡ ਸਾਥੋਂ ਮੁੱਲਾਂਪੁਰ(ਦਾਖਾ) ਤੋਂ ਤਿੰਨ ਕਿਲੋਮੀਟਰ ਦੇ ਫਾਂਸਲੇ ਤੇ ਸਥਿੱਤ ਹੈ। ਦੌਧਰ ਪਿੰਡ ਦਾ ਆਉਣ ਜਾਣ ਜਗਰਾਉਂ ਸ਼ਹਿਰ ਨਾਲ ਜੁੜਿਆ ਹੋਇਆ ਹੈ। ਹਰੇਕ ਇੰਨਸਾਨ ਦਾ ਆਪਣੇ ਇਲਾਕੇ ਦੇ ਵਿਚ ਲੱਗਣ ਵਾਲੇ ਮੇਲੇਆਂ ਨਾਲ , ਕੁਸ਼ਤੀਆਂ ਨਾਲ ਇਲਾਕੇ ਦੇ ਸਭਿਆਚਾਰ ਨਾਲ ਪਿਆਰ ਹੁੰਦਾ ਹੈ। ਅੱਜਕੱਲ ਮੰਨੋਰੰਜਨ ਦੇ ਹੋਰ ਬਹੁਤ ਸਾਧਨ ਵੱਧ ਗਏ ਹਨ ਅੱਗੇ ਅਜਿਹੇ ਮੜ੍ਹੀਆਂ, ਮਸਾਣੀਆਂ ਅਤੇ ਦਰਗਾਹਾਂ ਤੇ ਲੱਗਣ ਵਾਲੇ ਮੇਲਿਆਂ ਵਿਚ ਆਸ ਪਾਸ ਇਲਾਕੇ ਦੇ ਲੋਕ ਬੜੇ ਸ਼ਾਨੋ ਸ਼ੌਂਕਤ ਨਾਲ ਇਹਨਾਂ ਮੇਲਿਆਂ ਵਿਚ ਜਾਇਆ ਕਰਦੇ ਸਨ।
ਵੈਲੀ ਲੋਕ ਵੀ ਆਪਣੇ ਜੁੰਡੀ ਦੇ ਯਾਰਾਂ ਨਾਲ ਰੱਲ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਸਨ। ਕਿਸੇ ਬੰਦੇ ਨਾਲ ਜਿੱਦ ਕੱਢਣੀ ਜਾ ਮੈਦਾਨ ਵਿਚ ਟੱਕਰ ਲੈ ਕੇ ਵੇਖਣਾ ਅਜਿਹੇ ਮੇਲਿਆਂ ਵਿਚ ਹੀ ਲਕੀਰ ਕੱਢ ਕੇ ਮਿਲਣ ਦਾ ਸਮਾਂ ਦਿੱਤਾ ਜਾਂਦਾ ਸੀ। ਪੰਡੋਰੀ ਪਿੰਡ ਨਾਲ ਵੀ ਇਸ ਤਰਾਂ ਹੀ ਮਿੱਥ ਕੇ ਲੜ੍ਹਾਈ ਹੋਈ ਸੀ। ਮਿਥ ਕੇ ਲੜ੍ਹਾਈ ਹੋਈ ਕਰਕੇ ਇਕ ਪਾਸੇ ਸਾਰਾ ਪੰਡੋਰੀ ਪਿੰਡ ਸੀ। ਦੂਸਰੇ ਪਾਸੇ ਤਿੰਨ ਬੰਦੇ ਹੀ ਸਨ ਜਿੰਨਾਂ ਨੇ ਪੰਡੋਰੀ ਪਿੰਡ ਕੁੱਟ ਕੇ ਮੂਹਰੇ ਲਾ ਲਿਆ ਸੀ।ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਸੀ। ਪੈਰ ਜੋੜ ਕੇ ਗੰਡਾਸੀ ਮਾਰਨ ਵਾਲੇ ਅੰਦਾਜ ਦਾ ਜਿਕਰ ਪਹਿਲਾ ਪੁੱਤ ਜੱਟਾ ਦੇ 'ਫ਼ਿਲਮ ਵਿਚ ਆ ਕੇ ਆਪਣਾ ਨਾਮ ਬਣਾ ਚੁੱਕਾ ਹੈ ਹੁਣ ਹਿੰਦੀ ਫ਼ਿਲਮ
