ਵਿਦੇਸ਼ ਜਾਣ ਮਗਰੋਂ 75 ਫ਼ੀਸਦੀ ਨੇ ਛੱਡਿਆ ਪੰਜਾਬ!
ਚੰਡੀਗੜ੍ਹ, 14 ਜਨਵਰੀ (ਸ਼ਾਹ) : ਪੰਜਾਬ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਐ, ਜਿਸ ਨੂੰ ਦੇਸ਼ ਦੇ ਮਾਲ਼ਾ ਵਿਚ ਪਰੋਏ ਸੂਬਿਆਂ ਵਿਚੋਂ ਸਭ ਤੋਂ ਕੀਮਤੀ ਮਣਕਾ ਮੰਨਿਆ ਜਾਂਦਾ ਏ ਪਰ ਵਰਤਮਾਨ ਸਮੇਂ ਪੰਜਾਬ ਛੱਡ ਕੇ ਦੂਜੇ ਦੇਸ਼ਾਂ ਵਿਚ ਵੱਸਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਐ। ਹੈਰਾਨੀ ਦੀ ਅਤੇ ਚਿੰਤਾ ਦੀ ਗੱਲ ਇਹ […]
By : Makhan Shah
ਚੰਡੀਗੜ੍ਹ, 14 ਜਨਵਰੀ (ਸ਼ਾਹ) : ਪੰਜਾਬ ਗੁਰੂਆਂ ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਐ, ਜਿਸ ਨੂੰ ਦੇਸ਼ ਦੇ ਮਾਲ਼ਾ ਵਿਚ ਪਰੋਏ ਸੂਬਿਆਂ ਵਿਚੋਂ ਸਭ ਤੋਂ ਕੀਮਤੀ ਮਣਕਾ ਮੰਨਿਆ ਜਾਂਦਾ ਏ ਪਰ ਵਰਤਮਾਨ ਸਮੇਂ ਪੰਜਾਬ ਛੱਡ ਕੇ ਦੂਜੇ ਦੇਸ਼ਾਂ ਵਿਚ ਵੱਸਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਐ। ਹੈਰਾਨੀ ਦੀ ਅਤੇ ਚਿੰਤਾ ਦੀ ਗੱਲ ਇਹ ਐ ਕਿ ਇਸ ਪਰਵਾਸ ਦੇ ਲਈ ਜ਼ਿਆਦਾਤਰ ਲੋਕ ਆਪਣੇ ਘਰ, ਜ਼ਮੀਨ ਜਾਇਦਾਦ, ਸੋਨਾ ਅਤੇ ਟਰੈਕਟਰ ਤੱਕ ਵੇਚ ਰਹੇ ਨੇ। ਪੰਜਾਬ ਛੱਡ ਕੇ ਵਿਦੇਸ਼ ਜਾਣ ਦੇ ਜੋ ਤਾਜ਼ਾ ਅੰਕੜੇ ਸਾਹਮਣੇ ਆਏ, ਉਸ ਬਾਰੇ ਜਾਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ।
ਭਾਰਤ ਵਿਚ ਪੰਜਾਬ ਨੂੰ ਭਾਵੇਂ ਦੂਜੇ ਸੂਬਿਆਂ ਦੇ ਮੁਕਾਬਲੇ ਵਧੀਆ ਸੂਬਾ ਮੰਨਿਆ ਜਾਂਦਾ ਏ ਪਰ ਮੌਜੂਦਾ ਸਮੇਂ ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਵੱਸਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਐ। ਸੂਬੇ ਦੇ 13.4 ਫ਼ੀਸਦੀ ਪੇਂਡੂ ਪਰਿਵਾਰਾਂ ਵਿਚੋਂ ਘੱਟ ਤੋਂ ਘੱਟ ਇਕ ਮੈਂਬਰ ਅਜਿਹਾ ਏ ਜੋ ਵਿਦੇਸ਼ ਪਲਾਇਨ ਕਰ ਚੁੱਕਿਆ ਏ। ਸਭ ਤੋਂ ਖ਼ਤਰਨਾਕ ਗੱਲ ਇਹ ਐ ਕਿ ਵਿਦੇਸ਼ ਜਾਣ ਦੇ ਚੱਕਰ ਵਿਚ ਜ਼ਿਆਦਾਤਰ ਲੋਕਾਂ ਵੱਲੋਂ ਆਪਣੀ ਜ਼ਮੀਨ ਜਾਇਦਾਦ, ਘਰ, ਸੋਨਾ ਤੱਕ ਵੇਚਿਆ ਜਾ ਰਿਹਾ ਏ, ਜਦਕਿ ਕਈ ਲੋਕ ਤਾਂ ‘ਕਿਸਾਨ ਦਾ ਪੁੱਤ’ ਮੰਨੇ ਜਾਂਦੇ ਟਰੈਕਟਰ ਤੱਕ ਨੂੰ ਵੀ ਵੇਚ ਰਹੇ ਨੇ।
