ਕੈਨੇਡਾ ’ਚ ਕਾਰ ਡੀਲਰਸ਼ਿਪ ਲੁੱਟਣ ਦੇ ਮਾਮਲੇ ’ਚ 4 ਭਾਰਤੀ ਗ੍ਰਿਫ਼ਤਾਰ
ਓਕਵਿਲ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਾਰ ਚੋਰਾਂ ਦੇ ਬੁਲੰਦ ਹੌਸਲਿਆਂ ਦੀ ਤਾਜ਼ਾ ਮਿਸਾਲ ਓਕਵਿਲ ਵਿਖੇ ਸਾਹਮਣੇ ਆਈ ਜਿਥੇ ਚਾਰ ਜਣੇ ਕਾਰ ਡੀਲਰਸ਼ਿਪ ਲੁੱਟਣ ਪਹੁੰਚ ਗਏ। ਹਾਲਟਨ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤਕਰੀਬਨ ਸਵਾਰ ਚਾਰ ਵਜੇ ਓਕਵਿਲ ਦੀ ਕ੍ਰਾਈਸਲਰ ਡੀਲਰਸ਼ਿਪ ਵਿਚ ਗੜਬੜ ਹੋਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਨੂੰ […]
By : Editor (BS)
ਓਕਵਿਲ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਾਰ ਚੋਰਾਂ ਦੇ ਬੁਲੰਦ ਹੌਸਲਿਆਂ ਦੀ ਤਾਜ਼ਾ ਮਿਸਾਲ ਓਕਵਿਲ ਵਿਖੇ ਸਾਹਮਣੇ ਆਈ ਜਿਥੇ ਚਾਰ ਜਣੇ ਕਾਰ ਡੀਲਰਸ਼ਿਪ ਲੁੱਟਣ ਪਹੁੰਚ ਗਏ। ਹਾਲਟਨ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤਕਰੀਬਨ ਸਵਾਰ ਚਾਰ ਵਜੇ ਓਕਵਿਲ ਦੀ ਕ੍ਰਾਈਸਲਰ ਡੀਲਰਸ਼ਿਪ ਵਿਚ ਗੜਬੜ ਹੋਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਨੂੰ ਵੇਖ ਕੇ ਸ਼ੱਕੀਆਂ ਨੇ ਗੱਡੀ ਭਜਾ ਲਈ।
ਪੁਲਿਸ ਮੁਤਾਬਕ ਕਾਲੇ ਰੰਗ ਦੀ ਡੌਜ ਰੈਮ ਵਿਚ ਸਵਾਰ ਸ਼ੱਕੀਆਂ ਨੇ ਫਰਾਰ ਹੋਣ ਦਾ ਯਤਨ ਕੀਤਾ ਪਰ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕੁਈਨਜ਼ ਐਲਿਜ਼ਾਬੈਥ ਵੇਅ ਦੀਆਂ ਪੱਛਮ ਵੱਲ ਜਾ ਰਹੀਆਂ ਲੇਨਜ਼ ’ਤੇ ਗੱਡੀ ਗਾਰਡ ਰੇਲ ਵਿਚ ਜਾ ਵੱਜੀ।
ਅਚਾਨਕ ਵਾਪਰੇ ਹਾਦਸੇ ਕਾਰਨ ਹਾਈਵੇਅ ’ਤੇ ਜਾਮ ਲੱਗਣਾ ਸ਼ੁਰੂ ਹੋ ਗਿਆ ਅਤੇ ਪੁਲਿਸ ਨੂੰ ਬਰੌਂਟੀ ਰੋਡ ਤੋਂ ਬਰਲੋਕ ਡਰਾਈਵ ਤੱਕ ਪੱਛਮ ਵੱਲ ਜਾ ਰਹੀਆਂ ਲੇਨਜ਼ ਬੰਦ ਕਰਨੀਆਂ ਪਈਆਂ। ਗੱਡੀ ਵਿਚ ਸਵਾਰ ਤਿੰਨ ਜਣਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਸ਼ਨਾਖਤ ਮਿਸੀਸਾਗਾ ਦੇ 37 ਸਾਲਾ ਆਸ਼ੀਸ਼ ਸ਼ਰਮਾ, ਟੋਰਾਂਟੋ ਦੇ 31 ਸਾਲਾ ਜੈਨੀਫਰ ਸਿੰਘ ਅਤੇ 37 ਸਾਲ ਦੇ ਰਾਜਪਾਲ ਸਰਾਂ ਵਜੋਂ ਕੀਤੀ ਗਈ।
ਇਨ੍ਹਾਂ ਵੱਲੋਂ ਵਰਤੀ ਜਾ ਰਹੀ ਕਾਲੇ ਰੰਗ ਦੀ ਡੌਜ ਰੈਮ ਵੀ ਮਿਸੀਸਾਗਾ ਤੋਂ ਚੋਰੀ ਕੀਤੀ ਨਿਕਲੀ ਜਦਕਿ ਓਕਵਿਲ ਦੀ ਕ੍ਰਾਈਸਲਰ ਡੀਲਰਸ਼ਿਪ ਤੋਂ ਨੀਲੇ ਰੰਗ ਦੀ ਡੌਜ ਰੈਮ ਚੋਰੀ ਕਰਨ ਦਾ ਯਤਨ ਕੀਤਾ ਗਿਆ। ਪੈਰਾਮੈਡਿਕਸ ਤਿੰਨੋ ਜਣਿਆਂ ਨੂੰ ਹਸਪਤਾਲ ਲੈ ਗਏ ਜਿਥੇ ਇਨ੍ਹਾਂ ਦਾ ਮਾਮੂਲੀ ਜ਼ਖਮਾਂ ਦਾ ਇਲਾਜ ਕੀਤਾ ਗਿਆ।
ਤਕਰੀਬਨ 10 ਮਿੰਟ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਚੌਥਾ ਸ਼ੱਕੀ ਹਾਲੇ ਵੀ ਕਾਰ ਡੀਲਰਸ਼ਿਪ ਅੰਦਰ ਮੌਜੂਦ ਹੈ ਜਿਸ ਨੂੰ ਮੌਕੇ ’ਤੇ ਜਾ ਹਿਰਾਸਤ ਵਿਚ ਲਿਆ ਗਿਆ। ਚੌਥੇ ਸ਼ੱਕੀ ਦੀ ਸ਼ਨਾਖਤ ਇਟੋਬੀਕੋ ਦੇ 25 ਸਾਲਾ ਹਿਮਾਂਸ਼ੂ ਯਾਦਵ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ 9 ਦੋਸ਼ ਆਇਦ ਕੀਤੇ ਗਏ। ਗੱਡੀ ਚੋਰੀ ਕਰਨ ਅਤੇ ਜਿੰਦੇ ਤੋੜਨ ਵਾਲੇ ਔਜ਼ਾਰ ਰੱਖਣ ਦੇ ਦੋਸ਼ ਇਨ੍ਹਾਂ ਵਿਚ ਸ਼ਾਮਲ ਹਨ।
ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਚਾਰੇ ਸ਼ੱਕੀਆਂ ਨੂੰ ਹਿਰਾਸਤ ਵਿਚ ਰੱਖਿਆ ਜਾਵੇਗਾ। ਹਾਲਟਨ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 2 ਡਿਸਟ੍ਰਿਕਟ ਕ੍ਰਿਮੀਨਲ ਇਨਵੈਸਟੀਗੇਸ਼ਨਜ਼ ਬਿਊਰੋ ਨਾਲ 905-825-4777 ਐਕਸਟੈਨਸ਼ਨ 2216 ’ਤੇ ਸੰਪਰਕ ਕਰੇ। ਇਸੇ ਦੌਰਾਨ ਮਿਸੀਸਾਗਾ ਦੇ 25 ਸਾਲਾ ਗੁਰਕਮਲ ਖੱਖ ਨੂੰ ਨਾਜਾਇਜ਼ ਹਥਿਆਰ ਅਤੇ ਨਸ਼ਿਆਂ ਦੀ ਬਰਾਮਦਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਟਲ ਰੀਜਨਲ ਪੁਲਿਸ ਨੇ ਦੱਸਿਆ ਕਿ ਪ੍ਰੋਜੈਕਟ ਵੌਂਡਰ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਮੈਥਮਫੇਟਾਮਿਨ , ਫੈਂਟਾਨਿਲ, ਕੋਕੀਨ, ਔਕਸੀਕੋਡੋਨ ਗੋਲੀਆਂ ਅਤੇ ਭਰੀ ਹੋਈ ਗਲੌਕ 27 ਪਸਤੌਲ ਸਣੇ 20 ਹਜ਼ਾਰ ਡਾਲਰ ਨਕਦ ਬਰਾਮਦ ਕੀਤੇ ਗਏ। ਗੁਰਕਮਲ ਖੱਖ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਤਵਲੀਨ ਟੋਵਾਣਾ ਵਿਰੁੱਧ ਵੀ ਦੋਸ਼ ਆਇਦ ਕੀਤੇ ਗਏ ਹਨ।