ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀਆਂ ਦੇ ਸੰਘਰਸ਼ ਦੀ ਵੱਡੀ ਜਿੱਤ
ਨੌਰਥ ਬੇਅ, 7 ਸਤੰਬਰ (ਦਲਜੀਤ ਕੌਰ/ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀਆਂ ਵਿਦਿਆਰਥੀਆਂ ਦੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ। ਨੌਰਥ ਬੇਅ ਸ਼ਹਿਰ ਵਿੱਚ ਧਰਨੇ ’ਤੇ ਬੈਠੇ ਇਨ੍ਹਾਂ ਵਿਦਿਆਰਥੀਆਂ ਨੇ ਇੱਕ ਦਿਨ, ਇੱਕ ਰਾਤ ਵਿੱਚ ਹੀ ਪੱਕਾ ਮੋਰਚਾ ਜਿੱਤ ਲਿਆ। ਇਨ੍ਹਾਂ ਨੇ ਸਖ਼ਤ ਜ਼ਾਬਤੇ, ਸਹੀ ਦਿਸ਼ਾ ਤੇ ਸਿਦਕ ਨਾਲ ‘ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ’ ਦੀ ਅਗਵਾਈ […]
By : Editor (BS)
ਨੌਰਥ ਬੇਅ, 7 ਸਤੰਬਰ (ਦਲਜੀਤ ਕੌਰ/ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀਆਂ ਵਿਦਿਆਰਥੀਆਂ ਦੇ ਸੰਘਰਸ਼ ਦੀ ਵੱਡੀ ਜਿੱਤ ਹੋਈ ਹੈ। ਨੌਰਥ ਬੇਅ ਸ਼ਹਿਰ ਵਿੱਚ ਧਰਨੇ ’ਤੇ ਬੈਠੇ ਇਨ੍ਹਾਂ ਵਿਦਿਆਰਥੀਆਂ ਨੇ ਇੱਕ ਦਿਨ, ਇੱਕ ਰਾਤ ਵਿੱਚ ਹੀ ਪੱਕਾ ਮੋਰਚਾ ਜਿੱਤ ਲਿਆ।
ਇਨ੍ਹਾਂ ਨੇ ਸਖ਼ਤ ਜ਼ਾਬਤੇ, ਸਹੀ ਦਿਸ਼ਾ ਤੇ ਸਿਦਕ ਨਾਲ ‘ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ’ ਦੀ ਅਗਵਾਈ ਵਿੱਚ ਇਹ ਸਫ਼ਲਤਾ ਹਾਸਲ ਕੀਤੀ।
ਕਾਲਜ ਪ੍ਰਬੰਧਕ ਇਨ੍ਹਾਂ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋ ਗਏ ਤੇ ਹੁਣ ਇਨ੍ਹਾਂ ਨੂੰ ਸਸਤੇ ਭਾਅ ’ਤੇ ਰਿਹਾਇਸ਼ ਸਣੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਬੇਗਾਨੀ ਧਰਤੀ ’ਤੇ ਪੰਜਾਬ ਦੇ ਜੰਮਿਆਂ ਨੇ 24 ਘੰਟਿਆਂ ਵਿੱਚ ਪੱਕਾ ਮੋਰਚਾ ਲਾ ਕੇ ਕਾਲਜ ਕੈਂਪਸ ਹਿਲਾਕੇ ਰੱਖ ਦਿੱਤਾ। ਨੌਰਥ ਬੇਅ ਸ਼ਹਿਰ ਦੇ ਕੈਨਾਡੋਰ ਕਾਲਜ ਦੇ ਵਿਦਿਆਰਥੀ ਪੱਕੀ ਅਤੇ ਸਸਤੀ ਰਿਹਾਇਸ਼ ਦੀ ਮੰਗ ਨੂੰ ਲੈ ਕੇ ‘ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ’ ਜੱਥੇਬੰਦੀ ਦੀ ਅਗਵਾਈ ਹੇਠ ਪੱਕੇ ਮੋਰਚੇ ਉੱਤੇ ਬੈਠੇ ਸੀ, ਜੋ ਉਨ੍ਹਾਂ ਨੇ ਫਤਿਹ ਕਰ ਲਿਆ।
ਕੈਨਾਡੋਰ ਕਾਲਜ ਨੇ ਆਪਣੀ ਰਿਹਾਇਸ਼ੀ ਸਮੱਰਥਾ ਤੋਂ ਵੱਧ ਕੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਹੋਏ ਸਨ। ਇੱਕ ਅੰਦਾਜ਼ੇ ਮੁਤਾਬਕ ਸਤੰਬਰ 2023 ਦੇ ਬੈਚ ਵਿੱਚ ਤਕਰੀਬਨ 3500 ਵਿਦਿਆਰਥੀਆਂ ਨੇ ਕੈਨਾਡੋਰ ਕਾਲਜ ਵਿੱਚ ਦਾਖਲਾ ਲਿਆ। ਨੌਰਥ ਬੇਅ ਕੈਨੇਡਾ ਦਾ ਇੱਕ ਘੱਟ ਵਸੋਂ ਵਾਲਾ ਸ਼ਹਿਰ ਹੈ ਜਿੱਥੇ ਆਮ ਤੌਰ ’ਤੇ ਰਿਹਾਇਸ਼ੀ ਮਕਾਨਾਂ ਦੀ ਪਹਿਲਾਂ ਹੀ ਕਮੀ ਹੈ।
ਪਬਲਿਕ ਪ੍ਰਾਈਵੇਟ ਹਿੱਸੇਦਾਰੀ (ਪੀ ਪੀ ਪੀ) ਦੀ ਨੀਤੀ ’ਤੇ ਚਲਦਿਆਂ ਕਾਲਜ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਰੈਗੂਲੇਟ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਵਿਦਿਆਰਥੀਆਂ ਨੂੰ ਕਾਲਜ ਦੇ ਰਹਿਮੋ-ਕਰਮ ’ਤੇ ਹੀ ਛੱਡ ਦਿੱਤਾ ਗਿਆ। ਵਿਦਿਆਰਥੀਆਂ ਲਗਾਤਾਰ ਕਈ ਹਫ਼ਤਿਆਂ ਤੋਂ ਰਿਹਾਇਸ਼ ਦੀ ਮੰਗ ਕਰਦੇ ਆ ਰਹੇ ਸੀ, ਪਰ ਕਾਲਜ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਸੀ, ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ ਤੇ ਮਜਬੂਰਨ ਵਿਦਿਆਰਥੀਆਂ ਨੂੰ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਅਗਵਾਈ ਵਿੱਚ ਪੱਕਾ ਮੋਰਚਾ ਲਾਉਣਾ ਪਿਆ।