ਇਕ ਰਿਪੋਰਟ ਦੇ ਮੁਤਾਬਕ ਰੁਜ਼ਗਾਰ ਦੇ ਮੌਕਿਆਂ ਦੀ ਕਮੀ, ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਵਧ ਰਹੇ ਰੁਝਾਨ ਨੂੰ ਇਸ ਪਰਵਾਸ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਏ। ਇਹ ਖ਼ੁਲਾਸਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ਼ ਇਕੋਨਾਮਿਕਸ ਐਂਡ ਸੋਸ਼ਿਓਲੌਜੀ ਦੇ ਤਾਜ਼ਾ ਅਧਿਐਨ ਵਿਚ ਕੀਤਾ ਗਿਆ ਏ।
ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਐ ਕਿ ਪੰਜਾਬ ਛੱਡ ਕੇ ਜਾਣ ਵਾਲਿਆਂ ਵਿਚ 42 ਫ਼ੀਸਦੀ ਲੋਕਾਂ ਦਾ ਪਸੰਦੀਦਾ ਦੇਸ਼ ਕੈਨੇਡਾ ਏ, ਜਦਕਿ ਇਸ ਤੋਂ ਬਾਅਦ 16 ਫ਼ੀਸਦੀ ਲੋਕ ਦੁਬਈ, 10 ਫ਼ੀਸਦੀ ਆਸਟ੍ਰੇਲੀਆ, 6 ਫ਼ੀਸਦੀ ਇਟਲੀ ਅਤੇ 3-3 ਫ਼ੀਸਦੀ ਲੋਕ ਯੂਰਪ ਅਤੇ ਇੰਗਲੈਂਡ ਦਾ ਰੁਖ਼ ਕਰ ਰਹੇ ਨੇ। ਹੈਰਾਨੀਜਨਕ ਰੂਪ ਨਾਲ ਪੰਜਾਬ ਛੱਡ ਕੇ ਦੂਜੇ ਦੇਸ਼ ਜਾਣ ਵਾਲਿਆਂ ਵਿਚ 74 ਫ਼ੀਸਦੀ ਲੋਕ ਸਾਲ 2016 ਤੋਂ ਬਾਅਦ ਵਿਦੇਸ਼ ਗਏ ਨੇ।
ਇਹ ਗੱਲ ਵੀ ਸਾਹਮਣੇ ਆਈ ਐ ਕਿ ਵਿਦੇਸ਼ ਜਾਣ ਵਾਲਿਆਂ ਵਿਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਕਾਫ਼ੀ ਅੱਗੇ ਨੇ। ਜਾਣਕਾਰੀ ਅਨੁਸਾਰ ਅਧਿਐਨ ਵੀਜ਼ੇ ’ਤੇ ਵਿਦੇਸ਼ ਜਾਣ ਵਾਲਿਆਂ ਵਿਚ ਔਰਤਾਂ ਦੀ ਗਿਣਤੀ 65 ਫ਼ੀਸਦੀ ਐ ਜਦਕਿ ਪੁਰਸ਼ਾਂ ਦੀ ਗਿਣਤੀ 35 ਫ਼ੀਸਦੀ ਦਰਜ ਕੀਤੀ ਗਈ ਐ। ਅਧਿਐਨ ਦੇ ਅਨੁਸਾਰ ਪ੍ਰਤੀ ਪਰਵਾਸੀ ਪਰਿਵਾਰਾਂ ’ਤੇ ਔਸਤਨ 3 ਲੱਖ 13 ਹਜ਼ਾਰ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਏ, ਯਾਨੀ ਕਿ ਲਗਭਗ 56 ਫ਼ੀਸਦੀ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਪੈਸੇ ਉਧਾਰ ਲਏ।
ਇਨ੍ਹਾਂ ਵਿਚ ਪ੍ਰਤੀ ਪਰਵਾਸੀ ਪਰਿਵਾਰ ਦੇ ਕੁੱਲ ਉਧਾਰ ਵਿਚ ਗ਼ੈਰ ਸੰਸਥਾਗਤ ਉਧਾਰ 38 ਫ਼ੀਸਦੀ ਐ ਜਦਕਿ ਬੈਂਕਾਂ ਅਤੇ ਹੋਰ ਅਦਾਰਿਆਂ ਤੋਂ ਲਿਆ ਕਰਜ਼ਾ 61.2 ਫ਼ੀਸਦੀ ਸੀ। ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸੂਬਾ ਪੱਧਰ ’ਤੇ ਪਰਵਾਸ ਦੇ ਲਈ ਲਗਭਗ 14 ਹਜ਼ਾਰ 342 ਕਰੋੜ ਰੁਪਏ ਉਧਾਰ ਲਏ ਗਏ।
