ਕੈਨੇਡਾ ’ਚ 1 ਕੁੜੀ ਸਣੇ 3 ਪੰਜਾਬੀ ਨੌਜਵਾਨਾਂ ਨੂੰ ਪਿਆ ਦਿਲ ਦਾ ਦੌਰਾ
ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿੱਚ ਇੱਕ ਨਹੀਂ, ਸਗੋਂ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ। ਤਿੰਨਾਂ ਨੂੰ ਹੀ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ। ਤਿੰਨਾਂ […]
By : Editor Editor
ਔਟਵਾ, (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲੇ ਵਿੱਚ ਇੱਕ ਨਹੀਂ, ਸਗੋਂ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ, ਜਿਨ੍ਹਾਂ ਵਿੱਚ ਇੱਕ ਕੁੜੀ ਵੀ ਸ਼ਾਮਲ ਹੈ। ਤਿੰਨਾਂ ਨੂੰ ਹੀ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਤਿੰਨਾਂ ਦੀ ਪਛਾਣ ਅੰਮ੍ਰਿਤਸਰ ਦੇ ਮਨਿੰਦਰ ਪਾਲ ਸਿੰਘ, ਮਲੇਰਕੋਟਲ ਦੇ ਅਮਰਗੜ੍ਹ ਦੀ ਪਰਨੀਤ ਕੌਰ ਅਤੇ ਨਵਜੋਤ ਸਿੰਘ ਸੇਖੋਂ ਵਜੋਂ ਹੋਈ ਹੈ।
ਮਨਿੰਦਰ ਪਾਲ ਸਿੰਘ ਤੇ ਪਰਨੀਤ ਕੌਰ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਸੀ, ਜਿੱਥੇ ਉਨ੍ਹਾਂ ਨਾਲ ਇਹ ਭਾਣਾ ਵਰਤ ਗਿਆ। ਅੰਮ੍ਰਿਤਸਰ ਦੇ ਰਈਆ ਵਿੱਚ ਪੈਂਦੇ ਫੇਰੁਮਾਨ ਰੋਡ ਦੇ ਵਾਸੀ ਮਨਿੰਦਰ ਪਾਲ ਸਿੰਘ ਦੇ ਪਰਿਵਾਰ ਤੱਕ ਜਦੋਂ ਉਸ ਦੀ ਮੌਤ ਦੀ ਖ਼ਬਰ ਪੁੱਜੀ ਤਾਂ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਦੱਸਿਆ ਜਾ ਰਿਹਾ ਹੈ ਕਿ ਮਨਿੰਦਰ ਪਾਲ ਲਗਭਗ 3 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਬੀਤੇ ਦਿਨ ਸ਼ਾਮ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਕੁਝ ਮਹੀਨੇ ਪਹਿਲਾਂ ਹੀ ਮਨਿੰਦਰ ਪਾਲ ਦੇ ਪਿਤਾ ਮਨਜੀਤ ਸਿੰਘ ਦਾ ਕਈ ਸਾਲਾਂ ਤੱਕ ਕੈਂਸਰ ਨਾਲ ਜੂਝਣ ਮਗਰੋਂ ਦੇਹਾਂਤ ਹੋ ਗਿਆ ਸੀ। ਮਨਿੰਦਰ ਪਾਲ ਦੀ ਮੌਤ ਮਗਰੋਂ ਘਰ ਵਿੱਚ ਉਸ ਦੀ ਪਤਨੀ ਤੇ ਦੋ ਛੋਟੇ ਬੱਚੇ ਰਹਿ ਗਏ ਹਨ।