ਐਨੀਮਲ' ਵਿਚ ਇਹ ਹੀ ਅੰਦਾਜ ਵਿਸਵ ਪੱਧਰ ਤੇ ਮਸ਼ਹੂਰ ਹੋ ਕੇ ਚਰਚਾ ਵਿਚ ਹੈ ਜੋ ਇਤਿਹਾਸ ਦੇ ਪੰਨਿਆਂ ਵਿਚ ਆਪਣਾ ਨਾਮ ਲਿਖਾ ਚੁੱਕਾ ਹੈ।
ਹੁਣ ਗੱਲ ਕਰਦੇ ਹਾਂ ਅਰਜਨ ਵੈਲੀ ਦੇ ਜੀਵਨ ਬਾਰੇ
ਅਰਜਨ ਵੈਲੀ ਦਾ ਜਨਮ 1905 ਈ. ਦੇ ਕਰੀਬ ਪਿੰਡ ਦੌਧਰ ਜਿਲਾ ਲੁਧਿਆਣੇ ਵਿਚ ਹੋਇਆ ਜੋ ਅੱਜ ਕੱਲ ਮੋਗਾ ਜਿਲ੍ਹੇ ਦਾ ਪਿੰਡ ਬਣ ਚੁੱਕਾ ਹੈ।ਅਰਜਨ ਵੈਲੀ ਹੋਰੀ ਸੱਤ ਭਰਾ ਅਤੇ ਤਿੰਨ ਭੈਣਾ ਸਨ।
ਅਰਜਨ ਵੈਲੀ ਸਾਡੇ ਪਿੰਡ ਮੁੱਲਾਂਪੁਰ(ਦਾਖਾ) ਦੀ ਸੱਥ ਵਿਚ ਆ ਕੇ ਕਹਿਣ ਲੱਗਾ ਤੁਹਾਡੇ ਪਿੰਡ ਵਿਚ ਸਭ ਤੋਂ ਅਮੀਰ ਪਰਿਵਾਰ ਕਿਹੜਾ ਹੈ ਤਾਂ ਲੋਕਾਂ ਪਿੰਡ ਵਿਚਲੇ ਰੱਜਦੇ ਪੁੱਜਦੇ ਪਰਿਵਾਰ ਦਾ ਨਾਮ ਲੈ ਦਿੱਤਾ। ਅਰਜਨ ਵੈਲੀ ਨੂੰ ਦੱਸਿਆ ਗਿਆ ਇਸ ਪਰਿਵਾਰ ਦੇ ਕੱਲਕੱਤੇ ਟਰੱਕ ਚੱਲਦੇ ਹਨ ਉਸ ਟਾਇਮ ਇਸ ਕਾਰੋਬਾਰ ਨੂੰ ਤੱਕੜੇ ਲੋਕਾਂ ਦਾ ਕਾਰੋਬਾਰ ਮੰਨਿਆਂ ਜਾਂਦਾ ਸੀ। ਅਰਜਨ ਵੈਲੀ ਨੇ ਲੋਕਾ ਤੋਂ ਪੁੱਛਿਆ ਇਸ ਪਰਿਵਾਰ ਦਾ ਕੋਈ ਮੁੰਡਾ ਵਿਆਉਣ ਵਾਲਾ ਹੈ ਤਾਂ ਲੋਕਾਂ ਹਾਂ ਕਰ ਦਿੱਤੀ। ਅਰਜਨ ਵੈਲੀ ਉਸ ਟਾਇਮ ਹੀ ਉਸ ਪਰਿਵਾਰ ਨਾਲ ਰਾਬਤਾ ਕਾਇਮ ਕਰਕੇ ਕਹਿ ਆਇਆ ਮੈਂ ਇਸ ਘਰ ਆਪਣੀ ਭੈਣ ਦਾ ਰਿਸ਼ਤਾ ਕਰਨਾ ਹੈ। ਵਿਆਹ ਦਾ ਦਿਨ ਵੀ ਨਾਲ ਹੀ ਮਿੱਥ ਦਿੱਤਾ। ਇਸ ਨੇ ਆਪਣੀ ਵਿਚਾਲੇ ਵਾਲੀ ਭੈਣ ਬੀਬੀ ਨਸੀਬ ਕੌਰ ਦਾ ਰਿਸ਼ਤਾ 1940 ਵਿਚ ਮੁੱਲਾਂਪੁਰ ਕਰ ਦਿੱਤਾ। ਪਿੰਡ ਮੁੱਲਾਂਪੁਰ ਵਾਲਿਆਂ ਨੇ ਵੀ ਖੁਸ਼ੀ ਪ੍ਰਗਟ ਕੀਤੀ ਇਕ ਨੇਕ ਇੰਨਸਾਨ ਨੇ ਆਪਣੀ ਭੈਣ ਦਾ ਰਿਸ਼ਤਾ ਸਾਡੇ ਘਰ ਆਕੇ ਸਾਡੀ ਝੋਲੀ ਪਾ ਦਿੱਤਾ ਹੈ। ਬੀਬੀ ਨਸੀਬ ਕੌਰ ਦੀ ਕੁੱਖੌਂ ਛੇ ਬੈਟੇ ਅਤੇ ਦੋ ਬੇਟੀਆਂ ਨੇ ਜਨਮ ਲਿਆ। ਉਸ ਦਾ ਵੱਡਾ ਬੇਟਾ ਚੜ੍ਹਾਈ ਕਰ ਚੁੱਕਾ ਹੈ। ਅਰਜਨ ਵੈਲੀ ਦੇ ਪਿੰਡ ਮੁੱਲਾਂਪੁਰ ਵਿਚ ਪੰਜ ਭਾਣਜੇ ਵੱਸਦੇ ਹਨ। ਉਸ ਦੀਆਂ ਦੋ ਭਾਣਜੀਆਂ ਆਪੋ ਆਪਣੇ ਘਰ ਹਨ। ਉਸ ਦੀ ਭੈਣ ਬੀਬੀ ਨਸੀਬ ਕੋਰ ਦੀ ਮੌਤ 2005 ਵਿਚ ਹੋ ਚੁੱਕੀ ਹੈ।
ਅਰਜਨ ਵੈਲੀ ਦੀ ਵੱਡੀ ਭਾਣਜੀ ਮੁਤਾਬਿਕ ਅਰਜਨ ਵੈਲੀ ਦੇ ਇਕ ਬੇਟਾ ਅਤੇ ਤਿੰਨ ਧੀਆਂ ਸਨ। ਇਸ ਦਾ ਬੇਟਾ ਮਰ ਚੁੱਕਾ ਹੈ। ਬੇਟੀਆਂ ਆਪੋ ਆਪਣੇ ਘਰ ਸਨ। ਇਸ ਦੇ ਹੋਰ ਪਰਿਵਾਰਕ ਮੈਂਬਰ ਪਿੰਡ ਦੌਧਰ ਵਿਚ ਵਸਦੇ ਹਨ। ਅਰਜਨ ਵੈਲੀ ਗਰੀਬਾਂ ਦਾ ਮਸੀਹਾ ਸੀ ਹਜੇ ਵੀ ਇਸ ਨੂੰ ਇਲਾਕੇ ਵਿਚ ਬਹੁਤ ਯਾਦ ਕੀਤਾ ਜਾਂਦਾ ਹੈ। ਇਸ ਦੀ ਮੌਤ 1955 ਦੇ ਕਰੀਬ ਫਿਰੋਜ਼ਪੁਰ ਜਿਲ੍ਹੇ ਵਿਚ ਪੁਲਸ ਮੁਕਾਬਲੇ ਨਾਲ ਹੋਈ। ਇਸ ਦੇ ਪਿੰਡ ਦੌਧਰ ਦੇ ਨਾਲ ਹੀ ਫਿਰੋਜ਼ਪੁਰ ਜਿਲ੍ਹਾ ਸ਼ੁਰੂ ਹੋ ਜਾਂਦਾ ਸੀ। ਇਸ ਦੌਧਰ ਵਾਲੇ ਅਰਜਨ ਵੈਲੀ ਨੇ ਹੀ ਪੈਰ ਜੋੜ ਕੇ ਗੰਡਾਸੀ ਮਾਰੀ ਸੀ।
ਰੁੜਕਾ (ਡੇਹਲੋਂ) ਵਾਲਾ ਅਰਜਨ ਵੈਲੀ ਹੋਰ ਹੋ ਸਕਦਾ ਹੈ। ਮੈਂ ਉਸ ਦਾ ਵੀ ਸਤਿਕਾਰ ਕਰਦਾ ਹਾਂ ਉਹ ਆਪਣੇ ਜੀਵਨ ਦੀਆਂ ਹੋਰ ਸਰਗਰਮੀਆ ਵਿਚ ਨਾਮ ਬਣਾ ਚੁੱਕਾ ਹੋਵੇਗਾ।
C & P
ਇਹ ਖੋਜੀ ਨੋਟ ਸ ਅਮਰ ਸਿੰਘ ਸੂਫ਼ੀ ਮੋਗਾ ਨਿਵਾਸੀ ਪ੍ਰਸਿੱਧ ਸ਼ਾਇਰ ਤੇ ਵੱਡੇ ਲੇਖਕ ਵਲੋਂ ਹਾਸਲ ਕਾਪੀ ਪੋਸਟ ਕੀਤੀ ਐ ਜੀ 🙏🙏