Begin typing your search above and press return to search.

ਭਾਰਤੀ ਸਟੂਡੈਂਟਸ ਲਈ ਕਬਰਗਾਹ ਬਣਿਆ ਕੈਨੇਡਾ!

ਚੰਡੀਗੜ੍ਹ, 8 ਦਸੰਬਰ (ਸ਼ਾਹ) : ਕੈਨੇਡਾ ਵਿਚ ਇਕ ਤੋਂ ਬਾਅਦ ਇਕ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਨੇ ਸਮੁੱਚੇ ਪੰਜਾਬੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ। ਕੈਨੇਡਾ ਹੀ ਬਲਕਿ ਹੋਰਨਾਂ ਦੇਸ਼ਾਂ ਵਿਚੋਂ ਵੀ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਹੋਣ ਦੀਆਂ ਮੰਦਭਾਗੀਆਂ ਖ਼ਬਰਾਂ ਨਿੱਤ ਦਿਹਾੜੇ ਆ ਰਹੀਆਂ ਨੇ, ਇਨ੍ਹਾਂ ਵਿਚ ਹੋਰਨਾਂ ਸੂਬਿਆਂ ਦੇ ਬੱਚੇ ਵੀ ਸ਼ਾਮਲ ਨੇ। […]

403 indians died abroad
X

Hamdard Tv AdminBy : Hamdard Tv Admin

  |  8 Dec 2023 12:54 PM IST

  • whatsapp
  • Telegram

ਚੰਡੀਗੜ੍ਹ, 8 ਦਸੰਬਰ (ਸ਼ਾਹ) : ਕੈਨੇਡਾ ਵਿਚ ਇਕ ਤੋਂ ਬਾਅਦ ਇਕ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਨੇ ਸਮੁੱਚੇ ਪੰਜਾਬੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ। ਕੈਨੇਡਾ ਹੀ ਬਲਕਿ ਹੋਰਨਾਂ ਦੇਸ਼ਾਂ ਵਿਚੋਂ ਵੀ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਮੌਤਾਂ ਹੋਣ ਦੀਆਂ ਮੰਦਭਾਗੀਆਂ ਖ਼ਬਰਾਂ ਨਿੱਤ ਦਿਹਾੜੇ ਆ ਰਹੀਆਂ ਨੇ, ਇਨ੍ਹਾਂ ਵਿਚ ਹੋਰਨਾਂ ਸੂਬਿਆਂ ਦੇ ਬੱਚੇ ਵੀ ਸ਼ਾਮਲ ਨੇ। ਇਕ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ਾਂ ਵਿਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਐ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 91 ਮੌਤਾਂ ਇਕੱਲੇ ਕੈਨੇਡਾ ਵਿਚ ਹੋਈਆਂ। ਦੇਖੋ, ਇਹ ਖ਼ਾਸ ਰਿਪੋਰਟ।

ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਣ ਦਾ ਮੰਦਭਾਗਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨਿੱਤ ਦਿਨ ਮੌਤ ਦੀ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਰਹੀ ਐ। ਇਕ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਵਿਦੇਸ਼ਾਂ ਵਿਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਐ, ਇਹ ਅੰਕੜਾ ਵਾਕਈ ਹੈਰਾਨ ਕਰ ਦੇਣ ਵਾਲਾ ਏ, ਜਿਸ ਨੂੰ ਲੈ ਕੇ ਹਰ ਕਿਸੇ ਵੱਲੋਂ ਚਿੰਤਾ ਜਤਾਈ ਜਾ ਰਹੀ ਐ। ਖ਼ਾਸ ਗੱਲ ਇਹ ਐ ਕਿ ਇਨ੍ਹਾਂ ਵਿਚੋਂ ਸਭ ਤੋਂ ਵੱਧ ਮੌਤਾਂ ਕੈਨੇਡਾ ਵਿਚ ਹੋਈਆਂ, ਜਿੱਥੇ ਪੰਜ ਸਾਲਾਂ ਦੌਰਾਨ 91 ਵਿਦਿਆਰਥੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਨੇ, ਜਦਕਿ ਬ੍ਰਿਟੇਨ ਵਿਚ ਭਾਰਤੀ ਵਿਦਿਆਰਥੀਆਂ ਦੀ ਮੌਤ ਦਾ ਅੰਕੜਾ 48 ਐ। ਇਸੇ ਤਰ੍ਹਾਂ ਰੂਸ ਵਿਚ 40 ਮੌਤਾਂ, ਅਮਰੀਕਾ ’ਚ 36, ਆਸਟ੍ਰੇਲੀਆ ਵਿਚ 35, ਯੂਕ੍ਰੇਨ ਵਿਚ 21, ਜਰਮਨੀ ਵਿਚ 20, ਸਾਈਪ੍ਰਸ ਵਿਚ 14, ਇਟਲੀ ਵਿਚ 10 ਅਤੇ ਫਿਲੀਪੀਨਸ ਵਿਚ ਵੀ 10 ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ।

ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ ਜ਼ਿਆਦਾ ਮੌਤਾਂ ਕੁਦਰਤੀ ਕਾਰਨਾਂ, ਹਾਦਸਿਆਂ ਅਤੇ ਸਿਹਤ ਨਾਲ ਜੁੜੇ ਕਾਰਨਾਂ ਦੀ ਵਜ੍ਹਾ ਕਰਕੇ ਹੋਈਆਂ। ਪੜ੍ਹਾਈ ਕਰਨ ਲਈ ਵਿਦੇਸ਼ ਗਏ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਬਾਰੇ ਇਹ ਹੈਰਾਨ ਕਰਨ ਵਾਲੀ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਦਿੱਤੀ ਗਈ ਐ। ਇਸ ਤੋਂ ਬਾਅਦ ਵੱਡਾ ਸਵਾਲ ਇਹ ਪੈਦਾ ਹੁੰਦਾ ਏ ਕਿ ਆਖ਼ਰ ਸਭ ਤੋਂ ਜ਼ਿਆਦਾ ਮੌਤਾਂ ਕੈਨੇਡਾ ਵਿਚ ਕਿਉਂ ਹੋਈਆਂ? ਇਸ ਸਵਾਲ ਦੇ ਜਵਾਬ ਵਿਚ ਭਾਰਤੀ ਵਿਦੇਸ਼ ਦੇ ਬੁਲਾਰੇ ਅਰਿੰਦਮ ਬਾਗਚੀ ਦਾ ਕਹਿਣਾ ਏ ਕਿ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਏ, ਇਸ ਕਰਕੇ ਉਥੇ ਮੌਤਾਂ ਦਾ ਅੰਕੜਾ ਵੀ ਜ਼ਿਆਦਾ ਏ।

ਵਿਦੇਸ਼ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2018 ਅਤੇ 2022 ਦੇ ਵਿਚਕਾਰ ਕੁੱਲ 6 ਲੱਖ 21 ਹਜ਼ਾਰ 336 ਭਾਰਤੀ ਵਿਦਿਆਰਥੀ ਪੜ੍ਹਾਈ ਦੇ ਲਈ ਅਮਰੀਕਾ ਗਏ ਜੋ ਕਿਸੇ ਹੋਰ ਦੇਸ਼ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਸਭ ਤੋਂ ਵੱਧ ਗਿਣਤੀ ਰਹੀ। ਉਥੇ ਹੀ ਇਸੇ ਸਮੇਂ ਦੌਰਾਨ ਕੁੱਲ 5 ਲੱਖ 67 ਹਜ਼ਾਰ 607 ਭਾਰਤੀ ਵਿਦਿਆਰਥੀਆਂ ਨੇ ਪੜ੍ਹਾਈ ਦੇ ਲਈ ਕੈਨੇਡਾ ਦਾ ਰੁਖ਼ ਕੀਤਾ ਜਦਕਿ 3 ਲੱਖ 17 ਹਜ਼ਾਰ 119 ਵਿਦਿਆਰਥੀ ਪੜ੍ਹਨ ਦੇ ਲਈ ਬ੍ਰਿਟੇਨ ਗਏ। ਇਸ ਤੋਂ ਇਲਾਵਾ 18 ਹਜ਼ਾਰ 39 ਵਿਦਿਆਰਥੀ ਰੂਸ ਵਿਚ ਪੜ੍ਹਨ ਦੇ ਲਈ ਗਏ। ਰਾਜ ਸਭਾ ਵਿਚ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰੀ ਵੀ ਮੁਰਲੀਧਰਨ ਨੇ ਆਖਿਆ ਕਿ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਭਾਰਤ ਸਰਕਾਰ ਦੀ ਸਰਵਉੱਚ ਪਹਿਲਾਂ ਵਿਚੋਂ ਇਕ ਐ, ਇਸ ਦੇ ਲਈ ਮਿਸ਼ਨ ਮੁਖੀ ਅਤੇ ਸੀਨੀਅਰ ਅਧਿਕਾਰੀ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ ਦੇ ਨਾਲ ਨਿਯਮਤ ਤੌਰ ’ਤੇ ਗੱਲਬਾਤ ਕਰਦੇ ਰਹਿੰਦੇ ਨੇ ਅਤੇ ਯੂਨੀਵਰਸਿਟੀਆਂ ਅਤੇ ਹੋਰ ਸਿੱਖਿਆ ਸੰਸਥਾਵਾਂ ਦਾ ਦੌਰਾ ਵੀ ਕਰਦੇ ਰਹਿੰਦੇ ਨੇ।

