Begin typing your search above and press return to search.

3.94 ਲੱਖ ਪ੍ਰਵਾਸੀਆਂ ਨੇ ਹਾਸਲ ਕੀਤੀ ਕੈਨੇਡੀਅਨ ਸਿਟੀਜ਼ਨਸ਼ਿਪ

ਸਰੀ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ‘ਸਿਟੀਜ਼ਨਸ਼ਿਪ ਵੀਕ’ ਆਰੰਭ ਹੋ ਚੁੱਕਾ ਹੈ ਅਤੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ 1 ਅਪ੍ਰੈਲ 2023 ਤੋਂ 31 ਮਾਰਚ 2024 ਦਰਮਿਆਨ 393,500 ਪ੍ਰਵਾਸੀਆਂ ਨੇ ਮੁਲਕ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਇਨ੍ਹਾਂ ਵਿਚੋਂ ਸਭ ਤੋਂ ਅੱਗੇ ਭਾਰਤੀ ਰਹੇ। ਇੰਮੀਗ੍ਰੇਸ਼ਨ ਮੰਤਰੀ ਨੇ ਨਾਗਰਿਕਤਾ ਹਫਤੇ ਦੀ ਸ਼ੁਰੂਆਤ ਕਰਦਿਆਂ ਵੱਖ […]

3.94 ਲੱਖ ਪ੍ਰਵਾਸੀਆਂ ਨੇ ਹਾਸਲ ਕੀਤੀ ਕੈਨੇਡੀਅਨ ਸਿਟੀਜ਼ਨਸ਼ਿਪ
X

Editor EditorBy : Editor Editor

  |  14 May 2024 10:59 AM IST

  • whatsapp
  • Telegram

ਸਰੀ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ‘ਸਿਟੀਜ਼ਨਸ਼ਿਪ ਵੀਕ’ ਆਰੰਭ ਹੋ ਚੁੱਕਾ ਹੈ ਅਤੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ 1 ਅਪ੍ਰੈਲ 2023 ਤੋਂ 31 ਮਾਰਚ 2024 ਦਰਮਿਆਨ 393,500 ਪ੍ਰਵਾਸੀਆਂ ਨੇ ਮੁਲਕ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਇਨ੍ਹਾਂ ਵਿਚੋਂ ਸਭ ਤੋਂ ਅੱਗੇ ਭਾਰਤੀ ਰਹੇ। ਇੰਮੀਗ੍ਰੇਸ਼ਨ ਮੰਤਰੀ ਨੇ ਨਾਗਰਿਕਤਾ ਹਫਤੇ ਦੀ ਸ਼ੁਰੂਆਤ ਕਰਦਿਆਂ ਵੱਖ ਵੱਖ ਸ਼ਹਿਰਾਂ ਵਿਚ ਨਵੇਂ ਨਾਗਰਿਕਾਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 4 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਟੀਚਾ ਮਿੱਥਿਆ ਗਿਆ ਹੈ।

ਨਵੇਂ ਬਣੇ ਕੈਨੇਡੀਅਨ ਨਾਗਰਿਕਾਂ ਵਿਚੋਂ ਸਭ ਤੋਂ ਅੱਗੇ ਰਹੇ ਭਾਰਤੀ

ਸਰੀ ਵਿਖੇ 40 ਨਵੇਂ ਨਾਗਰਿਕਾਂ ਨੂੰ ਸਹੁੰ ਚੁਕਾਉਂਦਿਆਂ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕਮਿਊਨਿਟੀ ਲਗਾਤਾਰ ਵਧ-ਫੁੱਲ ਰਹੀ ਹੈ ਅਤੇ ਹਰ ਕੈਨੇਡੀਅਨ ਸਿਟੀਜ਼ਨ ਨੂੰ ਨਵੇਂ ਨਾਗਰਿਕਾਂ ਦਾ ਜ਼ੋਰਦਾਰ ਸਵਾਗਤ ਕਰਨਾ ਚਾਹੀਦਾ ਹੈ। ਪ੍ਰਵਾਸੀ ਆਪਣੇ ਸੁਪਨੇ ਸੱਚ ਕਰਨ ਦੇ ਮਕਸਦ ਨਾਲ ਕੈਨੇਡਾ ਆਉਂਦੇ ਹਨ ਅਤੇ ਕੋਈ ਨਹੀਂ ਚਾਹੁੰਦਾ ਕਿ ਉਸ ਦੀ ਜ਼ਿੰਦਗੀ ਪਹਿਲਾਂ ਵਾਲੇ ਪੱਧਰ ’ਤੇ ਹੀ ਠਹਿਰ ਜਾਵੇ। ਕੈਨੇਡਾ ਨੂੰ ਆਪਣਾ ਨਵਾਂ ਘਰ ਬਣਾਉਣ ਵਾਲੇ ਪ੍ਰਵਾਸੀ ਤਰੱਕੀ ਕਰਨਗੇ ਤਾਂ ਸਾਡਾ ਮੁਲਕ ਵਿਚ ਅੱਗੇ ਵਧੇਗਾ। ਤਕਰੀਬਨ ਦੋ ਘੰਟੇ ਤੱਕ ਚੱਲੇ ਸਮਾਗਮ ਦੌਰਾਨ ਸਰੀ-ਨਿਊਟਨ ਤੋਂ ਐਮ.ਪੀ. ਸੁਖ ਧਾਲੀਵਾਲ ਨੇ ਕਿਹਾ ਕਿ ਨਵੇਂ ਬਣੇ ਨਾਗਰਿਕਾਂ ਦੀ ਜ਼ਿੰਦਗੀ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ ਅਤੇ 1987 ਵਿਚ ਉਨ੍ਹਾਂ ਨੂੰ ਵੀ ਕੈਨੇਡੀਅਨ ਨਾਗਰਿਕਤਾ ਹਾਸਲ ਕਰਦਿਆਂ ਬੇਹੱਦ ਖੁਸ਼ੀ ਮਹਿਸੂਸ ਹੋਈ। ਸੁਖ ਧਾਲੀਵਾਲ ਨੇ ਅੱਗੇ ਕਿਹਾ ਕਿ ਕੈਨੇਡੀਅਨ ਸਿਟੀਜ਼ਨ ਵਜੋਂ ਸਹੁੰ ਚੁੱਕਣੀ ਲਾਜ਼ਮੀ ਹੈ ਪਰ ਇਸ ਦੀ ਅਹਿਮੀਅਤ ਲਫਜ਼ਾਂ ਤੋਂ ਕਿਤੇ ਉਪਰ ਹੈ। ਬਤੌਰ ਕੈਨੇਡੀਅਨ ਨਾਗਰਿਕ ਹਰ ਸ਼ਖਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਪ੍ਰਤੀ ਵਚਨਬੱਧ ਹੁੰਦਾ ਹੈ ਅਤੇ ਵੰਨ ਸੁਵੰਨੇ ਸਭਿਆਚਾਰ ਵਾਲੇ ਲੋਕਤੰਤਰੀ ਮੁਲਕ ਵਿਚ ਉਸ ਨੂੰ ਹਰ ਹੱਕ ਮਿਲ ਜਾਂਦਾ ਹੈ।

