46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ ਗਿਆ
ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਓਨਟੇਰਿਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਪਿਛਲੇ ਕਈ ਸਾਲਾਂ ਤੋਂ ਇਸ ਸਲਾਨਾ ਨਗਰ ਕੀਰਤਨ ਦਾ ਆਯੋਜਨ ਕਰਦੀ ਆ ਰਹੀ ਹੈ। ਇਸ ਸਾਲ ਵੀ ਹਜ਼ਾਰਾਂ ਲੋਕਾਂ […]
By : Hamdard Tv Admin
ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਓਨਟੇਰਿਓ ਸਿੱਖਸ ਐਂਡ ਗੁਰਦੁਆਰਾ ਕੌਂਸਲ ਪਿਛਲੇ ਕਈ ਸਾਲਾਂ ਤੋਂ ਇਸ ਸਲਾਨਾ ਨਗਰ ਕੀਰਤਨ ਦਾ ਆਯੋਜਨ ਕਰਦੀ ਆ ਰਹੀ ਹੈ। ਇਸ ਸਾਲ ਵੀ ਹਜ਼ਾਰਾਂ ਲੋਕਾਂ ਵੱਲੋਂ ਨਗਰ ਕੀਰਤਨ 'ਚ ਹਾਜ਼ਰੀ ਲਗਾਈ ਗਈ।ਦੁਪਹਿਰ 1 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਸੀਐੱਨਈ ਤੋਂ ਕੀਤੀ ਗਈ ਅਤੇ ਕਰੀਬ 4 ਵਜੇ ਨਗਰ ਕੀਰਤਨ ਨਾਥਨ ਫਿਿਲਪਸ ਸਕੁਏਅਰ ਪਹੁੰਚਿਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ।ਇਸ ਮੌਕੇ 'ਤੇ ਸੰਗਤਾਂ ਵੱਲੋਂ ਲੰਗਰ ਵਰਤਾਇਆ ਗਿਆ ਅਤੇ ਸਿੱਖ ਭਾਈਚਾਰੇ ਦੇ ਕਈ ਮੈਂਬਰਾਂ ਨੇ ਗੱਤਕੇ ਦੇ ਵੀ ਜੌਹਰ ਦਿਖਾਏ।ਨਗਰ ਕੀਰਤਨ 'ਚ ਕਈ ਵੱਡੀਆਂ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮੌਕੇ ਹਾਜ਼ਰੀ ਲਗਵਾਈ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਇਲੀਵਰ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਸ਼ਾਮਲ ਹੋਏ।
ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਵਾਇਆ ਕਿ ਉਹ ਉਨ੍ਹਾਂ ਦੇ ਅਧਿਕਾਰਾਂ ਲਈ ਹਮੇਸ਼ਾ ਖੜ੍ਹੇ ਰਹਿਣਗੇ।ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਸਦੀ ਵਿਿਭੰਨਤਾ ਹੈ ਅਤੇ ਕੈਨੇਡਾ ਵਖਰੇਵਿਆਂ ਦੇ ਬਾਵਜੂਦ ਨਹੀਂ ਸਗੋਂ ਵਖਰੇਵਿਆਂ ਦੇ ਕਾਰਨ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕਦਰਾਂ ਕੀਮਤਾਂ ਜਿਵੇਂ ਸੱਚ, ਨਿਰਸਵਾਰਥ ਸੇਵਾ, ਹਮਦਰਦੀ, ਨਿਆਂ ਅਤੇ ਮਨੁੱਖੀ ਅਧਿਕਾਰ, ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਭਾਰਤ ਅਤੇ ਕੈਨੇਡਾ ਵਿੱਚ ਫਲਾਈਟਾਂ ਨੂੰ ਹੋਰ ਵਧਾਉਣਗੇ ਤੇ ਸਿੱਧੀਆਂ ਅੰਮ੍ਰਿਤਸਰ ਲਈ ਉਡਾਨਾਂ ਵੱਲ ਵੀ ਪਹਿਲ ਦਿੱਤੀ ਜਾਵੇਗੀ।
