6 ਲੱਖ ਤੋਂ ਵੱਧ ਕੱਚਿਆਂ ਨੂੰ ਪੱਕਾ ਕਰਨ ਦੀ ਤਿਆਰੀ ’ਚ ਕੈਨੇਡਾ ਸਰਕਾਰ
ਔਟਵਾ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਰਜ਼ੀ ਤੌਰ ’ਤੇ ਮੌਜੂਦ 6 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੀ ਹਾਂ, ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਮੰਨਣਾ ਹੈ ਕਿ ਮੁਲਕ ਵਿਚ ਕੱਚਿਆਂ ਦੀ ਗਿਣਤੀ ਘਟਾਉਣ ਦਾ ਇਹ ਬਿਹਤਰ ਤਰੀਕਾ ਹੈ ਪਰ ਇਸ ਦਾ ਇਹ ਮਤਲਬ ਬਿਲਕੁਲ ਨਾ ਕੱਢਿਆ […]
By : Editor Editor
ਔਟਵਾ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਰਜ਼ੀ ਤੌਰ ’ਤੇ ਮੌਜੂਦ 6 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜੀ ਹਾਂ, ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਮੰਨਣਾ ਹੈ ਕਿ ਮੁਲਕ ਵਿਚ ਕੱਚਿਆਂ ਦੀ ਗਿਣਤੀ ਘਟਾਉਣ ਦਾ ਇਹ ਬਿਹਤਰ ਤਰੀਕਾ ਹੈ ਪਰ ਇਸ ਦਾ ਇਹ ਮਤਲਬ ਬਿਲਕੁਲ ਨਾ ਕੱਢਿਆ ਜਾਵੇ ਕਿ ਟੈਂਪਰੇਰੀ ਵੀਜ਼ਾ ’ਤੇ ਕੈਨੇਡਾ ਆਇਆ ਹਰ ਸ਼ਖਸ ਪੱਕਾ ਹੋ ਸਕਦਾ ਹੈ। ਮਾਰਕ ਮਿਲਰ ਵੱਲੋਂ ਕੱਚੇ ਪ੍ਰਵਾਸੀਆਂ ਨਾਲ ਸਬੰਧਤ ਵੱਡਾ ਐਲਾਨ ਸੂਬਾਈ ਇੰਮੀਗ੍ਰੇਸ਼ਨ ਮੰਤਰੀਆਂ ਨਾਲ ਮੁਲਾਕਾਤ ਮਗਰੋਂ ਕੀਤਾ ਗਿਆ।
ਕੈਨੇਡੀਅਨ ਰਾਜਾਂ ਦੇ ਇੰਮੀਗ੍ਰੇਸ਼ਨ ਮੰਤਰੀਆਂ ਨੇ ਮਾਰਕ ਮਿਲਰ ਨਾਲ ਜਤਾਈ ਸਹਿਮਤੀ
ਕੈਨੇਡੀਅਨ ਰਾਜਾਂ ਦੇ ਇੰਮੀਗ੍ਰੇਸ਼ਨ ਮੰਤਰੀ ਵੀ ਮਾਰਕ ਮਿਲਰ ਦੀ ਸੁਰ ਵਿਚ ਸੁਰ ਮਿਲਾਉਂਦੇ ਨਜ਼ਰ ਆਏ ਜਿਨ੍ਹਾਂ ਵੱਲੋਂ ਕੱਚੇ ਪ੍ਰਵਾਸੀਆਂ ਨੂੰ ਪੱਕਾ ਕਰਨ ਲਈ ਸੂਬਾ ਪੱਧਰੀ ਇੰਮੀਗ੍ਰੇਸ਼ਨ ਯੋਜਨਾਵਾਂ ਆਰੰਭਣ ’ਤੇ ਜ਼ੋਰ ਦਿਤਾ ਗਿਆ। ਮਾਰਕ ਮਿਲਰ ਨੇ ਕਿਹਾ, ‘‘ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪ੍ਰਵਾਸੀ ਪਹਿਲਾਂ ਹੀ ਕੈਨੇਡੀਅਨ ਧਰਤੀ ’ਤੇ ਮੌਜੂਦ ਹਨ ਅਤੇ ਉਹ ਆਪਣੀ ਸਮਰੱਥਾ ਵੀ ਸਾਬਤ ਕਰ ਚੁੱਕੇ ਹਨ।’’ ਦੱਸ ਦੇਈਏ ਕਿ ਇਸ ਵੇਲੇ ਮੁਲਕ ਵਿਚ ਆਰਜ਼ੀ ਤੌਰ ’ਤੇ ਮੌਜੂਦ ਲੋਕਾਂ ਦੀ ਗਿਣਤੀ ਕੁਲ ਆਬਾਦੀ ਦਾ 6.2 ਫੀ ਸਦੀ ਹੋ ਚੁੱਕੀ ਹੈ ਅਤੇ ਟਰੂਡੋ ਸਰਕਾਰ ਆਉਂਦੇ ਤਿੰਨ ਵਰਿ੍ਹਆਂ ਦੌਰਾਨ ਇਸ ਅੰਕੜੇ ਨੂੰ 5 ਫੀ ਸਦੀ ਕਰਨਾ ਚਾਹੁੰਦੀ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਆਉਣ ਵਾਲੇ ਕੁਝ ਹਫਤਿਆਂ ਦੌਰਾਨ ਨਵੀਂ ਇੰਮੀਗ੍ਰੇਸ਼ਨ ਯੋਜਨਾ ਲਿਆਂਦੀ ਜਾ ਸਕਦੀ ਹੈ ਜਿਸ ਵਿਚ ਸੂਬਾ ਸਰਕਾਰਾਂ ਨੂੰ ਵੱਧ ਅਖਤਿਆਰ ਦਿਤੇ ਜਾ ਸਕਦੇ ਹਨ। ਫੈਡਰਲ ਸਰਕਾਰ ਵੱਲੋਂ ਆਰਜ਼ੀ ਲੋਕਾਂ ਦੀ ਗਿਣਤੀ ਘਟਾਉਣ ਦੇ ਮਕਸਦ ਤਹਿਤ ਅਸਾਇਲਮ ਦੇ ਦਾਅਵਿਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਸੂਬਾ ਪੱਧਰੀ ਇੰਮੀਗ੍ਰੇਸ਼ਨ ਯੋਜਨਾਵਾਂ ਆਰੰਭਣ ’ਤੇ ਦਿਤਾ ਜ਼ੋਰ
ਇੰਮੀਗ੍ਰੇਸ਼ਨ ਅੰਕੜਿਆਂ ਮੁਤਾਬਕ 2018 ਵਿਚ 3 ਲੱਖ 37 ਹਜ਼ਾਰ ਪ੍ਰਵਾਸੀ ਵਰਕ ਵੀਜ਼ਾ ’ਤੇ ਕੈਨੇਡਾ ਵਿਚ ਮੌਜੂਦ ਸਨ ਅਤੇ 2022 ਦੇ ਅੰਤ ਤੱਕ ਇਹ ਅੰਕੜਾ ਵਧ ਕੇ 6 ਲੱਖ 5 ਹਜ਼ਾਰ ਤੱਕ ਪੁੱਜ ਗਿਆ। ਭਾਵੇਂ ਕੈਨੇਡਾ ਵਿਚ ਆਰਜ਼ੀ ਲੋਕਾਂ ਦੀ ਵੱਡੀ ਗਿਣਤੀ ਮੌਜੂਦ ਹੈ ਪਰ ਇਸ ਦੇ ਬਾਵਜੂਦ ਕਈ ਖੇਤਰਾਂ ਵਿਚ ਕਿਰਤੀਆਂ ਦੀ ਵੱਡੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਕੱਚੇ ਪ੍ਰਵਾਸੀਆਂ ਨੂੰ ਪੱਕਾ ਕਰਦਿਆਂ ਇਸ ਸਮੱਸਿਆ ਨਾਲ ਕਾਫੀ ਹੱਦ ਤੱਕ ਨਜਿੱਠਿਆ ਜਾ ਸਕਦਾ ਹੈ। ਇੰਮੀਗ੍ਰੇਸ਼ਨ ਖੇਤਰ ਨਾਲ ਸਬੰਧਤ ਤਾਜ਼ਾ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡੀਅਨ ਰੁਜ਼ਗਾਰ ਖੇਤਰ ਵਿਚ ਅਪ੍ਰੈਲ ਮਹੀਨੇ ਦੌਰਾਨ 90 ਹਜ਼ਾਰ ਤੋਂ ਵੱਧ ਨੌਕਰੀਆਂ ਪੈਦਾ ਹੋਈਆਂ ਜਦਕਿ ਆਰਥਿਕ ਮਾਹਰਾਂ ਵੱਲੋਂ ਸਿਰਫ 18 ਹਜ਼ਾਰ ਨਵੇਂ ਮੌਕੇ ਪੈਦਾ ਹੋਣ ਦੇ ਕਿਆਸੇ ਲਾਏ ਜਾ ਰਹੇ ਸਨ। ਜਨਵਰੀ 2023 ਮਗਰੋਂ ਰੁਜ਼ਗਾਰ ਖੇਤਰ ਦਾ ਇਹ ਸਭ ਤੋਂ ਵੱਡਾ ਅੰਕੜਾ ਦੱਸਿਆ ਜਾ ਰਿਹਾ ਹੈ ਜਦੋਂ 1 ਲੱਖ 10 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਸਨ। ਅਰਥਚਾਰੇ ਵਿਚ ਤੇਜ਼ੀ ਨੂੰ ਵੇਖਦਿਆਂ ਜੂਨ ਮਹੀਨੇ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਯਕੀਨੀ ਮੰਨੀ ਜਾ ਰਹੀ ਹੈ ਅਤੇ ਆਮ ਲੋਕਾਂ ਸਣੇ ਕਾਰੋਬਾਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ। ਉਧਰ ਕੈਨੇਡੀਅਨ ਡਾਲਰ ਵੀ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤੀ ਹਾਸਲ ਕਰਦਾ ਨਜ਼ਰ ਆ ਰਿਹਾ ਹੈ। ਇਸੇ ਦੌਰਾਨ ਬੈਂਕ ਆਫ ਮੌਂਟਰੀਅਲ ਦੇ ਚੀਫ ਇਕੌਨੋਮਿਸਟ ਡਗ ਪੋਰਟਰ ਨੇ ਕਿਹਾ ਕਿ ਰੁਜ਼ਗਾਰ ਦੇ ਮੌਕਿਆਂ ਵਿਚ ਮੋਟਾ ਵਾਧਾ ਮੁਲਕ ਦੀ ਵਸੋਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦਿਆਂ ਇਕ ਚੰਗਾ ਸੰਕੇਤ ਹੈ।