‘ਸਿਟੀਜ਼ਨਸ਼ਿਪ ਹਫਤੇ’ ਦੌਰਾਨ ਵੱਖ ਵੱਖ ਸ਼ਹਿਰਾਂ ਵਿਚ ਹੋਏ ਸਮਾਗਮ

ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਮੌਜੂਦਾ ਵਰ੍ਹੇ ਦੌਰਾਨ 4 ਲੱਖ 85 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਸੱਦਣ ਦਾ ਟੀਚਾ ਮਿੱਥਿਆ ਗਿਆ ਹੈ ਜਦਕਿ 2025 ਵਿਚ ਇਹ ਅੰਕੜਾ 5 ਲੱਖ ਤੋਂ ਟੱਪ ਜਾਵੇਗਾ। ਨਾਗਰਿਕਤਾ ਹਾਸਲ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2022-23 ਦੌਰਾਨ 3 ਲੱਖ 74 ਹਜ਼ਾਰ ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਅਤੇ ਇਨ੍ਹਾਂ ਵਿਚੋਂ 59,503 ਦੇ ਅੰਕੜੇ ਨਾਲ ਭਾਰਤੀ ਸਭ ਤੋਂ ਅੱਗੇ ਰਹੇ। ਫਿਲੀਪੀਨਜ਼ ਨਾਲ ਸਬੰਧਤ 41,540 ਪ੍ਰਵਾਸੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਜਦਕਿ ਰਫਿਊਜੀ ਦੇ ਰੂਪ ਵਿਚ ਸੀਰੀਆ ਤੋਂ ਆਏ 20,355 ਜਣੇ ਕੈਨੇਡੀਅਨ ਸਿਟੀਜ਼ਨ ਬਣ ਗਏ। ਤਾਜ਼ਾ ਅੰਕੜਿਆਂ ਵਿਚ ਇੰਮੀਗ੍ਰੇਸ਼ਨ ਮੰਤਰੀ ਵੱਲੋਂ ਮੁਲਕਾਂ ਦੇ ਆਧਾਰ ’ਤੇ ਵੇਰਵੇ ਨਸ਼ਰ ਨਹੀਂ ਕੀਤੇ ਗਏ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਬਾਜ਼ੀ ਭਾਰਤੀ ਲੋਕਾਂ ਦੇ ਹੱਥ ਰਹੀ। ਦੂਜੇ ਪਾਸੇ 32 ਸਾਲ ਪਹਿਲਾਂ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਵਾਲੀ ਇਕ ਔਰਤ ਦੀ ਸਿਟੀਜ਼ਨਸ਼ਿਪ ਰੱਦ ਕਰ ਦਿਤੀ ਗਈ। ਉਨਟਾਰੀਓ ਦੇ ਅਜੈਕਸ ਵਿਖੇ ਰਹਿ ਰਹੀ ਐਰੀਅਲ ਟਾਊਨਸੈਂਡ ਨੇ 1992 ਵਿਚ ਸਿਟੀਜ਼ਨਸ਼ਿਪ ਹਾਸਲ ਕੀਤੀ ਪਰ ਇੰਮੀਗ੍ਰੇਸ਼ਨ ਵਿਭਾਗ ਦੇ ਫੈਸਲੇ ਮੁਤਾਬਕ ਉਸ ਨੂੰ ਗਲਤੀ ਨਾਲ ਕੈਨੇਡੀਅਨ ਨਾਗਰਿਕਤਾ ਮਿਲ ਗਈ। ਐਰੀਅਲ ਨੂੰ ਮੁੜ ਸਿਟੀਜ਼ਨਸ਼ਿਪ ਹਾਸਲ ਕਰਨ ਵਾਸਤੇ ਹਜ਼ਾਰਾਂ ਡਾਲਰ ਖਰਚ ਕਰਨੇ ਪੈ ਸਕਦੇ ਹਨ।

Next Story
ਤਾਜ਼ਾ ਖਬਰਾਂ
Share it