ਅਮਰੀਕਾ ਵਿਚ ਘਰ ਉਤੇ ਡਿੱਗਿਆ ਹਵਾਈ ਜਹਾਜ਼, 2 ਹਲਾਕ
ਪੋਰਟਲੈਂਡ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਔਰੇਗਨ ਸੂਬੇ ਵਿਚ ਇਕ ਹਵਾਈ ਜਹਾਜ਼ ਘਰ ’ਤੇ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੋਰਟਲੈਂਡ ਤੋਂ 23 ਮੀਲ ਦੱਖਣ ਪੱਛਮ ਵੱਲੋਂ ਸਥਿਤ ਨਿਊ ਬਰਗ ਕਸਬੇ ਵਿਚ ਵਾਪਰੇ ਹਾਦਸੇ ਮਗਰੋਂ ਆਂਢ ਗੁਆਂਢ ਦੇ ਲੋਕ ਘਬਰਾਅ ਗਏ ਅਤੇ 911 ’ਤੇ ਕਾਲਾਂ […]
By : Hamdard Tv Admin
ਪੋਰਟਲੈਂਡ, 5 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਔਰੇਗਨ ਸੂਬੇ ਵਿਚ ਇਕ ਹਵਾਈ ਜਹਾਜ਼ ਘਰ ’ਤੇ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਪੋਰਟਲੈਂਡ ਤੋਂ 23 ਮੀਲ ਦੱਖਣ ਪੱਛਮ ਵੱਲੋਂ ਸਥਿਤ ਨਿਊ ਬਰਗ ਕਸਬੇ ਵਿਚ ਵਾਪਰੇ ਹਾਦਸੇ ਮਗਰੋਂ ਆਂਢ ਗੁਆਂਢ ਦੇ ਲੋਕ ਘਬਰਾਅ ਗਏ ਅਤੇ 911 ’ਤੇ ਕਾਲਾਂ ਦਾ ਹੜ੍ਹ ਆ ਗਿਆ। ਮੌਕੇ ’ਤੇ ਪੁੱਜੇ ਫਾਇਰਫਾਈਟਰਜ਼ ਨੇ ਦੱਸਿਆ ਕਿ ਹਵਾਈ ਜਹਾਜ਼ ਨੇ ਮਕਾਨ ਦੀ ਛੱਤ ਪਾੜ ਦਿਤੀ ਅਤੇ ਇਸ ਦੇ ਅਗਲਾ ਹਿੱਸਾ ਇਕ ਕਮਰੇ ਵਿਚੋਂ ਮਿਲਿਆ ਜਦਕਿ ਬਾਕੀ ਹਿੱਸਾ ਘਰ ਪਿੱਛੇ ਵਿਹੜੇ ਵਿਚ ਪਿਆ ਸੀ।
ਜਹਾਜ਼ ਵਿਚ ਸਵਾਰ ਦੋ ਜਣਿਆਂ ਵਿਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੂੰ ਹੈਲੀਕਾਪਟਰ ਰਾਹੀਂ ਪੋਰਟਲੈਂਡ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਉਹ ਵੀ ਦਮ ਤੋੜ ਗਿਆ। ਮਰਨ ਵਾਲਿਆਂ ਦੀ ਉਮਰ 20 ਸਾਲ ਅਤੇ 22 ਸਾਲ ਦੱਸੀ ਗਈ ਹੈ ਜਿਨ੍ਹਾਂ ਵਿਚੋਂ ਇਕ ਇਕ ਇੰਸਟ੍ਰਕਟਰ ਸੀ ਅਤੇ ਦੂਜਾ ਜਹਾਜ਼ ਉਡਾਉਣ ਦੀ ਸਿਖਲਾਈ ਲੈ ਰਿਹਾ ਸੀ। ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਹਾਦਸੇ ਵੇਲੇ ਘਰ ਦੇ ਅੰਦਰ ਕੋਈ ਨਹੀਂ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਘਰ ਵਿਚ ਕਈ ਲੋਕ ਮੌਜੂਦ ਸਨ ਜੋ ਘਰ ਦੇ ਦੂਜੇ ਹਿੱਸੇ ਵਿਚ ਹੋਣ ਕਾਰਨ ਬਚ ਗਏ।
ਹਵਾਈ ਜਹਾਜ਼ ਡਿੱਗਣ ਕਾਰਨ ਪੂਰਾ ਘਰ ਕੰਬ ਗਿਆ ਅਤੇ ਸਾਰੇ ਮੈਂਬਰ ਬਾਹਰ ਵੱਲ ਦੌੜੇ। ਇਸੇ ਦੌਰਾਨ ਘਰ ਦੇ ਇਕ ਮੈਂਬਰ ਦੇ ਮਾਮੂਲੀ ਸੱਟ ਲੱਗੀ ਅਤੇ ਬਾਕੀ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਨਿਕਲ ਗਏ। ਬੇਘਰ ਹੋਏ ਪਰਵਾਰ ਨੂੰ ਰੈਡ ਕਰਾਸ ਵਾਲਿਆਂ ਨੇ ਆਸਰਾ ਦਿਤਾ ਅਤੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਪੀੜਤ ਪਰਵਾਰ ਵੱਲੋਂ ਘਰ ਦਾ ਬੀਮਾ ਕਰਵਾਇਆ ਹੋਇਆ ਸੀ ਜਾਂਨਹੀਂ। ਉਧਰ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੀ ਵੀਡੀਓ ਇਕ ਸ਼ਖਸ ਨੇ ਆਪਣੇ ਫੋਨ ਵਿਚ ਰਿਕਾਰਡ ਕੀਤੀ।