ਸਟੈਸਟਿਕਸ ਕੈਨੇਡਾ 2021 ਦੀ ਰਿਪੋਰਟ ਮੁਤਾਬਕ ਕੈਨੇਡੀਅਨ ਜਨ ਸੰਖਿਆ ਵਿਚ ਕਰੀਬ ਸਾਢੇ 18 ਲੱਖ ਯਾਨੀ 51 ਫ਼ੀਸਦੀ ਲੋਕ ਭਾਰਤੀ ਨੇ ਅਤੇ ਖ਼ਾਸ ਗੱਲ ਇਹ ਐ ਕਿ ਇਨ੍ਹਾਂ ਲੋਕਾਂ ਵਿਚ 7.71 ਲੱਖ ਲੋਕ ਸਿੱਖ ਸਮਾਜ ਨਾਲ ਸਬੰਧਤ ਨੇ। ਸਿੱਖ ਸਮਾਜ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਅਤੇ ਤੇਜ਼ੀ ਨਾਲ ਵਧਣ ਵਾਲਾ ਸਮਾਜ ਐ। ਕੈਨੇਡਾ ਵਿਚ ਜ਼ਿਆਦਾਤਰ ਲੋਕ ਵਧੀਆ ਜ਼ਿੰਦਗੀ ਜਿਉਣ ਲਈ ਪੈਸੇ ਕਮਾਉਣ ਵਾਸਤੇ ਜਾਂਦੇ ਨੇ। ਕੈਨੇਡਾ ਵਿਚ ਬੇਰੁਜ਼ਗਾਰੀ ਦਰ ਘੱਟ ਹੋਣਾ ਵੀ ਇੱਥੇ ਲੋਕਾਂ ਦੇ ਜਾਣ ਦਾ ਇਕ ਵੱਡਾ ਫੈਕਟਰ ਕਿਹਾ ਜਾ ਸਕਦਾ ਏ।

ਸਿੱਖ ਸਮਾਜ ਦੀ ਕੈਨੇਡਾ ਵਿਚ ਐਂਟਰੀ ਦੀ ਗੱਲ ਕਰੀਏ ਤਾਂ ਸੰਨ 1897 ਵਿਚ ਕੁਈਨ ਵਿਕਟੋਰੀਆ ਦੇ ਨਾਲ ਗਈ ਇਕ ਫ਼ੌਜੀ ਟੁਕੜੀ ਵਿਚ ਸ਼ਾਮਲ ਰਿਸਾਲਦਾਰ ਮੇਜਰ ਕੇਸਰ ਸਿੰਘ ਕੈਨੇਡਾ ਜਾਣ ਵਾਲੇ ਪਹਿਲੇ ਸਿੱਖ ਸਨ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਅਗਲੇ ਕੁੱਝ ਸਾਲਾਂ ਵਿਚ ਪੰਜ ਹਜ਼ਾਰ ਭਾਰਤੀ ਬ੍ਰਿਟਿਸ਼ ਕੋਲੰਬੀਆ ਵਿਚ ਪਹੁੰਚੇ ਸਨ, ਜਿਨ੍ਹਾਂ ਵਿਚ ਵੀ 90 ਫ਼ੀਸਦੀ ਸਿੱਖ ਸਨ। ਸੰਨ 1907 ਵਿਚ ਕੈਨੇਡੀਅਨ ਸਰਕਾਰ ਨੇ ਉਥੇ ਪਹੁੰਚਣ ਵਾਲੇ ਭਾਰਤੀਆਂ ਅੱਗੇ 200 ਡਾਲਰ ਹੋਣ ਦੀ ਸ਼ਰਤ ਰੱਖੀ, ਜਿਸ ਤੋਂ ਬਾਅਦ ਭਾਰਤੀਆਂ ਦੀ ਗਿਣਤੀ ਕੈਨੇਡਾ ਵਿਚ ਹੋਰ ਵਧਣੀ ਸ਼ੁਰੂ ਹੋ ਗਈ। ਫਿਰ ਸਾਲ 1960 ਵਿਚ ਕੈਨੇਡਾ ਦੀ ਲਿਬਰਲ ਪਾਰਟੀ ਦੀ ਸਰਕਾਰ ਨੇ ਸਿੱਖਾਂ ਦੇ ਵੱਸਣ ਲਈ ਨਿਯਮ ਆਸਾਨ ਕਰ ਦਿੱਤੇ। ਇਸ ਫੈਕਟਰ ਨੇ ਵੀ ਸਿੱਖਾਂ ਨੂੰ ਕੈਨੇਡਾ ਵੱਲ ਜਾਣ ਲਈ ਆਕਰਸ਼ਿਤ ਕੀਤਾ।

ਮੌਜੂਦਾ ਸਮੇਂ ਵਿਦੇਸ਼ਾਂ ਵਿਚ ਹੋ ਰਹੀਆਂ ਭਾਰਤੀ ਵਿਦਿਆਰਥੀਆਂ, ਖ਼ਾਸ ਕਰਕੇ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਇਸ ਸਬੰਧੀ ਸਰਕਾਰ ਪੱਧਰ ’ਤੇ ਵੀ ਕਈ ਵਾਰ ਗੱਲਬਾਤ ਉਠਾਈ ਜਾ ਚੁੱਕੀ ਐ ਪਰ ਇਸ ਤੋਂ ਬਾਅਦ ਵੀ ਕੋਈ ਸਾਰਥਿਕ ਨਤੀਜਾ ਸਾਹਮਣੇ ਨਹੀਂ ਆ ਸਕਿਆ। ਸੋ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it