400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਨਵੀਂ ਜਾਣਕਾਰੀ ਆਈ ਸਾਹਮਣੇ
ਬਰੈਂਪਟਨ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸੋਨੇ ਦਾ ਕੁਝ ਹਿੱਸਾ ਸੰਭਾਵਤ ਤੌਰ ’ਤੇ ਗਰੇਟਰ ਟੋਰਾਂਟੋ ਏਰੀਆ ਵਿਚਲੇ ਗਹਿਣਿਆਂ ਦੇ ਇਕ ਸਟੋਰ ਦੀ ਬੇਸਮੈਂਟ ਵਿਚ ਪਿਘਲਾਇਆ ਗਿਆ। ਸੀ.ਪੀ. 24 ਨਾਲ ਗੱਲਬਾਤ […]
By : Editor Editor
ਬਰੈਂਪਟਨ, 23 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸੋਨੇ ਦਾ ਕੁਝ ਹਿੱਸਾ ਸੰਭਾਵਤ ਤੌਰ ’ਤੇ ਗਰੇਟਰ ਟੋਰਾਂਟੋ ਏਰੀਆ ਵਿਚਲੇ ਗਹਿਣਿਆਂ ਦੇ ਇਕ ਸਟੋਰ ਦੀ ਬੇਸਮੈਂਟ ਵਿਚ ਪਿਘਲਾਇਆ ਗਿਆ। ਸੀ.ਪੀ. 24 ਨਾਲ ਗੱਲਬਾਤ ਕਰਦਿਆਂ ਪੁਲਿਸ ਨੇ ਕਿਹਾ ਕਿ ਸੋਨੇ ਦਾ ਆਕਾਰ ਬਦਲਣ ਲਈ ਵਰਤਿਆ ਸਾਜ਼ੋ-ਸਾਮਾਨ ਗਹਿਣਿਆਂ ਦੇ ਸਟੋਰ ਦੀ ਬੇਸਮੈਂਟ ਵਿਚੋਂ ਬਰਾਮਦ ਹੋ ਚੁੱਕਾ ਹੈ।
ਜੀ.ਟੀ.ਏ. ਵਿਚਲੇ ਗਹਿਣਿਆਂ ਦੇ ਇਕ ਸਟੋਰ ਵਿਚ ਪਿਘਲਾਇਆ ਗਿਆ ਸੋਨਾ
ਇਸ ਵੇਲੇ ਯਕੀਨੀ ਤੌਰ ’ਤੇ ਕਹਿਣਾ ਮੁਸ਼ਕਲ ਹੈ ਕਿ ਕਿੰਨਾ ਸੋਨਾ ਇਸ ਸਟੋਰ ਦੀ ਬੇਸਮੈਂਟ ਵਿਚ ਪਿਘਲਾ ਕੇ ਨਵੇਂ ਰੂਪ ਵਿਚ ਲਿਆਂਦਾ ਗਿਆ ਪਰ ਲੁੱਟ ਦੇ ਸੋਨੇ ਨਾਲ ਘੱਟੋ ਘੱਟ 89 ਹਜ਼ਾਰ ਡਾਲਰ ਮੁੱਲ ਦੇ ਛੇ ਬਰੇਸਲੈਟ ਜ਼ਰੂਰ ਤਿਆਰ ਕੀਤੇ ਗਏ। ਸੋਨਾ ਪਿਘਲਾਉਣ ਵਾਲੇ ਔਜ਼ਾਰ ਬਰਾਮਦ ਹੋ ਚੁੱਕੇ ਹਨ ਪਰ ਬਰੇਸਲੈਟਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਸੋਨੇ ਦਾ ਜ਼ਿਆਦਾਤਰ ਹਿੱਸਾ ਮੁਲਕ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ।
89 ਹਜ਼ਾਰ ਡਾਲਰ ਮੁੱਲ ਦੇ ਛੇ ਬਰੇਸਲੈਟ ਕੀਤੇ ਤਿਆਰ
ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਨੇ ਵਾਰਦਾਤ ਤੋਂ ਪੂਰੇ ਇਕ ਸਾਲ ਬਾਅਦ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਅਤੇ ਦੱਸਿਆ ਕਿ ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ 25 ਲੱਖ ਡਾਲਰ ਮੁੱਲ ਦਾ ਸੋਨਾ ਲੁਟਿਆ ਗਿਆ ਜੋ ਸਵਿਟਜ਼ਰਲੈਂਡ ਦੇ ਜ਼ਿਊਰਿਕ ਤੋਂ ਸ਼ਹਿਰ ਤੋਂ ਟੋਰਾਂਟੋ ਪੁੱਜਾ ਸੀ। ਪੀਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਆਖ ਚੁੱਕੇ ਹਨ ਕਿ ਲੁੱਟ ਦੀ ਇਹ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਤਹਿਤ ਵੱਡੇ ਅਪਰਾਧਕ ਗਿਰੋਹਾਂ ਦੀ ਕਰਤੂਤ ਹੈ। ਇਸ ਮਾਮਲੇ ਵਿਚ ਤਿੰਨ ਜਣਿਆਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ ਜਿਨ੍ਹਾਂ ਵਿਰੁੱਧ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ।