‘1984 ਦਾ ਸਿੱਖ ਕਤਲੇਆਮ ਦੁਹਰਾਉਣ ਦੇ ਹੋ ਰਹੇ ਯਤਨ’
ਬਰੈਂਪਟਨ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਕਤਲੇਆਮ ਦੀ 40ਵੀਂ ਬਰਸੀ ਦੇ ਸਬੰਧ ਵਿਚ ਬਰੈਂਪਟਨ ਵਿਖੇ ਕਰਵਾਏ ਸਮਾਗਮ ਦੌਰਾਨ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ ਕਿ ਬਿਲਕੁਲ ਉਸੇ ਕਿਸਮ ਦਾ ਕਾਂਡ ਦੁਹਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਰੋਜ਼ ਥਿਏਟਰ ਵਿਖੇ ਇਕ ਹਜ਼ਾਰ ਦੇ ਇਕੱਠ ਵਿਚ ਉਹ ਲੋਕ ਵੀ ਸ਼ਾਮਲ ਹੋਏ ਜੋ 1984 ਵਿਚ ਦੰਗਾਈਆਂ ਤੋਂ […]
By : Editor Editor
ਬਰੈਂਪਟਨ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਸਿੱਖ ਕਤਲੇਆਮ ਦੀ 40ਵੀਂ ਬਰਸੀ ਦੇ ਸਬੰਧ ਵਿਚ ਬਰੈਂਪਟਨ ਵਿਖੇ ਕਰਵਾਏ ਸਮਾਗਮ ਦੌਰਾਨ ਡੂੰਘੀ ਚਿੰਤਾ ਜ਼ਾਹਰ ਕੀਤੀ ਗਈ ਕਿ ਬਿਲਕੁਲ ਉਸੇ ਕਿਸਮ ਦਾ ਕਾਂਡ ਦੁਹਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਰੋਜ਼ ਥਿਏਟਰ ਵਿਖੇ ਇਕ ਹਜ਼ਾਰ ਦੇ ਇਕੱਠ ਵਿਚ ਉਹ ਲੋਕ ਵੀ ਸ਼ਾਮਲ ਹੋਏ ਜੋ 1984 ਵਿਚ ਦੰਗਾਈਆਂ ਤੋਂ ਬਚ ਕੇ ਕੈਨੇਡਾ ਪੁੱਜੇ ਅਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਤਿੱਖਾ ਰੋਸ ਜ਼ਾਹਰ ਕੀਤਾ ਕਿ ਅੱਜ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਸਕਿਆ।
ਬਰੈਂਪਟਨ ਵਿਖੇ ਸਮਾਗਮ ਦੌਰਾਨ ਪ੍ਰਗਟਾਈ ਗਈ ਡੂੰਘੀ ਚਿੰਤਾ
ਬਰੈਂਪਟਨ ਈਸਟ ਤੋਂ ਸਾਬਕਾ ਵਿਧਾਇਕ ਗੁਰਰਤਨ ਸਿੰਘ ਨੇ ਸਮਾਗਮ ਦੌਰਾਨ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਅਪੀਲ ਕਰਦੀ ਇਕ ਪਟੀਸ਼ਨ ਐਨ.ਡੀ.ਪੀ. ਵੱਲੋਂ ਆਰੰਭੀ ਗਈ ਹੈ ਜਿਸ ਉਤੇ ਵਧ-ਚੜ੍ਹ ਕੇ ਦਸਤਖਤ ਕੀਤੇ ਜਾਣ। ਸੀ.ਬੀ.ਸੀ. ਵੱਲੋਂ ਐਨ.ਡੀ.ਪੀ. ਦੀ ਪਟੀਸ਼ਨ ਬਾਰੇ ਫੈਡਰਲ ਸਰਕਾਰ ਤੋਂ ਟਿੱਪਣੀ ਹਾਸਲ ਕਰਨ ਦਾ ਯਤਨ ਕੀਤਾ ਗਿਆ ਪਰ ਕੋਈ ਹੁੰਗਾਰਾ ਨਾ ਮਿਲ ਸਕਿਆ। ਦੂਜੇ ਪਾਸੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਖਿਆ ਕਿ ਸਰੀ ਦੇ ਗੁਰਦਵਾਰਾ ਸਾਹਿਬ ਵਿਚ ਹਰਦੀਪ ਸਿੰਘ ਨਿੱਜਰ ਦਾ ਕਤਲ ਸਿੱਖਾਂ ਨੂੰ ਸੁਚੇਤ ਹੋਣ ਦਾ ਸੱਦਾ ਦੇ ਰਿਹਾ ਹੈ ਅਤੇ ਜੇ ਹੁਣ ਵੀ ਨਾ ਜਾਗੇ ਤਾਂ ਪਤਾ ਨਹੀਂ ਉਹ ਸਮਾਂ ਕਦੋਂ ਆਵੇਗਾ। ਸਿੱਖ ਕਤਲੇਆਮ ਵੇਲੇ ਮਨਦੀਪ ਸਿੰਘ ਦੀ ਉਮਰ ਸਿਰਫ ਸੱਤ ਸਾਲ ਸੀ ਅਤੇ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਉਹ ਆਪਣੇ ਪਰਵਾਰਕ ਮੈਂਬਰਾਂ ਨਾਲ ਟੋਰਾਟੋ ਦੇ ਗੁਰਦਵਾਰਾ ਸਾਹਿਬ ਜਾਂਦੇ ਸਨ ਤਾਂਕਿ ਭਾਰਤ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਬਾਰੇ ਕੁਝ ਪਤਾ ਲੱਗ ਸਕੇ।
ਐਨ.ਡੀ.ਪੀ. ਵੱਲੋਂ ਕਤਲੇਆਮ ਨੂੰ ‘ਸਿੱਖ ਨਸਲਕੁਸ਼ੀ’ ਕਰਾਰ ਦੇਣ ਲਈ ਪਟੀਸ਼ਨ ਆਰੰਭ
ਮਨਦੀਪ ਸਿੰਘ ਮੁਤਾਬਕ ਇਹ ਸਿਲਸਿਲਾ ਕਈ ਮਹੀਨੇ ਜਾਰੀ ਰਿਹਾ ਜੋ ਕਿਸੇ ਅੰਤਮ ਸਸਕਾਰ ’ਤੇ ਜਾਣ ਤੋਂ ਘੱਟ ਦੁਖਦਾਈ ਨਹੀਂ ਸੀ ਹੁੰਦਾ। ਇਕ ਸੇਵਾ ਮੁਕਤ ਭਾਰਤੀ ਜੱਜ ਵੱਲੋਂ ਤਿਆਰ ਰਿਪੋਰਟ ਮੁਤਾਬਕ ਸਿੱਖ ਕਤਲੇਆਮ ਦੌਰਾਨ 2,800 ਲੋਕਾਂ ਦੀ ਜਾਨ ਗਈ ਜਦਕਿ ਅਸਲ ਅੰਕੜਾ ਕਿਤੇ ਜ਼ਿਆਦਾ ਮੰਨਿਆ ਜਾਂਦਾ ਹੈ। ਜਸਟਿਨ ਗਿਰੀਸ਼ ਠਕੁਰਾਲ ਨਾਨਾਵਤੀ ਨੇ ਆਪਣੀ ਰਿਪੋਰਟ ਵਿਚ ਲਿਖਿਆ ਸੀ ਕਿ ਸਿੱਖ ਦਾ ਮੰਨਣਾ ਹੈ ਕਿ ਉਨ੍ਹਾਂ ਉਤੇ ਹੋਏ ਹਮਲੇ ਕਾਂਗਰਸ ਅਤੇ ਇਸ ਦੇ ਹਮਾਇਤੀਆਂ ਵੱਲੋਂ ਕੀਤੇ ਗਏ। ਸੀ.ਬੀ.ਸੀ. ਵੱਲੋਂ ਸਮਾਗਮ ਦੌਰਾਨ ਹੋਈਆਂ ਟਿੱਪਣੀਆਂ ਬਾਰੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਤੋਂ ਹੁੰਗਾਰਾ ਮੰਗਿਆ ਗਿਆ ਪਰ ਕੋਈ ਟਿੱਪਣੀ ਹਾਸਲ ਨਾ ਹੋ ਸਕੀ। ਸਿੱਖ ਕਤਲੇਆਮ ਦੌਰਾਨ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ ਸਤਪਾਲ ਸਿੰਘ ਸਮਾਗਮ ਵਿਚ ਪੁੱਜੇ ਤਾਂ ਸਭਨਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਤਿਕਾਰ ਕੀਤਾ। ਸਤਪਾਲ ਸਿੰਘ ਨੇ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ, ‘‘ਕਿਸੇ ਨੇ ਮੇਰੀ ਪੱਗ ਖਿੱਚ ਦਿਤੀ ਅਤੇ ਮੇਰੇ ਕੇਸਾਂ ਤੋਂ ਫੜ ਕੇ ਮੈਨੂੰ ਘੜੀਸਿਆ ਜਾਣ ਲੱਗਾ। ਮੇਰੇ ਸਰੀਰ ਦੇ ਹਰ ਹਿੱਸੇ ’ਤੇ ਵਾਰ ਹੋ ਰਹੇ ਸਨ।’’ ਸਤਪਾਲ ਸਿੰਘ ਨੇ ਅੱਗੇ ਕਿਹਾ ਕਿ ਉਹ ਕਿਸੇ ਤਰ੍ਹਾਂ ਭੀੜ ਦੇ ਚੁੰਗਲ ਵਿਚੋਂ ਨਿਕਲ ਗਏ ਅਤੇ ਇਕ ਫੌਜੀ ਕੈਂਪ ਤੱਕ ਪੁੱਜਣ ਵਿਚ ਸਫਲ ਰਹੇ। ਖਾਲਸਾ ਏਡ ਦੇ ਰਵੀ ਸਿੰਘ ਮੁਤਾਬਕ ਉਨ੍ਹਾਂ ਨੇ ਆਪਣਾ ਭਰਾ ਗੁਆ ਦਿਤਾ ਜਿਸ ਨੂੰ ਪੁਲਿਸ ਵੱਲੋਂ ਗੋਲੀ ਮਾਰੀ ਗਈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਬਰੈਂਪਟਨ ਸ਼ਹਿਰ ਵਿਚ 1 ਲੱਖ 60 ਹਜ਼ਾਰ ਤੋਂ ਵੱਧ ਸਿੱਖ ਵਸਦੇ ਹਨ।