ਉੱਧਰ ਕੈਲਗਰੀ ’ਚ ਰਹਿੰਦੀ ਮਲੇਰਕੋਟਲਾ ਦੇ ਅਮਰਗੜ੍ਹ ਦੀ ਪ੍ਰਨੀਤ ਕੌਰ ਨਾਲ ਵੀ ਇਹੀ ਭਾਣਾ ਵਰਤ ਗਿਆ। 20 ਸਾਲ ਦੀ ਪਰਨੀਤ ਕੌਰ 6 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ, ਜਿੱਥੇ ਉਸ ਨਾਲ ਇਹ ਅਣਹੋਣੀ ਘਟਨਾ ਵਾਪਰ ਗਈ। ਮ੍ਰਿਤਕਾ ਦੇ ਪਿਤਾ ਸਤਬੀਰ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪ੍ਰਨੀਤ ਕੌਰ ਅਪ੍ਰੈਲ ਮਹੀਨੇ ਵਿੱਚ ਹੀ ਕੈਨੇਡਾ ਗਈ ਸੀ। ਬੀਤੀ ਰਾਤ ਹੀ ਉਸ ਦੀ ਸਹੇਲੀ ਦਾ ਫੋਨ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਠੰਢ ਲੱਗਣ ਕਾਰਨ ਪ੍ਰਨੀਤ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਨ੍ਹਾਂ ਤੋਂ ਇਲਾਵਾ ਪੰਜਾਬੀ ਨੌਜਵਾਨ ਨਵਜੋਤ ਸਿੰਘ ਸੇਖੋਂ ਦੀ ਵੀ ਕੈਨੇਡਾ ’ਚ ਬੀਤੇ ਸੋਮਵਾਰ ਹਾਰਟ ਅਟੈਕ ਨਾਲ ਮੌਤ ਹੋ ਗਈ। ਉਸ ਦੀ ਪਤਨੀ ਬਬਨਜੋਤ ਕੌਰ ਨੇ ਮ੍ਰਿਤਕ ਦੇਹ ਪੰਜਾਬ ਭੇਜਣ ਤੇ ਪਰਿਵਾਰ ਦੀ ਆਰਥਿਕ ਮਦਦ ਲਈ ਗੋਫੰਡਮੀ ਪੇਜ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ 20 ਨਵੰਬਰ ਨੂੰ ਨਵਜੋਤ ਨੂੰ ਅਚਾਨਕ ਸਾਈਲੈਂਟ ਹਾਰਟ ਅਟੈਕ ਆਇਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ।
ਦੱਸ ਦੇਈਏ ਕਿ ਕੈਨੇਡਾ ਵਿੱਚ ਪੰਜਾਬੀਆਂ ਮੁੰਡੇ ਕੁੜੀਆਂ ਨੂੰ ਭਰ ਜਵਾਨੀ ਵਿੱਚ ਵੀ ਦਿਲ ਦਾ ਦੌਰਾ ਪੈਣ ਦੇ ਹਰ ਰੋਜ਼ਾਨਾ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਿਸ ਚਕਾਚੌਂਥ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਨੌਜਵਾਨ ਕੈਨੇਡਾ ਆਉਂਦੇ ਹਨ, ਇੱਥੋਂ ਦੀ ਲਾਈਫ਼ ਉਨੀ ਹੀ ਔਖੀ ਹੁੰਦੀ ਹੈ। ਮੰਦੀ ਕਾਰਨ ਇਸ ਵੇਲੇ ਕੈਨੇਡਾ ਵਿੱਚ ਨੌਕਰੀਆਂ ਦੀ ਬਹੁਤ ਜ਼ਿਆਦਾ ਘਾਟ ਹੈ। ਫ਼ਰੈਸ਼ਰ ਨੂੰ ਤਾਂ ਆਸਾਨੀ ਨਾਲ ਜੌਬ ਹੀ ਨਹੀਂ ਮਿਲਦੀ। ਇੱਥੇ ਰਹਿਣ-ਸਹਿਣ ਦੇ ਖਰਚੇ ਅਤੇ ਪੰਜਾਬ ਵਿੱਚ ਪਰਿਵਾਰ ਵੱਲੋਂ ਚੁੱਕਿਆ ਕਰਜ਼ ਉਤਾਰਨ ਦੀ ਟੈਨਸ਼ਨ ਤੇ ਪੜ੍ਹਾਈ ਦੀ ਚਿੰਤਾ ਕਾਰਨ ਨੌਜਵਾਨ ਤਣਾਅ ਵਿੱਚ ਜਾ ਰਹੇ ਹਨ। ਇਹ ਸਟਰੈਸ ਅਤੇ ਤਣਾਅ ਹੀ ਹਾਰਟ ਅਟੈਕ ਦਾ ਕਾਰਨ ਬਣ ਰਹੀ ਹੈ।