ਜਿਸ ਤਰ੍ਹਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਸ਼ਣ ਦੇਣ ਲਈ ਸਟੇਜ਼ 'ਤੇ ਪਹੁੰਚੇ ਤਾਂ ਖ਼ਾਲਿਸਤਾਨ ਪੱਖੀ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਦਾ ਵਿਰੋਧ ਕਰਦਿਆਂ ਭਾਰਤ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਮੌਜੂਦਗੀ ‘ਚ ਖ਼ਾਲਿਸਤਾਨ ਪੱਖੀ ਨਾਅਰੇ ਲਗਾਏ ਜਾਣ ‘ਤੇ ਡੂੰਘੀ ਚਿੰਤਾ ਅਤੇ ਸਖ਼ਤ ਵਿਰੋਧ ਦਾ ਪ੍ਰਗਟਾਵਾ ਕੀਤਾ।
ਵਿਸਾਖੀ ਨਗਰ ਕੀਰਤਨ ਦੇ ਇਸ ਪ੍ਰੋਗਰਾਮ ਵਿਚ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਸ਼ਾਮਲ ਹੋਏ। ਕੰਜ਼ਰਵੇਟਿਵ ਲੀਡਰ ਪੀਅਰ ਪੋਇਲੀਵਰ ਨੇ ਕਿਹਾ ਕਿ ਪਿਛਲੇ ਭਿਆਨਕ ਨੌਂ ਸਾਲਾਂ 'ਚ ਘਰਾਂ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਹਨ ਜਿੰਨ੍ਹਾਂ ਦਾ ਅਸਰ ਆਮ ਲੋਕਾਂ ਦੀ ਜ਼ਿੰਦਗੀ 'ਤੇ ਪਿਆ ਹੈ। ਅਪਰਾਧ, ਹਫੜਾ-ਦਫੜੀ, ਨਸ਼ੇ, ਜਬਰਦਸਤੀ ਦੇ ਮਾਮਲੇ, ਕਾਰ ਚੋਰੀ ਅਤੇ ਇੱਥੋਂ ਤੱਕ ਕਿ ਕਤਲ ਵੀ ਬਿਨਾਂ ਕਿਸੇ ਅਪਰਾਧਿਕ ਦੋਸ਼ਾਂ ਦੇ ਵੱਧਦਾ ਹੀ ਜਾ ਰਿਹਾ ਹੈ। ਲੋਕਾਂ ਨੇ ਕਦੇ ਵੀ ਇੰਨਾ ਖ਼ਤਰਾ ਮਹਿਸੂਸ ਨਹੀਂ ਕੀਤਾ ਜਿੰਨ੍ਹਾਂ ਉਨ੍ਹਾਂ ਨੂੰ ਹੁਣ ਕਰਨਾ ਪੈ ਰਿਹਾ ਹੈ ਪਰ ਚੰਗੀ ਖ਼ਬਰ ਇਹ ਹੈ ਕਿ ਜ਼ਿੰਦਗੀ ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ ਅਤੇ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਦੀ ਨਹੀਂ ਹੋਵੇਗੀ।ਪੀਅਰ ਪੋਇਲੀਵਰ ਨੇ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸਾਰੀ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਮਹਾਨ ਸਿੱਖ ਕਦਰਾਂ-ਕੀਮਤਾਂ 'ਤੇ ਭਰੋਸਾ ਰੱਖਾਂਗੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਲਿਆਂਦੀਆਂ ਜਿਵੇਂ ਕਿ ਆਮ ਲੋਕਾਂ ਲਈ ਬਰਾਬਰੀ ਦੀਆਂ ਕਦਰਾਂ-ਕੀਮਤਾਂ, ਕੋਈ ਜਾਤ-ਪਾਤ ਨਹੀਂ ਹੋਣੀ ਚਾਹੀਦੀ। ਅਖੀਰ 'ਚ ਪੀਅਰ ਪੋਇਲੀਵਰ ਨੇ ਜੈਕਾਰਾ ਲਗਾਉਂਦਿਆਂ ਸੰਗਤਾਂ ਤੋਂ ਜਾਣ ਦੀ ਇਜ਼ਾਜ਼ਤ ਮੰਗੀ ਅਤੇ ਲੋਕਾਂ ਵੱਲੋਂ ਜੈਕਾਰੇ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ।(ਫੋਟੋਆਂ: ਰੀਤਇੰਦਰ ਸਿੰਘ ਗਰੇਵਾਲ)