ਅਧਿਐਨ ਵਿਚ ਕਿਹਾ ਗਿਆ ਏ ਕਿ ਇਸ ਪਰਵਾਸ ਨੂੰ ਰੋਕਣ ਲਈ ਹੁਨਰ ਵਿਕਾਸ, ਕਿੱਤਾ ਮੁਖੀ ਸਿਖਲਾਈ ਰਾਹੀਂ ਰੁਜ਼ਗਾਰ ਪੈਦਾ ਕਰਨ ਅਤੇ ਮਨੁੱਖੀ ਪੂੰਜੀ ਵਿਚ ਨਿਵੇਸ਼ ਦੀ ਫ਼ੌਰੀ ਲੋੜ ਐ। ਇਸ ਤੋਂ ਇਲਾਵਾ ਸਰਕਾਰ ਨੂੰ ਚਾਹੀਦਾ ਏ ਕਿ ਉਹ ਆਰਥਿਕ ਰੂਪ ਨਾਲ ਸੁਸਤ ਖੇਤੀ ਖੇਤਰ ਨੂੰ ਪੁਨਰ ਜੀਵਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰੇ ਜੋ ਸਰਕਾਰੀ ਦਖ਼ਲ ਅਤੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਪਰਵਾਸ ਦੇ ਇਹ ਅੰਕੜੇ ਸਾਲ 1990 ਤੋਂ ਲੈ ਕੇ ਸਤੰਬਰ 2022 ਤੱਕ ਦੇ ਨੇ, ਜਿਨ੍ਹਾਂ ’ਤੇ ਇਹ ਅਧਿਐਨ ਕੀਤਾ ਗਿਆ ਸੀ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋ ਸਾਲ ਹੋ ਚੁੱਕੇ ਨੇ, ਪੰਜਾਬ ਸਰਕਾਰ ਵੱਲੋਂ ਵਿਦੇਸ਼ ਵਿਚਲੇ ਪਰਵਾਸ ਨੂੰ ਰੋਕਣ ਲਈ ਇਸ ਦਿਸ਼ਾ ਵਿਚ ਕਈ ਵੱਡੇ ਕਦਮ ਉਠਾਏ ਜਾ ਰਹੇ ਨੇ, ਕਈ ਖੇਤਰਾਂ ਵਿਚ ਨੌਕਰੀਆਂ ਦੇ ਦੁਆਰ ਖੋਲ੍ਹੇ ਗਏ ਨੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਪੰਜਾਬ ਵਿਚ ਹੀ ਨੌਕਰੀਆਂ ਅਤੇ ਹੋਰ ਰੁਜ਼ਗਾਰ ਮਿਲ ਸਕਣ।
ਸਰਕਾਰ ਦੀ ਇਸ ਮੁਹਿੰਮ ਦੇ ਚਲਦਿਆਂ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਨੂੰ ਨੌਕਰੀਆਂ ਮਿਲ ਵੀ ਚੁੱਕੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਇਹ ਗੱਲ ਕਈ ਵਾਰ ਆਖ ਚੁੱਕੇ ਨੇ ਕਿ ਉਹ ਇਸ ਦਿਸ਼ਾ ਵਿਚ ਕੰਮ ਕਰ ਰਹੇ ਨੇ ਕਿ ਪੰਜਾਬ ਦੇ ਨੌਜਵਾਨ ਕੰਮ ਕਰਨ ਲਈ ਵਿਦੇਸ਼ ਨਾ ਜਾਣ ਬਲਕਿ ਆਪਣੇ ਪੰਜਾਬ ਵਿਚ ਰਹਿ ਕੇ ਕੰਮ ਕਰਨ। ਉਂਝ ਸਰਕਾਰ ਦੀ ਇਸ ਮੁਹਿੰਮ ਦਾ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਏ ਪਰ ਫਿਰ ਵੀ ਇਸ ਦਿਸ਼ਾ ਵਿਚ ਹਾਲੇ ਹੋਰ ਜ਼ਿਆਦਾ ਕੰਮ ਕਰਨ ਦੀ ਲੋੜ ਐ,,, ਤਾਂ ਹੀ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇਗਾ।